ਲੋਕਾਂ ਦੀ ਜਾਨ-ਮਾਲ ਨਾਲ ਖਿਲਵਾੜ ਨਾ ਕਰੇ ਪੀ.ਡਬਲਯੂ.ਡੀ ਵਿਭਾਗ- ਅਸ਼ੋਕ ਸੰਧੂ ਨੰਬਰਦਾਰ

ਧੁੰਦ ਜਾਂ ਅਣਗਹਿਲੀ ਨਾਲ ਹੋਇਆ ਕੋਈ ਹਾਦਸਾ ਤਾਂ ਪਿੰਡ ਵਾਸੀ ਕਰਵਾਉਣਗੇ ਪਰਚਾ ਦਰਜ

 ਨੂਰਮਹਿਲ (ਹਰਜਿੰਦਰ ਛਾਬੜਾ)-ਧੁੰਦ ਦਾ ਕਹਿਰ ਜਾਰੀ ਹੈ। ਧੁੰਦ ਕਾਰਣ ਰੋਜਾਨਾਂ ਹੀ ਵੱਡੇ ਵੱਡੇ ਹਾਦਸੇ ਅਸੀਂ ਸਭ ਅਖਵਾਰਾਂ ਅਤੇ ਟੀ.ਵੀ ਰਾਹੀਂ ਪੜ੍ਹਦੇ ਸੁਣਦੇ ਹਾਂ ਪਰ ਲਗਦਾ ਹੈ ਪੀ. ਡਬਲਯੂ.ਡੀ ਵਿਭਾਗ ਅਤੇ ਉਸਦੇ ਠੇਕੇਦਾਰ ਇਹੋ ਜਿਹੀਆਂ ਖ਼ਬਰਾਂ ਪੜ੍ਹਕੇ ਕੂੜਾ ਦਾਨ ਵਿੱਚ ਸੁੱਟ ਦਿੰਦੇ ਹਨ ਅਤੇ ਰਲ ਮਿਲਕੇ ਮਨਮਰਜੀਆਂ ਕਰਦੇ ਹਨ । ਮਿਸਾਲ ਵੱਜੋਂ ਵਿਭਾਗ ਵੱਲੋਂ ਚੂਹੇਕੀ ਦੇ ਕੂਹਣੀ ਮੋੜ ਤੇ ਸਡ਼ਕ ਨੂੰ ਚੌੜੀ ਕਰਨ ਦੇ ਕਾਰਣ ਲਗਭਗ 5 ਫੁੱਟ ਚੌੜੀ ਅਤੇ ਡੇਢ ਫ਼ੁੱਟ ਡੂੰਘੀ ਖਾਈ ਪੁੱਟੀ ਜਾ ਚੁੱਕੀ ਹੈ ਅਤੇ ਕੋਈ ਵੀ ਚਿਤਾਵਨੀ ਬੋਰਡ ਜਾਂ ਕੋਈ ਪੱਟੀ ਜਾਂ ਕੋਈ ਹੋਰ ਅਜਿਹਾ ਸਾਧਨ ਜੋ ਲੋਕਾਂ ਨੂੰ ਸਾਵਧਾਨ ਕਰ ਸਕੇ ਨਹੀਂ ਲਗਾਇਆ ਗਿਆ ਜੋ ਕਿ ਨਿਯਮਾਂ ਦੀ ਸ਼ਰੇਆਮ ਉਲੰਘਣਾ ਹੈ, ਜਿਸਦਾ ਪਿੰਡ ਵਾਸੀਆਂ ਨੇ ਸਖ਼ਤ ਨੋਟਿਸ ਲਿਆ ਅਤੇ ਇਕੱਠੇ ਹੋਕੇ ਮੰਗ ਕੀਤੀ ਕਿ ਧੁੰਦ ਦੇ ਦਿਨਾਂ ਤੱਕ ਕੰਮ ਬੰਦ ਰੱਖਿਆ ਜਾਵੇ ਅਤੇ ਨਿਯਮਾਂ ਅਨੁਸਾਰ ਸਾਵਧਾਨੀ ਵਾਲੇ ਸਾਧਨ ਜਰੂਰ ਵਰਤੇ ਜਾਣ। ਚੂਹੇਕੀ ਤੋਂ ਜੰਡਿਆਲੇ ਵੱਲ ਕਰੀਬ 3 ਕਿਲੋਮੀਟਰ ਤੱਕ ਇਸੇ ਤਰਾਂ ਹੀ ਸਡ਼ਕ ਪੁੱਟੀ ਹੋਈ ਹੈ। ਪਿੰਡ ਵਾਲਿਆਂ ਨੇ ਕਿਹਾ ਕਿ ਜੇਕਰ ਕੋਈ ਹਾਦਸਾ ਵਾਪਰਿਆ ਤਾਂ ਪੂਰਾ ਜ਼ੋਰ ਲਗਾਕੇ ਪਰਚਾ ਜਰੂਰ ਦਰਜ ਕਰਵਾਇਆ ਜਾਵੇਗਾ। ਜ਼ਿਲਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਕਿਹਾ ਕਿ ਨੰਬਰਦਾਰ ਯੂਨੀਅਨ ਪਹਿਲਾਂ ਹੀ ਵਿਭਾਗ ਨੂੰ ਮੰਗ ਪੱਤਰ ਦੇ ਚੁੱਕੀ ਹੈ ਅਤੇ ਇਹ ਤਾੜਨਾ ਵਿਸ਼ੇਸ਼ ਤੌਰ ਤੇ ਕੀਤੀ ਗਈ ਹੈ ਕਿ ਜੇਕਰ ਨੂਰਮਹਿਲ ਤੋਂ ਜਲੰਧਰ ਤੱਕ ਬਣਨ ਵਾਲੀ ਸਡ਼ਕ ਵਿੱਚ ਕੋਈ ਕੁਤਾਹੀ ਜਾਂ ਭ੍ਰਿਸ਼ਟਾਚਾਰ ਹੋਇਆ ਤਾਂ ਜਾਂਚ ਜਰੂਰ ਹੋਵੇਗੀ। ਇਹ ਵੀ ਮੰਗ ਕੀਤੀ ਸੀ ਕਿ ਸਡ਼ਕ ਨਿਰਮਾਣ ਕਾਰਜ ਇੱਕ ਵਿਸ਼ੇਸ਼ ਅਫ਼ਸਰ ਦੀ ਦੇਖ ਰੇਖ ਹੋਵੇ ਤਾਂਕਿ ਕੋਈ ਊਣਤਾ ਜਾਂ ਸਰਕਾਰੀ ਨਿਯਮਾਂ ਦੀ ਉਲੰਘਣਾ ਨਾ ਹੋ ਸਕੇ। ਇਹ ਦੱਸ ਦੇਈਏ ਕਿ ਚੂਹੇਕੀ ਦੇ ਇਸ ਕੂਹਣੀ ਮੋੜ ਤੇ ਆਏ ਦਿਨ ਕੋਈ ਨਾ ਕੋਈ ਹਾਦਸਾ ਉਂਜ ਹੀ ਵਾਪਰਦਾ ਰਹਿੰਦਾ ਹੈ ਅਤੇ ਇਹ ਮੋੜ ਖੂਨੀ ਮੋੜ ਕਰਕੇ ਵੀ ਮਸ਼ਹੂਰ ਹੈ ਇਹੋ ਜਿਹੇ ਮੋੜ ਤੇ ਵਿਭਾਗ ਵੱਲੋਂ ਲਾਪਰਵਾਹੀ ਕਰਨੀ ਕਈ ਸਵਾਲੀਆ ਪ੍ਰਸ਼ਨ ਖੜੇ ਕਰਦੀ ਹੈ। ਜਦੋਂ ਤੋਂ ਇਹ ਸਡ਼ਕ ਬਣਨੀ ( ਜੰਡਿਆਲਾ-ਨੂਰਮਹਿਲ ) ਸ਼ੁਰੂ ਹੋਈ ਹੈ ਵਿਭਾਗ ਵੱਲੋਂ ਕੋਈ ਚਿਤਾਵਨੀ ਟੇਪ ਜਾਂ ਪੱਟੀ ਆਦਿ ਨਹੀਂ ਲਗਾਈ। ਸੰਧੂ ਨੇ ਕਿਹਾ ਕਿ ਪਹਿਲਾਂ ਅਧੂਰਾ ਕੰਮ ਪੂਰਾ ਕੀਤਾ ਜਾਵੇ ਫਿਰ ਅੱਗੇ ਵਧਿਆ ਜਾਵੇ।

ਅੱਜ ਇਸ ਮੌਕੇ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ, ਨੰਬਰਦਾਰ ਜਗਜੀਤ ਸਿੰਘ ਚੂਹੇਕੀ, ਬਾਬਾ ਬੂਟਾ ਸਿੰਘ ਜੌਹਲ, ਦਿਨਕਰ ਸੰਧੂ, ਡਾ: ਰਣਜੀਤ ਸਿੰਘ, ਪਰਮਜੀਤ ਸਿੰਘ ਜੌਹਲ, ਅਮਰਜੀਤ ਸਿੰਘ ਪੰਚ, ਮੰਗਾ ਟੇਲਰ, ਸੀਤਲ ਦਾਸ, ਗੁਰਵਿੰਦਰ ਸਿੰਘ, ਰਾਮ ਦਾਸ ਤੋਂ ਇਲਾਵਾ ਹੋਰ ਪਿੰਡ ਵਾਸੀਆਂ ਨੇ ਸੁੱਤੇ ਪਏ ਵਿਭਾਗ ਨੂੰ ਲੋਕ ਹਿੱਤ ਦੀ ਖਾਤਿਰ ਜਗਾਉਣ ਦੀ ਕੋਸ਼ਿਸ਼ ਕੀਤੀ।