ਲੁਧਿਆਣਾ ਕੇਂਦਰੀ ਜੇਲ੍ਹ ’ਚੋਂ ਚਾਰ ਬੰਦੀ ਫ਼ਰਾਰ

ਲੁਧਿਆਣਾ- ਕਰੋਨਾਵਾਇਰਸ ਨੂੰ ਲੈ ਕੇ ਲੱਗੇ ਕਰਫਿਊ ਦੇ ਬਾਵਜੂਦ ਤਾਜਪੁਰ ਰੋਡ ਸਥਿਤ ਕੇਂਦਰੀ ਜੇਲ੍ਹ ’ਚ ਬੰਦ ਇੱਕ ਕੈਦੀ ਤੇ ਤਿੰਨ ਹਵਾਲਾਤੀ ਦੇਰ ਰਾਤ ਕੰਧ ਟੱਪ ਕੇ ਫ਼ਰਾਰ ਹੋ ਗਏ ਹਨ।
ਚਾਰੇ ਮੁਲਜ਼ਮਾਂ ਦੇ ਫ਼ਰਾਰ ਹੋਣ ਦਾ ਪਤਾ ਉਸ ਵੇਲੇ ਲੱਗਿਆ, ਜਦੋਂ ਸਵੇਰੇ ਬੰਦੀਆਂ ਦੀ ਗਿਣਤੀ ਹੋਣ ਲੱਗੀ। ਘਟਨਾ ਦੀ ਸੂਚਨਾ ਮਿਲਦੇ ਹੀ ਜੇਲ੍ਹ ਸੁਪਰਡੈਂਟ ਰਾਜੀਵ ਅਰੋੜਾ ਅਤੇ ਏਡੀਸੀਪੀ-4 ਅਜਿੰਦਰ ਸਿੰਘ ਪੁਲੀਸ ਟੀਮ ਨਾਲ ਮੌਕੇ ’ਤੇ ਪੁੱਜ ਗਏ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਇਸ ਮਾਮਲੇ ’ਚ ਮੁਲਜ਼ਮਾਂ ’ਤੇ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਹਵਾਲਾਤੀ ਅਮਨ ਕੁਮਾਰ ਉਰਫ਼ ਦੀਪਕ, ਅਰਸ਼ਦੀਪ ਸਿੰਘ ਉਰਫ਼ ਸੀਪਾ ਵਾਸੀ ਬਸਤੀ ਅਜੀਤ ਨਗਰ ਸੰਗਰੂਰ, ਸੂਰਜ ਕੁਮਾਰ ਵਾਸੀ ਜ਼ਿਲ੍ਹਾ ਸੁਲਤਾਨਪੁਰ ਉੱਤਰ ਪ੍ਰਦੇਸ਼ ਅਤੇ ਸਮਰਾਲਾ ਦੇ ਵਾਸੀ ਰਵੀ ਕੁਮਾਰ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚਾਰੇ ਮੁਲਜ਼ਮ ਜੇਲ੍ਹ ’ਚ ਇਕੱਠੇ ਹੀ ਬੰਦ ਸਨ। ਰੋਜ਼ਾਨਾ ਦੀ ਤਰ੍ਹਾਂ ਬੀਤੇ ਦਿਨ ਵੀ ਕੈਦੀਆਂ ਤੇ ਹਵਾਲਾਤੀਆਂ ਦੀਆਂ ਬੈਰਕਾਂ ’ਚ ਬੰਦੀ ਤੇ ਗਿਣਤੀ ਤੋਂ ਬਾਅਦ ਹੀ ਅਧਿਕਾਰੀ ਚਲੇ ਗਏ। ਦੇਰ ਰਾਤ ਕਰੀਬ 1 ਵਜੇ ਤੋਂ ਬਾਅਦ ਚਾਰੇ ਮੁਲਜ਼ਮ ਬੈਰਕ ’ਚੋਂ ਬਾਹਰ ਆਏ ਅਤੇ ਉਹ ਸਟੇਡੀਅਮ ਦੇ ਰਸਤਿਓਂ ਹੁੰਦੇ ਹੋਏ ਮਹਿਲਾ ਜੇਲ੍ਹ ਦੀ ਕੰਧ ਚੜ੍ਹੇ ਅਤੇ ਫਰਾਰ ਹੋ ਗਏ। ਮੁਲਜ਼ਮਾਂ ਨੇ ਕੰਧ ਟੱਪਣ ਲਈ ਕੰਬਲ ਦੀ ਵਰਤੋਂ ਰੱਸੀ ਵਜੋਂ ਕੀਤੀ ਤੇ 10 ਫੁੱਟ ਤੋਂ ਛਾਲ ਮਾਰ ਕੇ ਫ਼ਰਾਰ ਹੋ ਗਏ। ਜੇਲ੍ਹ ’ਚੋਂ ਫਰਾਰ ਹੋਏ ਮੁਲਜ਼ਮਾਂ ਖ਼ਿਲਾਫ਼ ਨਸ਼ਾ ਤਸਕਰੀ, ਚੋਰੀ, ਲੁੱਟ-ਖੋਹ, ਸ਼ਰਾਬ ਤਸਕਰੀ ਸਮੇਤ ਕਈ ਗੰਭੀਰ ਕੇਸ ਦਰਜ ਹਨ।