ਰੁਜ਼ਗਾਰ ਮਿਲਣ ਦੀ ਸੂਰਤ ਵਿਚ ਵਾਪਸੀ ਨਹੀਂ ਕਰਨਾ ਚਾਹੁੰਦੇ 71 ਫ਼ੀਸਦ ਪਰਵਾਸੀ ਕਾਮੇ

ਸੰਬਲਪੁੁਰ (ਊੜੀਸ਼ਾ) (ਸਮਾਜ ਵੀਕਲੀ) : ਕਰੋਨਾਵਾਇਰਸ ਮਹਾਮਾਰੀ ਕਾਰਨ ਦੇਸ਼ ਭਰ ਵਿਚੋਂ ਊੜੀਸਾ ਪਰਤੇ ਪਰਵਾਸੀ ਕਾਮਿਆਂ ਵਿਚੋਂ ਕਰੀਬ 71 ਫ਼ੀਸਦ ਸੂਬੇ ਵਿੱਚ ਹੀ ਸਥਿਰ ਰੁਜ਼ਗਾਰ ਮਿਲਣ ਦੀ ਸੂਰਤ ਵਿੱਚ ਕਿਤੇ ਵੀ ਵਾਪਸ ਪਰਵਾਸ ਕਰਨ ਦੇ ਚਾਹਵਾਨ ਨਹੀਂ ਹਨ।

ਪੱਛਮੀ ਊੜੀਸਾ ਦੇ ਚਾਰ ਜ਼ਿਲ੍ਹਿਆਂ ਸੰਬਲਪੁਰ, ਬੋਲਨਗੀਰ, ਦਿਓਗੜ੍ਹ ਅਤੇ ਬਾਰਗੜ੍ਹ ਵਿੱਚ ਟੈਲੀਫੋਨ ਜ਼ਰੀਏ ਸਰਵੇਖਣ ਕੀਤਾ ਗਿਅਾ, ਜਿਸ ਦੌਰਾਨ ਕਰੀਬ 227 ਪਰਵਾਸੀ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਗਈ। ਇਹ ਸਰਵੇਖਣ ਸੰਬਲਪੁਰ ਯੂਨੀਵਰਸਿਟੀ ਦੇ ਇੱਕ ਵਿਭਾਗ ਵਲੋਂ ਕੀਤਾ ਗਿਆ। ਪ੍ਰੋ. ਅਰੁਣ ਕੁਮਾਰ ਅਚਾਰੀਆ ਨੇ ਦੱਸਿਆ ਕਿ ਸਰਵੇਖਣ ਵਿੱਚ ਪਾਇਆ ਗਿਆ ਕਿ ਪੱਛਮੀ ਊੜੀਸ਼ਾ ਦੇ ਚਾਰ ਜ਼ਿਲ੍ਹਿਆਂ ਦੇ ਲੋਕ ਮੁੱਖ ਤੌਰ ’ਤੇ ਸੂਬੇ ਵਿੱਚ ਰੁਜ਼ਗਾਰ ਨਾ ਮਿਲਣ ਕਾਰਨ ਪਰਵਾਸ ਕਰ ਗੲੇ ਸਨ।

ਸਰਵੇਖਣ ਦੌਰਾਨ ਪਾਇਆ ਗਿਆ ਕਿ ਜੇਕਰ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ ਤਾਂ ਕਾਮੇ ਪਰਵਾਸ ਨਹੀਂ ਕਰਨਗੇ। ਊਨ੍ਹਾਂ ਦੱਸਿਆ ਕਿ ਬੋਲਨਗੀਰ ਜ਼ਿਲ੍ਹੇ ਤੋਂ ਜ਼ਿਆਦਾਤਰ ਲੋਕ ਦੱਖਣੀ ਸੂਬਿਆਂ ਦੀਆਂ ਟੈਕਸਟਾਈਲ ਇਕਾਈਆਂ ਵਿੱਚ ਕੰਮ ਕਰਨ ਲਈ ਜਾਂਦੇ ਹਨ। ਬੋਲਨਗੀਰ ਵਿੱਚ ਕੋਈ ਟੈਕਸਟਾਈਲ ਫੈਕਟਰੀ ਨਹੀਂ ਹੈ ਭਾਵੇਂ ਕਿ ਖੇਤਰ ਵਿੱਚ ਨਰਮੇ ਦੀ ਫ਼ਸਲ ਹੁੰਦੀ ਹੈ। ਊਨ੍ਹਾਂ ਕਿਹਾ, ‘‘ਸੂਬੇ ਦੇ ਲੋਕਾਂ ਕੋਲ ਮੁਹਾਰਤ ਹੈ ਅਤੇ ਜੇਕਰ ਊਨ੍ਹਾਂ ਨੂੰ ਇੱਥੇ ਟੈਕਸਟਾਈਲ ਫੈਕਟਰੀਆਂ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ ਹੈ ਤਾਂ ਊਨ੍ਹਾਂ ਨੂੰ ਨੌਕਰੀਆਂ ਲਈ ਪਰਵਾਸ ਕਰਨ ਦੀ ਲੋੜ ਨਹੀਂ ਪਵੇਗੀ।’’

ਸਰਵੇਖਣ ਅਨੁਸਾਰ ਵਾਪਸ ਆਊਣ ਵਾਲੇ 50 ਫ਼ੀਸਦ ਤੋਂ ਵੱਧ ਪਰਵਾਸੀ ਮਜ਼ਦੂਰਾਂ ਦੀ ਊਮਰ 25 ਵਰ੍ਹਿਆਂ ਤੋਂ ਘੱਟ ਹੈ, ਕਰੀਬ 15 ਫ਼ੀਸਦ ਨੇ ਕਦੇ ਸਕੂਲ ਦਾ ਮੂੰਹ ਨਹੀਂ ਦੇਖਿਆ ਅਤੇ 46 ਫ਼ੀਸਦ ਪ੍ਰਾਇਮਰੀ ਤੱਕ ਪੜ੍ਹੇ ਹੋਏ ਹਨ।