ਵਿਕਾਸ ਦੂਬੇ: ਗ੍ਰਿਫ਼ਤਾਰੀ ਤੋਂ ਬਾਅਦ ਕਾਨਪੁਰ ਲਿਆਂਦੇ ਹੋਏ ਐਨਕਾਊਂਟਰ ਵਿੱਚ ਮੌਤ- ਪੁਲਿਸ ਦਾ ਦਾਅਵਾ

(ਸਮਾਜਵੀਕਲੀ) :  8 ਪੁਲਿਸਵਾਲਿਆਂ ਦੀ ਜਾਨ ਲੈਣ ਵਾਲਾ ਖਤਰਨਾਕ ਗੈਂਗਸਟਰ ਵਿਕਾਸ ਦੂਬੇ ਅੱਜ ਐਨਕਾਊਂਟਰ ਵਿਚ ਮਾਰਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਵਿਕਾਸ ਦੂਬੇ ਨੂੰ ਜਦੋਂ ਯੂਪੀ ਐਸਟੀਐਫ ਮੁੱਧ ਪ੍ਰਦੇਸ਼ ਦੇ ਉਜੈਨ ਤੋਂ ਕਾਨਪੁਰ ਲਿਆ ਰਹੀ ਸੀ ਤਾਂ ਐਸਟੀਐਫ ਦੇ ਕਾਫਿਲੇ ਵਿਚ ਚੱਲ ਰਹੀ ਗੱਡੀ ਜਿਸ ਵਿਚ ਵਿਕਾਸ ਦੂਬੇ ਸਵਾਰ ਸੀ, ਉਹ ਪਲਟ ਗਈ ਸੀ ਇਸ ਤੋਂ ਬਾਅਦ ਵਿਕਾਸ ਦੂਬੇ ਬਾਹਰ ਨਿਕਲਿਆ ਅਤੇ ਜਖ਼ਮੀ ਪੁਲਿਸਵਾਲਿਆਂ ਦੀ ਪਿਸਟਲ ਖੋਹ ਕੇ ਭੱਜਣ ਲੱਗਿਆ। ਉਦੋਂ ਹੀ ਐਸਟੀਐਫ ਦੇ ਜਵਾਨਾਂ ਨੇ ਮੋਰਚਾ ਸੰਭਾਲ ਲਿਆ।

ਐਸਟੀਐਫ ਨੇ ਕਈ ਵਾਰ ਉਸ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਪਰ ਉਸਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆ ਅਤੇ ਐਸਟੀਐਫ ਦੀ ਜਵਾਬੀ ਕਾਰਵਾਈ ਵਿਚ ਦੂਬੇ ਦੀ ਛਾਤੀ ਅਤੇ ਕਮਰ ਵਿਚ ਗੋਲੀ ਲੱਗੀ ਅਤੇ ਗੰਭੀਰ ਰੂਪ ਨਾਲ ਜ਼ਖ਼ਮੀ ਵਿਕਾਸ ਦੂਬੇ ਦੀ ਮੌਤ ਹੋ ਗਈ।

ਦਰਅਸਲ ਕਾਨਪੁਰ ਸ਼ੂਟਆਊਟ ਮਗਰੋਂ ਇਕ ਹਫਤੇ ਤੋਂ ਫਰਾਰ ਚੱਲ ਰਹੇ ਵਿਕਾਸ ਦੂਬੇ ਨੂੰ ਬੀਤੇ ਵੀਰਵਾਰ ਮੱਧ ਪ੍ਰਦੇਸ਼ ਦੇ ਉਜੈਨ ਸਥਿਤ ਮਹਾਕਾਲੇਸ਼ਵਰ ਮੰਦਰ ਤੋਂ ਗਿਰਫਤਾਰ ਕੀਤਾ ਗਿਆ ਸੀ ਅਤੇ ਮੱਧ ਪ੍ਰਦੇਸ਼ ਪੁਲਿਸ ਨੇ ਵਿਕਾਸ ਨੂੰ ਯੂਪੀ ਪੁਲਿਸ ਦੇ ਹਵਾਏ ਕਰ ਦਿੱਤਾ ਸੀ। ਜ਼ਾਹਰ ਹੈ ਕਿ ਵਿਕਾਸ ਦੂਬੇ ਨੂੰ ਹਿਰਾਸਤ ਵਿਚ ਲੈਣ ਮਗਰੋਂ ਪੁੱਛਗਿੱਛ ਦੌਰਾਨ ਉਸ ਦੇ ਰਾਜੀਨਿਤਕ ਹਸਤੀਆਂ ਦੇ ਨਾਲ ਸੰਬੰਧਾਂ ਦੇ ਖੁਲਾਸੇ , ਪੁਲਿਸ ਵਿਭਾਗ ਦੇ ਲੋਕਾਂ ਨਾਲ ਕੁਨੈਕਸ਼ਨਾਂ ਅਤੇ ਹੁਣ ਤੱਕ ਉਸ ਨੂੰ ਮਹਿਫੂਜ਼ ਰੱਖਣ ਵਾਲਿਆਂ ਦੇ ਨਾਮ ਸਾਹਮਣੇ ਆਉਣ ਸਨ ਜੋ ਕਿ ਹੁਣ ਵਿਕਾਸ ਦੀ ਮੌਤ ਤੋਂ ਬਾਅਦ ਹਮੇਸ਼ਾ ਲਈ ਮਿੱਟੀ ਵਿਚ ਦਫ਼ਨ ਹੁੰਦੇ ਜਾਪਦੇ ਹਨ।

ਵਿਕਾਸ ਦੂਬੇ ਪਿਛਲੇ 25 ਤੋਂ 30 ਸਾਲਾਂ ਤੱਕ ਯੂਪੀ ਦੀਆਂ ਮੁੱਖ ਰਾਜਨੀਤਿਕ ਪਾਰਟੀਆਂ ਦੇ ਨਾਲ ਰਿਹਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਉਸ ਨੇ 15 ਸਾਲ ਬਸਪਾ(ਬਹੁਜਨ ਸਮਾਜਵਾਦੀ ਪਾਰਟੀ), 5 ਸਾਲ ਭਾਜਪਾ ਅਤੇ 5 ਸਾਲ ਸਮਾਜਵਾਦੀ ਪਾਰਟੀ ਨੂੰ ਸਮੇਂ-ਸਮੇਂ ਉੱਤੇ ਆਪਣਾ ਸਮੱਰਥਨ ਦਿੱਤਾ ਹੈ। ਉਹ ਰਾਜਨੀਤਿਕ ਪਾਰਟੀਆਂ ਨਾਲ ਸੰਤੁਲਨ ਬਣਾ ਕੇ ਚੱਲਦਾ ਸੀ।

ਦੱਸਿਆ ਜਾ ਰਿਹਾ ਹੈ ਕਿ ਰਾਜਨੀਤਿਕ ਹੱਥ ਸਿਰ ਉੱਤੇ ਹੋਣ ਦੌਰਾਨ ਉਸਨੇ ਯੂਪੀ ਦੇ ਬਿਲਹੌਰ, ਸ਼ਿਵਰਾਜਪੁਰ, ਰਣੀਆ, ਚੌਬੇਪੁਰ ਅਤੇ ਕਾਨਪੁਰ ਨਗਰ ਵਿਚ ਆਪਣਾ ਸਿੱਕਾ ਕਾਇਮ ਕੀਤਾ ਸੀ। ਸਾਲ 2001 ਵਿਚ ਰਾਜਨਾਥ ਸਿੰਘ ਦੀ ਸਰਕਾਰ ਵੇਲੇ ਵਿਕਾਸ ਦੂਬੇ ਨੇ ਯੂਪੀ ਦੇ ਦਰਜਾ ਪ੍ਰਾਪਤ ਮੰਤਰੀ ਸੰਤੋਸ਼ ਸ਼ੁਕਲਾ ਦੀ ਥਾਣੇ ਵਿਚ ਦਾਖਲ ਹੋ ਕੇ ਹੱਤਿਆ ਕਰ ਦਿੱਤੀ ਸੀ ਪਰ ਸਬੂਤਾਂ ਦੀ ਘਾਟ ਕਾਰਨ ਉਹ ਕੋਰਟ ਵਿਚੋਂ ਬਰੀ ਹੋ ਗਿਆ ਸੀ।

ਵਿਕਾਸ ਦੂਬੇ ਉੱਤੇ 60 ਤੋਂ ਵੱਧ ਮੁੱਕਦਮੇ ਦਰਜ ਸਨ ਪਰ ਫਿਰ ਵੀ ਯੂਪੀ ਵਿਚ ਉਸਦਾ ਨਾਮ ਮਾਸਟ ਵਾਂਟੇਡ ਗੈਂਗਸਟਰਾਂ ਦੀ ਲਿਸਟ ਵਿਚ ਸ਼ਾਮਲ ਨਹੀਂ ਸੀ ਜੋ ਕਿ ਪਿਛਲੇ ਅਤੇ ਵਰਤਮਾਨ ਸਰਕਾਰ ਉੱਤੇ ਵੀ ਕਈਂ ਤਰ੍ਹਾ ਦੇ ਸਵਾਲ ਖੜ੍ਹੇ ਕਰਦਾ ਹੈ। ਪੁਲਿਸ ਵਿਭਾਗ ਵਿਚ ਵੀ ਵਿਕਾਸ ਦੇ ਮੁਖਬਿਰ ਸਨ ਜਿਸ ਗੱਲ ਦਾ ਅੰਦਾਜ਼ਾ ਇੱਥੋਂ ਹੀ ਲਗਾਇਆ ਜਾ ਸਕਦਾ ਹੈ ਕਿ ਕਿ ਜਦੋਂ 2 ਜੁਲਾਈ ਦੀ ਰਾਤ ਨੂੰ ਕਾਨਪੁਰ ਦੇਹਾਤ ਦੇ ਚੌਬੇਪੂਰ ਥਾਣਾ ਇਲਾਕੇ ਅਧੀਨ ਪੈਂਦੇ ਬਿਕਰੂ ਪਿੰਡ ਵਿਚ ਪੁਲਿਸ ਵਿਕਾਸ ਦੂਬੇ ਦੇ ਘਰ ਰੇਡ ਕਰਨ ਗਈ ਸੀ ਤਾਂ ਉਸ ਨੂੰ ਪੁਲਿਸ ਦੇ ਆਉਣ ਦੀ ਜਾਣਕਾਰੀ ਪਹਿਲਾਂ ਹੀ ਮਿਲ ਗਈ ਸੀ ਜਿਸ ਤੋਂ ਬਾਅਦ ਉਸਨੇ ਆਪਣੇ ਹਥਿਆਰਬੰਦ ਸਾਥੀਆਂ ਬੁਲਾ ਕੇ ਰੇਡ ਕਰਨ ਆਈ ਪੁਲਿਸ ਉੱਤੇ ਫਾਇਰਿੰਗ ਕਰ ਦਿੱਤੀ ਸੀ।

ਇਸ ਦੌਰਾਨ ਇਕ ਡੀਐਸਪੀ ਸਮੇਤ 8 ਪੁਲਿਸਕਰਮੀ ਸ਼ਹੀਦ ਹੋ ਗਏ ਸਨ। ਮੁਖਬਿਰੀ ਕਰਨ ਦੇ ਸ਼ੱਕ ਵਿਚ ਚੌਬੇਪੁਰ ਪੁਲਿਸ ਥਾਣੇ ‘ਚ ਤਾਇਨਾਤ ਸਾਰੇ ਮੁਲਾਜ਼ਮਾਂ ਦਾ ਬਦਲੀ ਕਰ ਦਿੱਤੀ ਗਈ ਹੈ। ਜਦਕਿ ਥਾਣਾ ਇੰਚਾਰਜ ਨੂੰ ਪੁਲਿਸ ਦੇ ਰੇਡ ਕਰਨ ਦੀ ਜਾਣਕਾਰੀ ਵਿਕਾਸ ਨੂੰ ਦੇਣ ਦੇ ਆਰੋਪ ਵਿਚ ਗਿਰਫਤਾਰ ਕੀਤਾ ਗਿਆ ਹੈ।