‘ਵਿਆਹ ਮਗਰੋਂ ਨਿੱਜਤਾ ਦਾ ਅਧਿਕਾਰ ਖ਼ਤਮ ਨਹੀਂ ਹੁੰਦਾ’

ਚੰਡੀਗੜ੍ਹ (ਸਮਾਜਵੀਕਲੀ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਸਪੱਸ਼ਟ ਕੀਤਾ ਕਿ ਵਿਆਹ ਕਰਾਉਣ ਮਗਰੋਂ ਪਤੀ/ਪਤਨੀ ਦਾ ਨਿੱਜਤਾ ਦਾ ਅਧਿਕਾਰ ਖ਼ਤਮ ਨਹੀਂ ਹੋ ਜਾਂਦਾ; ਅਤੇ ਨਾ ਹੀ ਵਿਆਹ ਹੋ ਜਾਣ ਨਾਲ ਪਤੀ ਨੂੰ ਆਪਣੀ ਪਤਨੀ ਨਾਲ ਕੀਤੀ ਨਿੱਜੀ ਗੱਲਬਾਤ ਰਿਕਾਰਡ ਕਰਨ ਦਾ ਹੱਕ ਮਿਲਦਾ ਹੈ। ਸਗੋਂ ਗੁਪਤ ਢੰਗ ਨਾਲ ਰਿਕਾਰਡ ਕੀਤੀ ਗੱਲਬਾਤ ਨਾਲ ਨਿੱਜਤਾ ਦੇ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਰੁਣ ਮੋਂਗਾ ਨੇ ਕੇਸ ਦਾ ਫ਼ੈਸਲਾ ਸੁਣਾਉਣ ਮੌਕੇ ਕਿਹਾ, ‘‘ਪਤੀ ਵਲੋਂ ਆਪਣੀ ਪਤਨੀ ਨਾਲ ਕੀਤੀ ਗੱਲਬਾਤ ਨੂੰ ਗੁਪਤ ਢੰਗ ਨਾਲ ਰਿਕਾਰਡ ਕਰਨਾ ਨਿੱਜਤਾ ਦੀ ਉਲੰਘਣਾ ਹੈ ਅਤੇ ਇਸ ਨੂੰ ਸਰਾਹਿਆ ਨਹੀਂ ਜਾ ਸਕਦਾ।’’ ਅਦਾਲਤ ਨੇ ਇਹ ਆਦੇਸ਼ ਚਾਰ ਵਰ੍ਹਿਆਂ ਦੀ ਬੱਚੀ ਦੀ ਸਪੁਰਦਗੀ ਲੈਣ ਲਈ ਉਸ ਦੀ ਮਾਂ ਵਲੋਂ ਦਾਇਰ ਕੀਤੀ ਪਟੀਸ਼ਨ ’ਤੇ ਦਿੱਤੇ। ਬੱਚੀ ਦੀ ਮਾਂ ਦੀ ਵਕੀਲ ਦਿਵਿਆਜੋਤ ਸੰਧੂ ਨੇ ਸੁਣਵਾਈ ਦੌਰਾਨ ਕਿਹਾ ਕਿ ਨਾਬਾਲਗ ਬੱਚੀ ਦੀ ਏਨੀ ਛੋਟੀ ਉਮਰ ਵਿੱਚ ਪਿਤਾ ਵਲੋਂ ਸਪੁਰਦਗੀ ਲੈਣਾ ‘ਲਾਜ਼ਮੀ ਤੌਰ ’ਤੇ ਗੈਰਕਾਨੂੰਨੀ’ ਹੈ।

ਦੂਜੇ ਪਾਸੇ, ਬੱਚੀ ਦੇ ਪਿਤਾ ਨੇ ਆਪਣੀ ਪਤਨੀ ਦੇ ਬੀਤੇ ਸਮੇਂ ਦੌਰਾਨ ਕੀਤੇ ਦੁਰਵਿਹਾਰ ਦਾ ਹਵਾਲਾ ਦਿੰਦਿਆਂ ਟੈਲੀਫੋਨ ’ਤੇ ਰਿਕਾਰਡ ਕੀਤੀ ਗੱਲਬਾਤ ਸੁਣਾਈ। ਇਸ ’ਤੇ ਜਸਟਿਸ ਮੋਂਗਾ ਨੇ ਕਿਹਾ ਕਿ ਇਹ ਗੱਲਬਾਤ ‘ਲੁਕੋ ਕੇ ਰਿਕਾਰਡ’ ਕੀਤੀ ਗਈ ਹੈ। ਰਿਕਾਰਡ ਕੀਤੀ ਨਿੱਜੀ ਗੱਲਬਾਤ ਦੇ ਵਧੇਰੇ ਵੇਰਵਿਆਂ ਵਿੱਚ ਨਾ ਜਾਂਦਿਆਂ ਜਸਟਿਸ ਮੋਂਗਾ ਨੇ ਕਿਹਾ ਕਿ ਪਤੀ ਨੇ ਪਹਿਲਾਂ ਪਟੀਸ਼ਨਰ (ਪਤਨੀ) ਨੂੰ ਉਕਸਾਉਣ ਲਈ ਸਥਿਤੀ ਬਣਾਈ ਤਾਂ ਜੋ ਉਹ (ਪਤਨੀ) ਉਹੀ ਬੋਲੇ, ਜੋ ਉਹ ਸੁਣਨਾ ਚਾਹੁੰਦਾ ਸੀ।

ਇਸ ਗੱਲਬਾਤ ਨੂੰ ਪਤੀ ਨੇ ਰਿਕਾਰਡ ਕਰ ਲਿਆ ਤਾਂ ਜੋ ਉਹ ਇਸ ਰਿਕਾਰਡਿੰਗ ਨੂੰ ਨਾ ਕੇਵਲ ਆਪਣੀ ਪਤਨੀ ਨੂੰ ਨੀਚਾ ਦਿਖਾਉਣ ਲਈ ਸਬੂਤ ਵਜੋਂ ਵਰਤ ਸਕੇ ਬਲਕਿ ਇਹ ਵੀ ਸਾਬਤ ਕਰ ਸਕੇ ਕਿ ਉਹ ਜ਼ਿੱਦੀ ਅਤੇ ਗੁਸੈਲ ਹੈ। ਜਸਟਿਸ ਮੌਂਗਾ ਨੇ ਕਿਹਾ ਕਿ ਵਿਆਹੁਤਾ ਜੀਵਨ ਦੇ ਝਗੜਿਆਂ ਦੀ ਗੱਲਬਾਤ ਰਿਕਾਰਡ ਕਰਕੇ ਨਾਬਾਲਗ ਬੱਚੀ ਨੂੰ ਮਾਂ ਦੇ ਪਾਲਣ-ਪੋਸ਼ਣ ਤੋਂ ਵਾਂਝਾ ਰੱਖਣਾ ਗਲਤ ਹੈ। ਉਨ੍ਹਾਂ ਕਿਹਾ ਕਿ ਅਜਿਹਾ ‘ਗੁਪਤ ਵਿਵਹਾਰ’ ਕੇਸ ਦੇ ਹੱਕ ਵਿੱਚ ਨਹੀਂ ਭੁਗਤ ਸਕਦਾ। ਅਦਾਲਤ ਨੇ ਬੱਚੀ ਦੇ ਪਿਤਾ ਨੂੰ ਆਦੇਸ਼ ਦਿੱਤਾ ਕਿ ਉਹ ਮੰਗਲਵਾਰ ਤੱਕ ਬੱਚੀ ਦੀ ਸਪੁਰਦਗੀ ਮਾਂ ਨੂੰ ਦੇਵੇ।