ਵਿਜੇਂਦਰ ਨੇ ਸਨਾਈਡਰ ਨੂੰ ਕੀਤਾ ਚਿੱਤ

ਭਾਰਤੀ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਅਮਰੀਕੀ ਪ੍ਰੋਫੈਸ਼ਨਲ ਸਰਕਟ ਵਿੱਚ ਪਹਿਲੀ ਵਾਰ ਉੱਤਰਦਿਆਂ ਆਪਣੇ ਤੋਂ ਵੱਧ ਅਨੁਭਵੀ ਮਾਈਕ ਸਨਾਈਡਰ ’ਤੇ ਤਕਨੀਕੀ ਨਾਕ-ਆਊਟ ਰਾਹੀਂ ਜਿੱਤ ਹਾਸਲ ਕੀਤੀ। ਪੂਰੀ ਰਾਤ (ਸ਼ਨਿੱਚਰਵਾਰ ਰਾਤ ਅਤੇ ਐਤਵਾਰ ਸਵੇਰ ਤੱਕ) ਚੱਲੀ ਅੱਠ ਗੇੜ ਦੀ ਸੁਪਰ ਮਿਡਲਵੇਟ ਬਾਊਟ ਵਿੱਚ ਹਰਿਆਣਾ ਦੇ 33 ਸਾਲ ਦੇ ਮੁੱਕੇਬਾਜ਼ ਨੇ ਚਾਰ ਰਾਊਂਡ ਵਿੱਚ ਦਬਦਬਾ ਬਣਾ ਕੇ ਪ੍ਰੋਫ਼ੈਸ਼ਨਲ ਸਰਕਟ ਵਿੱਚ ਲਗਾਤਾਰ 11ਵੀਂ ਜਿੱਤ ਦਰਜ ਕੀਤੀ। ਵਿਜੇਂਦਰ ਨੇ ਬਾਊਟ ਜਿੱਤਣ ਮਗਰੋਂ ਕਿਹਾ, ‘‘ਲੰਮੇ ਸਮੇਂ ਮਗਰੋਂ ਰਿੰਗ ਵਿੱਚ ਵਾਪਸੀ ਕਰਨਾ ਸ਼ਾਨਦਾਰ ਹੈ। ਇੱਥੇ ਅਮਰੀਕਾ ਵਿੱਚ ਆਉਣਾ ਅਤੇ ਜਿੱਤ ਹਾਸਲ ਕਰਨਾ ਬਹੁਤ ਵਧੀਆ ਰਿਹਾ। ਇਹ ਸਚਮੁੱਚ ਕਾਫ਼ੀ ਰੋਮਾਂਚਕ ਸੀ। ਮੈਂ ਅਮਰੀਕਾ ਵਿੱਚ ਪਲੇਠੀ ਜਿੱਤ ਦਰਜ ਕਰਕੇ ਬਹੁਤ ਖ਼ੁਸ਼ ਹਾਂ।’’ ਇਹ ਜਿੱਤ ਵਿਜੇਂਦਰ ਨੂੰ ਚੌਥੇ ਗੇੜ ਦੇ ਦੂਜੇ ਮਿੰਟ ਵਿੱਚ ਸਨਾਈਡਰ ’ਤੇ ਲਗਾਤਾਰ ਕੀਤੇ ਸਿੱਧੇ ਪੰਚਾਂ ਦੇ ਵਾਰ ਕਾਰਨ ਮਿਲੀ। ਇਸ ਤਰ੍ਹਾਂ ਰੈਫਰੀ ਨੂੰ ਬਾਊਟ ਇਸ ਭਾਰਤੀ ਮੁੱਕੇਬਾਜ਼ ਦੇ ਹੱਕ ਵਿੱਚ ਕਰਨ ਲਈ ਮਜ਼ਬੂਰ ਹੋਣਾ ਪਿਆ। ਵਿਜੇਂਦਰ ਨੇ ਕਿਹਾ, ‘‘ਮੈਨੂੰ ਦਬਦਬਾ ਬਣਾਉਣ ਵਿੱਚ ਚਾਰ ਰਾਊਂਡ ਲੱਗੇ। ਮੈਂ ਦੋ ਜਾਂ ਤਿੰਨ ਰਾਊਂਡ ਦੀ ਉਮੀਦ ਕੀਤੀ ਸੀ, ਪਰ ਮੈਨੂੰ ਇਸ ਵਿੱਚ ਚਾਰ ਰਾਊਂਡ ਲੱਗ ਗਏ। ਮੈਨੂੰ ਚੰਗਾ ਲੱਗਿਆ।’’ ਇਹ ਵਿਜੇਂਦਰ ਦੀ ਅੱਠਵੀਂ ਨਾਕ-ਆਊਟ ਜਿੱਤ ਹੈ। ਪੂਰੀ ਬਾਊਟ ਦੌਰਾਨ 38 ਸਾਲ ਦੇ ਸਨਾਈਡਰ ਦੇ ਪੰਚਾਂ ਵਿੱਚ ਪੂਰੀ ਮਜ਼ਬੂਤੀ ਨਹੀਂ ਜਾਪੀ, ਜਦਕਿ ਇੱਕ ਸਾਲ ਤੋਂ ਵੱਧ ਸਮੇਂ ਮਗਰੋਂ ਵਾਪਸੀ ਕਰ ਰਹੇ ਵਿਜੇਂਦਰ ਦੇ ਪੰਚ ਕਾਫ਼ੀ ਸਹੀ ਅਤੇ ਮਜ਼ਬੂਤ ਸਨ। ਸਥਾਨਕ ਮਜ਼ਬੂਤ ਦਾਅਵੇਦਾਰ ਵੱਲੋਂ ਮਜ਼ਬੂਤ ਚੁਣੌਤੀ ਨਾ ਮਿਲਣ ਕਾਰਨ ਵਿਜੇਂਦਰ ਨੇ ਸਨਾਈਡਰ ਨੂੰ ਆਸਾਨੀ ਨਾਲ ਰੋਕ ਦਿੱਤਾ। ਸਨਾਈਡਰ ਦੀ ਜਿੱਤ ਦਾ ਰਿਕਾਰਡ 13-5-3 ਹੈ। ਸਾਬਕਾ ਡਬਲਯੂਬੀਓ ਏਸ਼ੀਆ ਪੈਸੀਫ਼ਿਕ ਚੈਂਪੀਅਨ ਵਿਜੇਂਦਰ ਹਾਲ ਹੀ ਵਿੱਚ ਦੱਖਣੀ ਦਿੱਲੀ ਦੀ ਸੀਟ ਤੋਂ ਆਮ ਚੋਣਾਂ ਲੜਿਆ ਸੀ, ਜਿਸ ਵਿੱਚ ਉਸ ਨੂੰ ਹਾਰ ਮਿਲੀ ਸੀ।ਹਾਲ ਆਫ ਫੇਮ ਬਾਬ ਐਰੁਮ ਦੇ ਟੌਮ ਰੈਂਕ ਪ੍ਰੋਮੋਸ਼ਨਜ਼ ਨਾਲ ਸਮਝੌਤਾ ਕਰਨ ਮਗਰੋਂ ਵਿਜੇਂਦਰ ਇਸ ਸਾਲ ਦੋ ਹੋਰ ਫਾਈਟਸ ਵਿੱਚ ਹਿੱਸਾ ਲੈਣਾ ਚਾਹੁੰਦਾ ਹੈ। ਵਿਜੇਂਦਰ ਸਾਲ 2015 ਵਿੱਚ ਪ੍ਰੋਫੈਸ਼ਨਲ ਬੌਕਸਿੰਗ ਵਿੱਚ ਉਤਰਨ ਮਗਰੋਂ ਬ੍ਰਿਟਿਸ਼ ਟਰੇਨਰ ਲੀ ਬੀਅਰਡ ਤੋਂ ਸਿਖਲਾਈ ਲੈ ਰਿਹਾ ਹੈ।