ਵਿਕਾਸ ਦੂਬੇ ਦਾ ਕਿਰਦਾਰ ਨਿਭਾਊਣ ਲਈ ਤਿਆਰ ਮਨੋਜ ਬਾਜਪਾਈ

ਮੁੰਬਈ (ਸਮਾਜਵੀਕਲੀ) :  ਅਦਾਕਾਰ ਮਨੋਜ ਬਾਜਪਾਈ ਨੇ ਅੱਜ ਕਿਹਾ ਕਿ ਉਹ ਯੂਪੀ ਦੇ ਗੈਂਗਸਟਰ ਵਿਕਾਸ ਦੂਬੇ ਦਾ ਕਿਰਦਾਰ ਨਿਭਾਉਣ ਲਈ ਤਿਆਰ ਹੈ। ਅਦਾਕਾਰ ਨੇ ਕਿਹਾ ਕਿ ਗੈਂਗਸਟਰ ਦੀ ਨਾਟਕੀ ਜ਼ਿੰਦਗੀ ਨੂੰ ਵੱਡੇ ਪਰਦੇ ’ਤੇ ਊਤਾਰਨਾ ਦਿਲਚਸਪ ਹੋਵੇਗਾ।

ਅੱਜ ਕਥਿਤ ਮੁਕਾਬਲੇ ਵਿੱਚ ਮਾਰੇ ਗਏ ਭਿਆਨਕ ਗੈਂਗਸਟਰ ਬਾਰੇ ਖ਼ਬਰ ਫੈਲਣ ਮਗਰੋਂ ਇੰਟਰਨੈੱਟ ਵਰਤੋਕਾਰਾਂ ਨੇ ਇਸ ਬਾਰੇ ਬਾਲੀਵੁੱਡ ਫਿਲਮ ਦੀ ਸੰਭਾਵਨਾ ’ਤੇ ਚਰਚਾ ਸ਼ੁਰੂ ਕਰ ਦਿੱਤੀ ਹੈ। ਨਿਰਮਾਤਾ ਸੰਦੀਪ ਕਪੂਰ ਨੇ ਸੁਝਾਅ ਦਿੱਤਾ ਕਿ ਮਨੋਜ ਬਾਜਪਾਈ ਨੂੰ ਗੈਂਗਸਟਰ ਦੀ ਮੁੱਖ ਭੂਮਿਕਾ ਵਿੱਚ ਲੈ ਕੇ ਫਿਲਮ ਬਣਨੀ ਚਾਹੀਦੀ ਹੈ।

ਕਪੂਰ ਨੇ ਟਵੀਟ ਕੀਤਾ, ‘‘ਅੱਜ ਮੁਕਾਬਲੇ ਵਿੱਚ ਜੋ ਹੋਇਆ, ਊਹ ਫਿਲਮੀ ਅਤੇ ਨਾਟਕੀ ਤਜਰਬੇ ਤੋਂ ਪਰ੍ਹੇ ਹੈ। ਮਨੋਜ ਬਾਜਪਾਈ ਆਪਣੀ ਅਗਲੀ ਫਿਲਮ ਵਿੱਚ ਵਿਕਾਸ ਦੂਬੇ ਦਾ ਕਿਰਦਾਰ ਨਿਭਾਊਣ ਬਾਰੇ ਕੀ ਵਿਚਾਰ ਹੈ? ਤੁਸੀਂ ਬਹੁਤ ਵਧੀਆ ਨਿਭਾਊਗੇ।’ ਜਵਾਬ ਵਿੱਚ ਮਨੋਜ ਬਾਜਪਾਈ ਨੇ ਲਿਖਿਆ, ‘‘ਮੈਂ ਸੁਣ ਰਿਹਾ ਹਾਂ ਕਿ ਬਹੁਤ ਸਾਰੇ ਲੋਕ ਮੇਰੇ ਬਾਰੇ ਊਸ ਭੂਮਿਕਾ ਸਬੰਧੀ ਚਰਚਾ ਕਰ ਰਹੇ ਹਨ। ਜੇਕਰ ਕਿਰਦਾਰ ਅਤੇ ਕਹਾਣੀ ਚੰਗੀ ਹੋਵੇ, ਤਾਂ ਕਿਸੇ ਦੀ ਵੀ ਅਸਲ ਜ਼ਿੰਦਗੀ ਦੇ ਕਿਰਦਾਰ ਨੂੰ ਨਿਭਾਊਣਾ ਮਜ਼ੇਦਾਰ ਹੋਵੇਗਾ।’