ਲੋਕਾਂ ਨੇ ਐੱਨਡੀਏ ਨੂੰ ਬਹੁਤ ਪਿਆਰ ਦਿੱਤਾ: ਮੋਦੀ

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ-ਸ਼ਿਵ ਸੈਨਾ ਗਠਜੋੜ ਨੂੰ ਮਿਲੇ ਬਹੁਮਤ ਤੋਂ ਖ਼ੁਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸੂਬੇ ਦੇ ਲੋਕਾਂ ਨੇ ਐੱਨਡੀਏ ਨੂੰ ਬਹੁਤ ਪਿਆਰ ਦਿੱਤਾ ਹੈ। ਮੋਦੀ ਨੇ ਟਵੀਟ ਕੀਤਾ ਕਿ ਲੋਕਾਂ ਦਾ ਮੁੜ ਸਮਰਥਨ ਮਿਲਣ ’ਤੇ ਐੱਨਡੀਏ ਸ਼ੁਕਰਗੁਜ਼ਾਰ’ ਹੈ। ‘‘ਮਹਾਰਾਸ਼ਟਰ ਦੀ ਤਰੱਕੀ ਲਈ ਸਾਡਾ ਕੰਮ ਜਾਰੀ ਰਹੇਗਾ! ਮੈਂ ਭਾਜਪਾ, ਸ਼ਿਵ ਸੈਨਾ ਦੇ ਹਰੇਕ ਕਾਰਕੁਨ ਅਤੇ ਸਾਡੇ ਸਾਰੇ ਐੱਨਡੀਏ ਪਰਿਵਾਰ ਨੂੰ ਉਨ੍ਹਾਂ ਦੀ ਮਿਹਨਤ ਲਈ ਸਲਾਮ ਕਰਦਾ ਹਾਂ।’’ ਸਪੱਸ਼ਟ ਬਹੁਮਤ ਨਾ ਮਿਲਣ ਵਾਲੇ ਸੂਬੇ ਹਰਿਆਣਾ ਵੱਲ ਇਸ਼ਾਰਾ ਕਰਦਿਆਂ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘‘ਸੂਬੇ ਦੇ ਵਿਕਾਸ ਲਈ ਅਸੀਂ ਉਸੇ ਉਤਸ਼ਾਹ ਅਤੇ ਸਮਰਪਨ ਨਾਲ ਕੰਮ ਕਰਦੇ ਰਹਾਂਗੇ। ਮੈਂ ਹਰਿਆਣਾ ਦੇ ਮਿਹਨਤੀ ਭਾਜਪਾ ਕਾਰਕੁਨਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਾ ਹਾਂ, ਜਿਨ੍ਹਾਂ ਨੇ ਸਾਡੇ ਵਿਕਾਸ ਏਜੰਡੇ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਦਿਨ-ਰਾਤ ਇੱਕ ਕੀਤਾ।