ਲੁਧਿਆਣਾ ਕਾਂਗਰਸ ਵਿੱਚ ਫਿਰ ਉੱਭਰੀ ਧੜੇਬੰਦੀ

ਸਨਅਤੀ ਸ਼ਹਿਰ ਦੀ ਕਾਂਗਰਸ ਵਿੱਚ ਸਭ ਕੁਝ ਠੀਕ ਠਾਕ ਨਹੀਂ ਚੱਲ ਰਿਹਾ ਹੈ। ਲੋਕ ਸਭਾ ਚੋਣਾਂ ਦੌਰਾਨ ਕਿਸੇ ਤਰੀਕੇ ਦੇ ਨਾਲ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਸਾਰੇ ਨਾਰਾਜ਼ ਕਾਂਗਰਸੀਆਂ ਦੇ ਘਰ ਜਾ ਕੇ ਉਨ੍ਹਾਂ ਨੂੰ ਮਨਾਇਆ ਸੀ ਪਰ ਹੁਣ ਫਿਰ ਲੋਕ ਸਭਾ ਚੋਣਾਂ ਦੇ ਦੋ ਮਹੀਨੇ ਬਾਅਦ ਹੀ ਕਾਂਗਰਸ ਵਿੱਚ ਧੜੇਬੰਦੀ ਜਗਜ਼ਾਹਰ ਹੋ ਰਹੀ ਹੈ। ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਨਜ਼ਦੀਕੀ ਮੰਨੇ ਜਾਣ ਵਾਲੇ ਰਮਨ ਨੇ ਅੱਜ ਨਗਰ ਸੁਧਾਰ ਟਰੱਸਟ ਦਾ ਅਹੁਦਾ ਸੰਭਾਲਣ ਲਈ ਰੱਖੇ ਗਏ ਸਮਾਗਮ ਵਿੱਚ ਸੀਨੀਅਰ ਵਿਧਾਇਕ ਰਾਕੇਸ਼ ਪਾਂਡੇ, ਵਿਧਾਇਕ ਸੁਰਿੰਦਰ ਡਾਬਰ ਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਗ਼ੈਰਹਾਜ਼ਰੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ। ਸਿਆਸੀ ਪੰਡਤਾਂ ਦੀ ਮੰਨੀਏ ਤਾਂ ਰਮਨ ਸੁਬਰਾਮਨੀਅਮ ਨੂੰ ਚੇਅਰਮੈਨੀ ਦੇਣ ਸਮੇਂ ਪਾਰਟੀ ਹਾਈ ਕਮਾਂਡ ਨੇ ਲੁਧਿਆਣਾ ਦੇ ਕਿਸੇ ਵੀ ਵਿਧਾਇਕ ਦੀ ਰਾਏ ਨਹੀਂ ਲਈ, ਜਿਸ ਕਾਰਨ ਸਨਅਤੀ ਸ਼ਹਿਰ ਦੇ ਦੋ ਵਿਧਾਇਕ ਇਸ ਨਿਯੁਕਤੀ ਤੋਂ ਸਿੱਧੇ ਤੌਰ ’ਤੇ ਨਾਰਾਜ਼ ਹਨ। ਪਿਛਲੇ ਦਿਨੀਂ ਜਦੋਂ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਖਾਸ ਰਮਨ ਸੁਬਰਾਮਨੀਅਮ ਨੂੰ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਥਾਪਿਆ ਗਿਆ ਸੀ, ਉਦੋਂ ਤੋਂ ਹੀ ਚਰਚਾ ਸੀ ਕਿ ਹੁਣ ਲੁਧਿਆਣਾ ਕਾਂਗਰਸ ਵਿੱਚ ਧੜੇਬੰਦੀ ਹੋ ਵਧੇਗੀ ਜਿਸਦਾ ਕਾਰਨ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਾਤਾਰ ਮੰਤਰੀ ਆਸ਼ੂ ਦੇ ਗਰੁੱਪ ਨੂੰ ਅਹਿਮਅਤ ਦਿੱਤੀ ਜਾ ਰਹੀ ਹੈ। ਬਾਕੀ ਕਾਂਗਰਸ ਦੇ ਵਿਧਾਇਕਾਂ ਦੀ ਪੁੱਛ ਪੜਤਾਲ ਹੋ ਨਹੀਂ ਰਹੀ। ਵਿਧਾਨ ਸਭਾ ਚੋਣਾਂ ਦੇ ਸਮੇਂ ਤੋਂ ਹੀ ਵਿਧਾਇਕ ਪਾਂਡੇ ਮੰਤਰੀ ਆਸ਼ੂ ਤੇ ਬਿੱਟੂ ਤੋਂ ਨਾਰਾਜ਼ ਚੱਲ ਰਹੇ ਸਨ। ਇਸ ਤੋਂ ਬਾਅਦ ਜਦੋਂ ਝੰਡੀ ਵਾਲੀ ਕਾਰ ਲੈਣ ਦਾ ਸਮਾਂ ਆਇਆ ਸੀ ਤਾਂ ਉਸ ਵੇਲੇ ਵੀ ਛੇ ਵਾਰ ਦੇ ਵਿਧਾਇਕ ਰਾਕੇਸ਼ ਪਾਂਡੇ ਤੇ ਚਾਰ ਵਾਰ ਦੇ ਵਿਧਾਇਕ ਸੁਰਿੰਦਰ ਡਾਬਰ ਦੀ ਸੀਨੀਅਰਤਾ ਨੂੰ ਅਣਗੋਲਿਆ ਕਰਕੇ ਭਾਰਤ ਭੂਸ਼ਣ ਆਸ਼ੂ ਨੂੰ ਮੰਤਰੀ ਬਣਾ ਦਿੱਤਾ ਗਿਆ। ਉਦੋਂ ਤੋਂ ਚਰਚਾ ਹੈ ਕਿ ਵਿਧਾਇਕ ਆਸ਼ੂ ਨੂੰ ਮੰਤਰੀ ਬਣਾਉਣ ਲਈ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਉਦੋਂ ਅਹਿਮ ਰੋਲ ਅਦਾ ਕੀਤਾ ਸੀ, ਜਦਕਿ ਉਸ ਵੇਲੇ ਵਿਧਾਇਕ ਰਾਕੇਸ਼ ਪਾਂਡੇ ਨੂੰ ਵੀ ਮੰਤਰੀ ਬਣਾਉਣ ਦੇ ਚਰਚੇ ਸਨ। ਇਸ ਵਾਰ ਲੋਕ ਸਭਾ ਚੋਣਾਂ ਵਿੱਚ ਵਿਧਾਇਕ ਪਾਂਡੇ ਲੋਕ ਸਭਾ ਮੈਂਬਰ ਬਿੱਟੂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ ਪਰ ਚੋਣਾਂ ਨੇੜੇ ਪਾਰਟੀ ਹਾਈ ਕਮਾਨ ਤੋਂ ਮਿਲੇ ਹੁਕਮਾਂ ਤੋਂ ਬਾਅਦ ਵਿਧਾਇਕ ਪਾਂਡੇ ਤੇ ਬਿੱਟੂ ਵਿੱਚ ਸੁਲਾਹ ਹੋ ਗਈ ਸੀ ਪਰ ਹੁਣ ਇੱਕ ਵਾਰ ਸਾਰੇ ਵਿਧਾਇਕਾਂ ਤੋਂ ਬਿਨਾਂ ਸਲਾਹ ਲਏ ਹੀ ਮੰਤਰੀ ਆਸ਼ੂ ਦੇ ਨਜ਼ਦੀਕੀ ਨੂੰ ਚੇਅਰਮੈਨ ਦੇ ਅਹੁਦੇ ’ਤੇ ਬਿਠਾ ਦਿੱਤਾ ਗਿਆ। ਵਿਧਾਇਕ ਪਾਂਡੇ ਤੇ ਵਿਧਾਇਕ ਡਾਬਰ ਦੋਵਾਂ ਨੇ ਇਹੋਂ ਗੱਲ ਕਹੀ ਕਿ ਉਹ ਸ਼ਹਿਰ ਤੋਂ ਬਾਹਰ ਕਿਸੇ ਕੰਮ ਆਏ ਹੋਏ ਹਨ, ਨਹੀਂ ਤਾਂ ਸਮਾਗਮ ਵਿੱਚ ਜ਼ਰੂਰ ਆਉਂਦੇ। ਲੋਕ ਸਭਾ ਮੈਂਬਰ ਬਿੱਟੂ ਦੇ ਨਜ਼ਦੀਕੀ ਗੁਰਦੀਪ ਸਰਪੰਚ ਸਮਾਗਮ ਵਿੱਚ ਸ਼ਾਮਲ ਹੋਏ ਸਨ, ਜਿਨ੍ਹਾਂ ਦੱਸਿਆ ਕਿ ਲੋਕ ਸਭਾ ਮੈਂਬਰ ਬਿੱਟੂ ਦਿੱਲੀ ਹਨ।