ਵਾਤਾਵਰਣ ਪ੍ਰੇਮੀ ਅਤੇ ਲੋਕਾਂ ਦੇ ਹਮਦਰਦ ਸਨ ਨੰਬਰਦਾਰ ਰਮੇਸ਼ ਲਾਲ ਦਾਦਰਾ – ਅਸ਼ੋਕ ਸੰਧੂ ਨੰਬਰਦਾਰ

ਸਵਰਗੀ ਨੰਬਰਦਾਰ ਰਮੇਸ਼ ਲਾਲ ਦਾਦਰਾ ਬੁਰਜ ਹਸਨ
ਗੁਰਵਿੰਦਰ ਸਿੰਘ ਅਟਵਾਲ, ਚਰਨ ਸਿੰਘ ਰਾਜੋਵਾਲ, ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ ਸਮੇਤ ਹੋਰਾਂ ਨੇ ਦਿੱਤੀਆਂ ਭਾਵਭਿੰਨੀਆ ਸ਼ਰਧਾਂਜਲੀਆਂ, ਅਮਰਜੀਤ ਸਮਰਾ ਨੇ ਕੀਤੀ ਵਿਸ਼ੇਸ਼ ਸ਼ਿਰਕਤ।
ਨੂਰਮਹਿਲ, ਫਿਲੌਰ – (ਹਰਜਿੰਦਰ ਛਾਬੜਾ) ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਵਿਸ਼ੇਸ਼ ਸਲਾਹਕਾਰ, ਪਿੰਡ ਬੁਰਜ ਹਸਨ ਤਹਿਸੀਲ ਫਿਲੌਰ ਦੇ ਨੰਬਰਦਾਰ ਸ਼੍ਰੀ ਰਮੇਸ਼ ਲਾਲ ਜੋ 24 ਅਕਤੂਬਰ ਨੂੰ ਅਚਾਨਕ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸੈਂਕੜਿਆਂ ਦੀ ਤਾਦਾਦ ਵਿੱਚ ਲੋਕਾਂ ਨੇ ਹਾਜ਼ਿਰ ਹੋਕੇ ਨੰਬਰਦਾਰ ਰਮੇਸ਼ ਲਾਲ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਸਾਬਕਾ ਮਾਲ ਮੰਤਰੀ ਅਤੇ ਮਾਰਕਫੈਡ ਦੇ ਚੇਅਰਮੈਨ ਸ. ਅਮਰਜੀਤ ਸਿੰਘ ਸਮਰਾ, ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਅਸ਼ੋਕ ਸੰਧੂ ਨੂਰਮਹਿਲ, ਸਾਬਕਾ ਵਿਧਾਇਕ ਨੂਰਮਹਿਲ ਸ. ਗੁਰਵਿੰਦਰ ਸਿੰਘ ਅਟਵਾਲ, ਉੱਘੇ ਕਾਂਗਰਸੀ ਨੇਤਾ ਨੰਬਰਦਾਰ ਚਰਨ ਸਿੰਘ ਸਰਪੰਚ ਰਾਜੋਵਾਲ ਤੋਂ ਇਲਾਵਾ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਿਰ ਹੋਏ।
                     ਸ਼ਰਧਾਂਜਲੀ ਦਿੰਦਿਆਂ ਹੋਇਆ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਨੇ ਕਿਹਾ ਕਿ ਕਿਹਾ ਸਵਰਗੀ ਨੰਬਰਦਾਰ ਰਮੇਸ਼ ਦਾਦਰਾ ਨੰਬਰਦਾਰ ਯੂਨੀਅਨ ਦੇ ਵਿਸ਼ੇਸ਼ ਸਲਾਹਕਾਰ ਸਨ। ਵਾਤਾਵਰਣ ਪ੍ਰੇਮੀ ਅਤੇ ਲੋਕਾਂ ਦੇ ਸੱਚੇ ਹਮਦਰਦ ਹਨ। 55 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਉਹਨਾਂ ਦੇ ਸਵਰਗਵਾਸ ਹੋਣ ਤੇ ਨੰਬਰਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਨੇ ਸ਼ੋਕ ਸੰਦੇਸ਼ ਰਾਹੀਂ ਬਹੁਤ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗੁਰਵਿੰਦਰ ਸਿੰਘ ਅਟਵਾਲ ਅਤੇ ਚਰਨ ਸਿੰਘ ਰਾਜੋਵਾਲ ਨੇ ਕਿਹਾ ਕਿ ਨੰਬਰਦਾਰ ਸਾਹਿਬ ਦੇ ਸਵਰਗਵਾਸ ਹੋਣ ਨਾਲ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਅਤੇ ਉੱਥੇ ਸਮਾਜ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
            ਇਸੇ ਤਰਾਂ ਤਹਿਸੀਲ ਨਕੋਦਰ ਦੇ ਪ੍ਰਧਾਨ ਨੰਬਰਦਾਰ ਗੁਰਬਚਨ ਲਾਲ ਅਤੇ ਸਰਪੰਚ ਜਸਪਾਲ ਸਿੰਘ ਗ਼ਦਰਾ ਨੇ ਕਿਹਾ ਕਿ ਰਮੇਸ਼ ਦਾਦਰਾ ਜੀ ਸੱਚੇ ਸੁੱਚੇ, ਨਿਧੜਕ ਅਤੇ ਤਨ ਮਨ ਧਨ ਨਾਲ ਸੇਵਾ ਕਰਨ ਵਾਲੇ ਯੋਧਾ ਕਿਸਮ ਦੇ ਇਨਸਾਨ ਸਨ। ਇਸੇ ਤਰਾਂ ਹੋਰ ਬੁਲਾਰਿਆਂ ਨੇ ਕਿਹਾ ਕਿ ਨੰਬਰਦਾਰ ਦਾਦਰਾ ਸਾਹਿਬ ਭ੍ਰਿਸ਼ਟਾਚਾਰ ਅਤੇ ਅਨਿਆਂ ਖਿਲਾਫ਼ ਲੜਨ ਵਾਲੇ ਅਣਥੱਕ ਯੋਧਾ ਅਤੇ ਨੰਬਰਦਾਰ ਯੂਨੀਅਨ ਦੇ ਪੱਕੇ ਅਤੇ ਸੱਚੇ ਸਾਥੀ ਸਨ। ਸਾਨੂੰ ਉਹਨਾਂ ਵਾਂਗ ਹਰ ਬੁਰਾਈ ਖ਼ਿਲਾਫ ਡੱਟ ਕੇ ਖੜਨਾ ਚਾਹੀਦਾ ਹੈ। ਸਟੇਜ ਸੈਕਟਰੀ ਹਰਬੰਸ ਸਿੰਘ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।
ਸ਼ਰਧਾਂਜਲੀ ਭੇਂਟ ਕਰਦੇ ਹੋਏ ਕ੍ਰਮਵਾਰ
ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ, ਗੁਰਵਿੰਦਰ ਸਿੰਘ ਅਟਵਾਲ ਸਾਬਕਾ ਵਿਧਾਇਕ ਨੂਰਮਹਿਲ, ਨੰਬਰਦਾਰ ਚਰਨ ਸਿੰਘ ਸਰਪੰਚ ਰਾਜੋਵਾਲ, ਤਹਿਸੀਲ ਪ੍ਰਧਾਨ ਨਕੋਦਰ ਗੁਰਬਚਨ ਲਾਲ, ਸਰਪੰਚ ਜਸਪਾਲ ਸਿੰਘ ਗ਼ਦਰਾ