ਲੋਕ ਗਾਇਕੀ ਦੇ ਵਿਰਸੇ ਦੀ ਵਾਰਿਸ ਅਮਿ੍ੰਤ ਕੌਰ

(ਸਮਾਜ ਵੀਕਲੀ)

ਸੰਗੀਤ ਇੱਕ ਅਜਿਹੀ ਵਿੱਦਿਆ ਹੈ ਜਿਸ ਨਾਲ ਮਨੁੱਖ ਪਰਮਾਤਮਾ ਨਾਲ ਇੱਕਮਿੱਕ ਹੋ ਸਕਦਾ ਹੈ , ਸੰਗੀਤ ਮਨੁੱਖ ਦੇ ਅਕਸ ਨੂੰ ਨਿਖਾਰਣ ਵਿੱਚ ਇੱਕ ਅਹਿਮ ਰੋਲ ਅਦਾ ਕਰਦਾ ਹੈ।ਸੰਗੀਤ ਨਾਲ ਜੁੜੇ ਹੋਏ ਮਨੁੱਖ ਬੇਸ਼ਕ ਉਹ ਧੀ ਹੋਵੇ ਜਾਂ ਪੁੱਤਰ ਕਦੇ ਵੀ ਗਲਤ ਰਾਹੇ ਨੀ ਤੁਰਦੇ ਕਿਓਂਕਿ ਸੰਗੀਤ ਪਰਮਾਤਮਾ ਦੀ ਆਵਾਜ਼ ਹੈ , ਅਜਿਹੇ ਮਨੁੱਖ ਮਿਹਨਤ ਦੀ ਚੱਕੀ ਵਿੱਚ ਪਿਸਕੇ, ਆਪਣੇ ਸਿਰੜੀ ਇਰਾਦੇ ਅਤੇ ਆਪਣੇ ਬਲਬੂਤੇ ਨਾਲ ਜਿੰਦਗੀ ਵਿੱਚ ਕੁਝ ਵੱਖਰਾ ਕਰ ਜਾਂਦੇ ਹਨ।

ਉਹ ਲੋਕ ਮਿਹਨਤ ਇਹਨੀਂ ਖਾਮੋਸ਼ੀ ਨਾਲ ਕਰਦੇ ਹਨ,ਕਿ ਉਹਨਾਂ ਦੀ ਸਫਲਤਾ ਸ਼ੋਰ ਮਚਾ ਦਿੰਦੀ ਹੈ ਅਜਿਹੀ ਖੁਸ਼ੀ ਜਿਸਨੂੰ ਸਾਂਭਣ ਲਈ ਇਨਸਾਨ ਦਾ ਆਪਣਾ ਆਪ ਵੀ ਅਧੂਰਾ ਪੈ ਜਾਂਦਾ ਹੈ , ਅਤੇ ਜਦੋਂ ਅਜਿਹੀ ਮਿਹਨਤ ਕਿਸੇ ਕੁੜੀ ਜਾਂ ਕਹਿ ਲਈਏ ਕਿ ਪੰਜਾਬ ਦੀ ਧੀ ਕਰਦੀ ਹੈ ਤਾਂ ਸਿਰ ਮਾਣ ਨਾਲ ਹੋਰ ਵੀ ਉੱਚਾ ਹੋ ਜਾਂਦਾ ਹੈ , ਅਜਿਹੀ ਖਾਮੋਸ਼ ਮਿਹਨਤ ਕਰਨ ਵਾਲੀ ਅਤੇ ਬੁਲੰਦੀਆਂ ਨੂੰ ਛੂਹਣ ਵਾਲੀ ਪੰਜਾਬ ਦੀ ਮੁਟਿਆਰ ਅੰਮ੍ਰਿਤ ਕੌਰ ਜਿਸਨੇ ਸੰਗੀਤ ਦੇ ਖੇਤਰ ਵਿੱਚ ਕਈ ਮੱਲਾਂ ਮਾਰੀਆਂ , ਉਸ ਦਾ ਜਨਮ ਸ਼ਹਿਰ ਲੁਧਿਆਣਾ ਵਿਚ ਪਰਸਿੱਧ ਲੋਕ ਗਾਇਕ ਧੰਨਾ ਸਿੰਘ ਰੰਗੀਲਾ ਦੇ ਘਰ ਮਾਤਾ ਬਲਵਿੰਦਰ ਕੌਰ ਦੀ ਕੁੱਖੋਂ ਹੋਇਆ। ਘਰ ਵਿੱਚ ਸੰਗੀਤ ਦਾ ਮਾਹੌਲ ਹੋਣ ਕਰਕੇ ਬਚਪਨ ਤੋਂ ਹੀ ਸੰਗੀਤ ਨਾਲ ਅੰਮ੍ਰਿਤ ਦਾ ਗੂੜਾ ਪਿਆਰ ਪੈ ਗਿਆ, ਅਤੇ ਇਸਨੂੰ ਸਿੱਖਣਾ ਉਸਦਾ ਸ਼ੌਂਕ ਬਣ ਗਿਆ।

ਅਤੇ ਉਸਨੇ ਸੰਗੀਤ ਜਗਤ ਦੇ ਪ੍ਰਸਿੱਧ ਉਸਤਾਦ ਜਸਵੰਤ ਸਿੰਘ ਭੰਵਰਾ ਤੋਂ ਤਕਰੀਬਨ ਛੇ ਸਾਲ ਦੀ ਉਮਰ ਵਿੱਚ ਹੀ ਸੰਗੀਤ ਦੀ ਤਾਲੀਮ ਲੈਣੀ ਸ਼ੁਰੂ ਕਰ ਦਿੱਤੀ।ਮਾਤਾ ਪਿਤਾ ਨੇ ਵੀ ਆਪਣੀ ਹੋਣਹਾਰ ਧੀ ਨੂੰ ਰੱਜਕੇ ਸਹਿਯੋਗ ਦਿੱਤਾ , ਮਾਤਾ ਧਾਰਮਿਕ ਖਿਆਲਾਂ ਦੇ ਹੋਣ ਕਰਕੇ ਬਚਪਨ ਤੋਂ ਹੀ ਉਸ ਨੂੰ ਵਾਰਾਂ ਧਾਰਮਿਕ ਗੀਤਾਂ ਅਤੇ ਇਤਿਹਾਸ ਬਾਰੇ ਕੁਝ ਨਾ ਕੁਝ ਦੱਸਦੇ ਰਹਿੰਦੇ,ਉਹਨਾਂ ਦਾ ਦੱਸਣਾ ਹੈ ਕਿ ਜਦ ਵੀ ਧਾਰਮਿਕ ਪੋ੍ਗਰਾਮ ਆਓਂਦਾ ਤਾਂ ਛੋਟੀ ਉਮਰ ਵਿੱਚ ਹੀ ਬੜੇ ਚਾਅ ਨਾਲ ਸਟੇਜ ਤੇ ਜਾ ਖੜੀ ਹੋ ਜਾਂਦੀ ਅਤੇ ਧਾਰਮਿਕ ਗੀਤ ਜਾਂ ਵਾਰ ਆਪਣੀ ਮਾਸੂਮ ਜਿਹੀ ਅਤੇ ਤੋਤਲੀ ਆਵਾਜ਼ ਨਾਲ ਗਾਉਣਾ ਸ਼ੁਰੂ ਕਰ ਦਿੰਦੀ ਅਤੇ ਸੰਗਤ ਇਹ ਦੇਖਕੇ ਖੁਸ਼ ਹੁੰਦੀ ਅਤੇ ਲੋਕ ਬੜੀਆਂ ਅਸੀਸਾਂ ਦਿੰਦੇ।

ਉਸਨੇ ਸਕੂਲ ਅਤੇ ਕਾਲਜ ਦੀ ਪੜਾਈ ਦੌਰਾਨ ਸੰਗੀਤਕ ਮੁਕਾਬਲੇ ਜਿਵੇਂ ਕਿ ਸ਼ਬਦ ਕੀਰਤਨ , ਗਰੁੱਪ ਸੌਂਗ , ਲੋਕ ਗੀਤ , ਗੀਤ , ਇੰਡੀਅਨ ਆਰਕੈਸਟਰਾ , ਫੋਕ ਆਰਕੈਸਟਰਾ , ਵੈਸਟਰਨ ਗਰੁੱਪ ਸੌਂਗ , ਵਾਰਾਂ , ਲੋਕ ਸਾਜ਼ , ਕਲਾਸੀਕਲ ਸਾਜ਼ ਅਤੇ ਰਵਾਇਤੀ ਗੀਤ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਅਣਗਿਣਤ ਪਰੁਸਕਾਰ ਪਰਾਪਤ ਕੀਤੇ।ਜਿੰਨਾਂ ਵਿੱਚ ਖਾਸ ਤੌਰ ਤੇ ਸੰਨ 2011 ਵਿੱਚ ਪੰਜਾਬ ਆਰਟਸ ਕੌਂਸਲ ਵੱਲੋਂ ਕਰਵਾਏ ਗਏ ਲੋਕ ਗੀਤ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪਰਾਪਤ ਕਰਕੇ ਪੰਜਾਬ ਦੀ ਕੋਇਲ ਦਾ ਖਿਤਾਬ ਹਾਸਿਲ ਕੀਤਾ। ਉਸਨੇ ਸੰਗੀਤ ਗਾਇਨ ਵਿੱਚ ਐਮ.ਏ. ਦੀ ਡਿਗਰੀ ਰਾਮਗੜੀਆ ਗਰਲਜ਼ ਕਾਲਜ਼ ਲੁਧਿਆਣਾ ਤੋਂ ਕੀਤੀ ਅਤੇ ਜਿਸ ਵਿੱਚ ਉਸਨੇ ਯੂਨੀਵਰਸਿਟੀ ਵਿੱਚੋਂ ਪਹਿਲਾ ਸਾਥਾਨ ਹਾਸਿਲ ਕਰਕੇ ਗੋਲਡ ਮੈਡਲ ਪਰਾਪਤ ਕੀਤਾ ਅਤੇ ਐਮ.ਫਿਲ. ਦੀ ਡਿਗਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ।

ਪੰਜਾਬੀ ਯੂਨੀਵਰਸਿਟੀ ਵਿੱਚ ਪੜਾਈ ਕਰਦਿਆਂ ਉਸ ਨੂੰ ਆਪਣੀ ਤੂੰਬੀ ਅਤੇ ਲੋਕ ਗਾਇਕੀ ਪੇਸ਼ ਕਰਨ ਦਾ ਮੌਕਾ ਮਿਲਿਆ ਅਤੇ ਉਸਨੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਕਾਫੀ ਵਾਰ ਭਾਗ ਲਿਆ ਅਤੇ ਗੋਲਡ ਮੈਡਲ ਜਿੱਤੇ , ਇਸ ਦੇ ਨਾਲ ਨਾਲ ਸਾਜ਼ ਵਜਾਓਣ ਦਾ ਵੀ ਬਹੁਤ ਸ਼ੌਂਕ ਹੈ ਜਿਵੇਂ ਕਿ ਹਰਮੋਨੀਅਮ , ਕੀ- ਬੋਰਡ (ਕੈਸ਼ੀਓ) ਸਿਤਾਰ , ਤੂੰਬੀ , ਤੂੰਬਾ , ਢੋਲ , ਢੋਲਕ , ਢੱਡ , ਬੁਗਚੂ , ਵੰਝਲੀ , ਖੰਜਰੀ , ਚਿਮਟਾ , ਅਲਗੋਜ਼ੇ , ਬੀਨ , ਡੋਰੂ ਪਰੰਤੂ ਖਾਸ ਤੌਰ ਤੇ ਉਸਦਾ ਹਰਮਨ ਪਿਆਰਾ ਸਾਜ ਤੂੰਬੀ ਵਜਾਉਣ ਦਾ ਸ਼ੌਂਕ ਇਹਨਾਂ ਨੂੰ ਆਪਣੇ ਪਿਤਾ ਜੀ ਪਾਸੋਂ ਪਿਆ ਅਤੇ ਉਹਨਾਂ ਨੇ ਆਪਣੇ ਪਿਤਾ ਜੀ ਤੋਂ ਹੀ ਤੂੰਬੀ ਵਜਾਓਣੀ ਸਿੱਖੀ ਅਤੇ ਇਸ ਸਾਜ਼ ਦੀਆਂ ਬਰੀਕੀਆਂ ਵੀ ਜਾਣੀਆਂ , ਇਹਨੀਂ ਨਿਪੁੰਨ ਤਰੀਕੇ ਨਾਲ ਤੂੰਬੀ ਵਜਾਉਣ ਵਾਲੀ ਅੰਮ੍ਰਿਤ ਕੌਰ ਪੰਜਾਬ ਹੀ ਨਹੀਂ ਸਗੋਂ ਏਸ਼ੀਆ ਦੀ ਪਹਿਲੀ ਕੁੜੀ ਬਣੀ , ਉਸ ਦਾ ਕਹਿਣਾ ਹੈ ਕਿ ਜਦੋਂ ਉਸਨੇ 2007 ਵਿੱਚ ਪਹਿਲੀ ਵਾਰ ਮੰਚ ਤੇ ਤੂੰਬੀ ਵਜਾਈ ਤਾਂ ਲੋਕਾਂ ਦਾ ਇਹੀ ਕਹਿਣਾ ਸੀ ਕਿ ਮੁੰਡੇ ਤਾਂ ਤੂੰਬੀ ਵਜਾਓਂਦੇ ਬਹੁਤ ਵਾਰ ਦੇਖੇ ਨੇ ਪਰ ਕੁੜੀ ਤੂੰਬੀ ਵਜਾਓਂਦੀ ਪਹਿਲੀ ਵਾਰ ਦੇਖੀ ਹੈ। ਅੰਮ੍ਰਿਤ ਕੌਰ ਨੇ ਲੋਕ ਸਾਜ਼ ਤੂੰਬੀ ਵਿੱਚ ਜ਼ੋਨਲ ਯੂਥ ਫੈਸਟੀਵਲ ਤੋਂ ਲੈਕੇ ਅੰਤਰ ਯੂਨੀਵਰਸਿਟੀ ਤੱਕ ਦੇ ਮੁਕਾਬਲਿਆਂ ਵਿੱਚ ਭਾਗ ਲਿਆ , ਅਤੇ ਗੋਲਡ ਮੈਡਲ ਜਿੱਤੇ ।

ਅਤੇ ਉਸਨੇ ਭਾਰਤ ਦੇ ਵੱਖ ਵੱਖ ਮੇਲਿਆਂ ਅਤੇ ਮੁਕਾਬਲਿਆਂ ਤੋ ਇਲਾਵਾ ਵਿਦੇਸ਼ਾਂ ਵਿੱਚ ਵੀ ਆਪਣੀ ਗਾਇਕੀ ਅਤੇ ਲੋਕ ਸਾਜ਼ ਤੂੰਬੀ ਦੇ ਜੌਹਰ ਦਿਖਾਏ , ਅਤੇ 2018 ਵਿੱਚ ਹਾਗ ਕਾਗ ਵਿੱਚ ਧੀਆਂ ਦਾ ਮੇਲਾ ਤੀਆਂ ਤੇ ਉਸ ਦੀ ਤੂੰਬੀ ਦੀ ਚਰਚਾ ਹੋਈ ਅਤੇ ਸੁਰੀਲੀ ਆਵਾਜ਼ ਨੇ ਵਾਹ ਵਾਹ ਕਰਵਾ ਦਿੱਤੀ , ਅੰਮ੍ਰਿਤ ਕੌਰ ਨੇ ਲੋਕ ਗੀਤ ਜਿਵੇਂ ਮਾਹੀਆ , ਜੁਗਨੀ ਵਰਗੇ ਗੀਤਾਂ ਨੂੰ ਤਰਜੀਹ ਦਿੱਤੀ ਅਤੇ ਤੂੰਬੀ ਨਾਲ ਇਹਨਾਂ ਨੂੰ ਗਾਕੇ ਲੋਕਾਂ ਸਾਹਮਣੇ ਆਪਣੀ ਕਲਾ ਨੂੰ ਪੇਸ਼ ਕੀਤਾ ਅਤੇ ਦੂਰਦਰਸ਼ਨ ਜਲੰਧਰ ਤੋਂ ਪ੍ਸਾਰਿਤ ਹੋਵੇ ਨਵੀਂ ਸਵੇਰ ਅਤੇ ਸਬਰੰਗ ਨਾਮੀ ਪਰੋਗਰਾਮਾਂ ਵਿੱਚ ਵੀ ਗੀਤ ਗਾਏ ਗੀਤ ਰਿਕਾਰਡਿੰਗ ਸਬੰਧੀ ਪੁੱਛਣ ਤੇ ਬੀਬਾ ਜੀ ਨੇ ਕਿਹਾ ਕਿ ਮੈਨੂੰ ਪ੍ਰੋਗਰਾਮਾਂ ਤੋਂ ਹੀ ਵਿਹਲ ਨਹੀਂ ਮਿਲਦੀ,ਸਰੋਤਿਆਂ ਦੇ ਸਾਹਮਣੇ ਹੀ ਪ੍ਰੋਗਰਾਮ ਪੇਸ਼ ਕਰਕੇ ਮੈਨੂੰ ਆਨੰਦ ਮਿਲਦਾ ਹੈ।

ਅੱਜ ਕੱਲ੍ਹ ਦੀ ਗਾਇਕੀ ਵਿੱਚ ਨਸ਼ੇ ਹਥਿਆਰਾਂ ਤੇ ਬੀਬੀਆਂ ਸਬੰਧੀ ਜੋ ਗਾਇਕੀ ਪੇਸ਼ ਕੀਤੀ ਜਾ ਰਹੀ ਹੈ ਉਸ ਦਾ ਅੰਮ੍ਰਿਤ ਕੌਰ ਨੂੰ ਬੇਹੱਦ ਦੁੱਖ ਹੈ,ਉਸ ਦਾ ਕਹਿਣਾ ਹੈ ਲੋਕ ਗਾਇਕੀ ਤੇ ਸਮਾਜਿਕ ਵਿਸ਼ੇ ਹੀ ਸਾਡੀ ਮਾਂ ਬੋਲੀ ਪੰਜਾਬੀ ਦਾ ਮਜ਼ਬੂਤ ਆਧਾਰ ਹੈ ਇਹੋ ਹੀ ਰਹਿੰਦੀ ਦੁਨੀਆਂ ਤਕ ਚੱਲਦਾ ਰਹੇਗਾ।ਕਿਸਾਨ ਮੋਰਚੇ ਨੂੰ ਮੁੱਖ ਰੱਖ ਕੇ ਅੱਜਕੱਲ੍ਹ ਜੋ ਇਨਕਲਾਬੀ ਤੇ ਸੇਧ ਦੇਣ ਵਾਲੇ ਗੀਤ ਪੇਸ਼ ਕੀਤੇ ਜਾ ਰਹੇ ਹਨ ਇਹ ਪੰਜਾਬੀ ਗਾਇਕੀ ਵਿੱਚ ਵਾਪਿਸ ਲੋਕਾਂ ਨਾਲ ਸਬੰਧਤ ਗਾਇਕੀ ਵੱਲ ਮੁੜ ਆਇਆ ਹੈ ਜੋ ਕੱਲ੍ਹ ਦੀ ਗਾਇਕੀ ਦਾ ਹੀ ਭਵਿੱਖ ਹੈ।ਅੱਜ ਕੱਲ ਅੰਮ੍ਰਿਤ ਕੌਰ ਸਹੁਰੇ ਘਰ ਗਿੱਦੜਬਾਹਾ ਵਿਖੇ ਪਰਿਵਾਰ ਨਾਲ ਰਹਿ ਰਹੇ ਹਨ ਪਤੀ ਸ਼ੁਭਕਰਮਨ ਸਿੰਘ ਪੁੱਤਰ ਗੁਰਸ਼ਬਦ ਸਿੰਘ ਅਤੇ ਆਪਣੇ ਪਰਿਵਾਰ ਨਾਲ ਬੜਾ ਸੋਹਣਾ ਅਤੇ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਰਹੀ ਹੈ।

ਆਪਣੀ ਕਲਾ ਨੂੰ ਦੁਨੀਆਂ ਦੇ ਰੂਬਰੂੂ ਕਰ ਰਹੀ ਹੈ, ਅੰਮ੍ਰਿਤ ਦਾ ਮੰਨਣਾ ਹੈ ਕਿ ਸਾਨੂੰ ਸਾਡੇ ਵੱਡਿਆਂ ਵਡੇਰਿਆਂ ਅਤੇ ਮਾਤਾ ਪਿਤਾ ਦਾ ਹਮੇਸ਼ਾਂ ਸਤਿਕਾਰ ਕਰਦੇ ਰਹਿਣਾ ਚਾਹੀਦਾ ਹੈ ਉਹਨਾ ਦੀਆਂ ਅਸੀਸਾਂ ਸਦਕਾ ਹੀ ਸਾਡੇ ਵਿੱਚ ਅਜਿਹੀਆਂ ਕਲਾਵਾਂ ਅਤੇ ਗੁਣ ਪ੍ਰਗਟ ਹੁੰਦੇ ਹਨ।ਉਸ ਦਾ ਕਹਿਣਾ ਹੈ ਕਿ ਲੋਕ ਸਾਜ਼ਾਂ ਦਾ ਦੌਰ ਹਰ ਦਿਨ ਘੱਟਦਾ ਜਾ ਰਿਹਾ ਸੀ ਪਰ ਮੁੜ ਕੇ ਫੇਰ ਨੌਜਵਾਨ ਪੀੜ੍ਹੀ ਆਪਣੇ ਵਿਰਾਸਤੀ ਸਾਜ਼ਾਂ ਵੱਲ ਮੁੜਕੇ ਅਤੇ ਨੌਜੁਵਾਨ ਪੀੜੀ ਵਿਰਾਸਤੀ ਸਾਜ਼ਾਂ ਅਤੇ ਕਲਾਵਾਂ ਨੂੰ ਸਾਂਭ ਰਹੀ ਹੈ। ਬੀਬਾ ਅੰਮ੍ਰਿਤ ਕੌਰ ਨੇ ਇਕ ਬੇਹੱਦ ਸਲਾਹੁਣਯੋਗ ਗੱਲ ਕਹੀ ਕਿ ਕਿਸਾਨ ਮੋਰਚੇ ਤੋਂ ਪਹਿਲਾਂ ਜੋ ਪੰਜਾਬ ਸੀ,ਉਹ ਹੁਣ ਨਹੀਂ ਰਹੇਗਾ।

ਧਰਨਿਆਂ ਵਿਚ ਸਾਡੀ ਜਨਤਾ ਧਰਮਾਂ ਅਤੇ ਜਾਤਾਂ ਨੂੰ ਭੁੱਲ ਕੇ ਬੈਠੀ ਹੈ,ਪੰਜਾਬੀ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਬਾਕੀ ਰਾਜਾਂ ਦੇ ਸਾਰੇ ਕਿਸਾਨ ਤੇ ਮਜ਼ਦੂਰ ਮਿਲ ਕੇ ਆ ਕੇ ਬੈਠ ਗਏ ਹਨ,ਉਨ੍ਹਾਂ ਮੋਰਚਿਆਂ ਵਿੱਚ ਸਾਡੇ ਗਾਇਕ ਤੇ ਗੀਤਕਾਰ ਵੀ ਮੋਢੇ ਨਾਲ ਮੋਢਾ ਜੋੜ ਕੇ ਬੈਠੇ ਹਨ।ਉਨ੍ਹਾਂ ਮੋਰਚਿਆਂ ਵਿੱਚ ਜੋ ਗੀਤ ਸੰਗੀਤ ਪੇਸ਼ ਕੀਤਾ ਜਾ ਰਿਹਾ ਹੈ ਉਹ ਵਾਪਿਸ ਸਾਡੇ ਸਾਰਥਿਕ ਪੰਜਾਬੀ ਲੋਕ ਗਾਇਕੀ ਦਾ ਮਜ਼ਬੂਤ ਆਧਾਰ ਹੈ।ਤਿੰਨ ਚਾਰ ਮਹੀਨਿਆਂ ਵਿੱਚ ਜੋ ਵੀ ਗੀਤ ਆਡੀਓ ਜਾਂ ਵੀਡੀਓ ਰੂਪ ਵਿੱਚ ਰਿਕਾਰਡ ਹੋਏ ਹਨ,ਉਨ੍ਹਾਂ ਵਿੱਚੋਂ ਨੜਿੱਨਵੇ ਪ੍ਰਤੀਸ਼ਤ ਗੀਤ ਸਾਡੀ ਮਾਂ ਬੋਲੀ ਪੰਜਾਬੀ ਦੇ ਆਧਾਰ ਤੇ ਇਨਕਲਾਬੀ ਗੀਤਾਂ ਦੀ ਹਾਮੀ ਭਰਦੇ ਹਨ।ਟਰੈਕਟਰਾਂ ਤੇ ਵੱਜਦੇ ਡੈਕਾਂ ਵਿਚ ਵੀ ਉਹੋ ਜਿਹੇ ਗੀਤ ਹੀ ਮੋਹਰੀ ਹਨ।

ਇਹ ਕਹਿੰਦੇ ਹੋਏ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਆਉਣ ਵਾਲਾ ਸਮਾਂ ਸਾਡੀ ਮਾਂ ਬੋਲੀ ਪੰਜਾਬੀ ਦਾ ਮੁੱਖ ਅਧਾਰ ਲੋਕ ਗਾਇਕੀ ਹੀ ਹੋਵੇਗਾ।ਅੰਮ੍ਰਿਤ ਕੌਰ ਨੂੰ ਇਸ ਗੱਲ ਤੇ ਬਹੁਤ ਮਾਣ ਹੈ ਕਿ ਸਾਡੀ ਪੰਜਾਬੀ ਗਾਇਕੀ ਪੂਰੀ ਦੁਨੀਆਂ ਵਿੱਚ ਧੁੰਮਾਂ ਮਚਾ ਰਹੀ ਹੈ,ਹਿੰਦੀ ਫ਼ਿਲਮਾਂ ਵਿੱਚ ਵੀ ਪੰਜਾਬੀ ਗੀਤ ਸੰਗੀਤ ਨੂੰ ਪਹਿਲ ਦਿੱਤੀ ਜਾ ਰਹੀ ਹੈ।ਮੈਂ ਵੀ ਬਹੁਤ ਜਲਦੀ ਆਪਣੀ ਮਾਂ ਬੋਲੀ ਦੀ ਸੇਵਾ ਲਈ ਗੀਤ ਰਿਕਾਰਡ ਕਰਵਾਉਣ ਦੀ ਯੋਜਨਾ ਬਣਾ ਰਹੀ ਹਾਂ।ਸਾਡੇ ਗਾਇਕ ਗਾਇਕਾਵਾਂ ਨੂੰ ਵੀ ਬੀਬਾ ਅੰਮ੍ਰਿਤ ਕੌਰ ਦੀ ਕਲਾ ਤੋਂ ਸਬਕ ਸਿੱਖਣਾ ਚਾਹੀਦਾ ਹੈ,ਤਾਂ ਜੋ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜੜ੍ਹ ਪੂਰਨ ਰੂਪ ਵਿੱਚ ਮਜ਼ਬੂਤ ਹੋਵੇ- ਆਮੀਨ

 

 

 

 

 

 

ਰਮੇਸ਼ਵਰ ਸਿੰਘ

ਸੰਪਰਕ ਨੰਬਰ -9914880392