ਰਾਹਤ ਟੀਮਾਂ ਬੋਰਵੈੱਲ ’ਚ ਡਿੱਗੇ ਸੁਜੀਤ ਨੂੰ ਬਚਾਉਣ ’ਚ ਨਾਕਾਮ

ਤ੍ਰਿਚਰਾਪੱਲੀ- ਰਾਹਤ ਟੀਮਾਂ 88 ਫੁੱਟ ਡੂੰਘੇ ਬੋਰਵੈੱਲ ’ਚ ਡਿੱਗੇ ਤਿੰਨ ਸਾਲਾ ਸੁਜੀਤ ਵਿਲਸਨ ਨੂੰ ਬਚਾਉਣ ਵਿੱਚ ਨਾਕਾਮ ਰਹੀਆਂ ਹਨ। ਪਿਛਲੇ ਪੰਜ ਦਿਨਾਂ ਦੀ ਮੁਸ਼ੱਕਤ ਮਗਰੋਂ ਟੀਮ ਨੇ ਅੱਜ ਉਸ ਨੂੰ ਬੋਰ ’ਚੋਂ ਬਾਹਰ ਕੱਢਿਆ ਤਾਂ ਉਹਦੀ ਮੌਤ ਹੋ ਚੁੱਕੀ ਸੀ। ਉਸ ਦੀ ਲਾਸ਼ ਗਲ ਸੜ ਚੁੱਕੀ ਸੀ। ਸੁਜੀਤ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਘਰ ਨੇੜੇ ਖੇਡਦਿਆਂ ਅਣਵਰਤੇ ਬੋਰ ਵਿੱਚ ਜਾ ਡਿੱਗਾ ਸੀ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਕੇ.ਪਲਾਨਾਸਵਾਮੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੁਜੀਤ ਵਿਲਸਨ ਨੂੰ ਬਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਹਾਲਾਂਕਿ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਡੀਐੱਮਕੇ ਨੇ ਸਰਕਾਰ ’ਤੇ ਰਾਹਤ ਕਾਰਜਾਂ ਮੌਕੇ ‘ਆਲਸੀ ਰਵੱਈਆ’ ਅਪਣਾਉਣ ਦਾ ਦੋਸ਼ ਲਾਇਆ ਹੈ।
ਉਧਰ ਸਰਕਾਰੀ ਹਸਪਤਾਲ ਵਿੱਚੋਂ ਪੋਸਟ ਮਾਰਟਮ ਕਰਵਾਉਣ ਸੁਜੀਤ ਵਿਲਸਨ ਦੀ ਦੇਹ ਉਹਦੇ ਮਾਤਾ-ਪਿਤਾ ਨੂੰ ਸੌਂਪ ਦਿੱਤੀ ਗਈ ਹੈ। ਪਰਿਵਾਰ ਨੇ ਮਗਰੋਂ ਉਸ ਨੂੰ ਰਸਮਾਂ ਮੁਤਾਬਕ ਨੇੜਲੇ ਕਬਰਿਸਤਾਨ ਵਿੱਚ ਦਫ਼ਨਾ ਦਿੱਤਾ। ਸੁਜੀਤ ਸ਼ੁੱਕਰਵਾਰ ਸ਼ਾਮ ਨੂੰ ਪਿੰਡ ਨਾਡੂਕੱਟੂਪੱਤੀ ਵਿੱਚ ਆਪਣੇ ਘਰ ਦੇ ਬਾਹਰ ਖੇਡਦਿਆਂ ਬੋਰਵੈੱਲ ਵਿੱਚ ਜਾ ਡਿੱਗਾ ਸੀ। ਸ਼ੁਰੂਆਤ ਵਿੱਚ ਉਹ 30 ਫੁੱਟ ਦੀ ਡੂੰਘਾਈ ’ਤੇ ਜਾ ਕੇ ਫਸ ਗਿਆ, ਪਰ ਹੌਲੀ ਹੌਲੀ ਉਹ ਹੇਠਾਂ ਧਸਦਾ ਗਿਆ ਤੇ ਆਖਿਰ ਨੂੰ ਉਹਦੀ ਦੇਹ 88 ਫੁੱਟ ਦੀ ਡੂੰਘਾਈ ’ਚੋਂ ਕੱਢੀ ਗਈ। ਉਂਜ, ਇਸ ਹਾਦਸੇ ਦਾ ਪਤਾ ਲਗਦਿਆਂ ਹੀ ਕਈ ਕੇਂਦਰੀ ਤੇ ਸੂਬਾਈ ਏਜੰਸੀਆਂ ਹਰਕਤ ਵਿੱਚ ਆ ਗਈਆਂ ਸਨ। ਮਾਲੀਆ ਪ੍ਰਸ਼ਾਸਨ ਦੇ ਕਮਿਸ਼ਨਰ ਜੇ.ਰਾਧਾਕ੍ਰਿਸ਼ਨਨ ਨੇ ਲੰਘੀ ਰਾਤ ਬੋਰਵੈੱਲ ’ਚੋਂ ਮੁਸ਼ਕ ਆਉਣ ਮਗਰੋਂ ਮੈਡੀਕਲ ਅਤੇ ਐੱਨਡੀਆਰਐੱਫ ਤੇ ਐੱਸਡੀਆਰਐੱਫ ਟੀਮ ਨਾਲ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਬੋਰ ’ਚ ਫਸੇ ਸੁਜੀਤ ਨੂੰ ਮ੍ਰਿਤਕ ਐਲਾਨ ਦਿੱਤਾ ਸੀ।
ਇਸ ਦੌਰਾਨ ਮਦਰਾਸ ਹਾਈ ਕੋਰਟ ਨੇ ਬੋਰਵੈੱਲ ’ਚ ਡਿੱਗਣ ਕਾਰਨ ਹੋਈ ਮੌਤ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਕੀ ਸਰਕਾਰ ਨੂੰ ਕਿਸੇ ਵੀ ਕਾਨੂੰਨ/ਐਕਟ ’ਤੇ ਅਮਲ ਕਰਨ ਲਈ ਲਾਸ਼ ਲੋੜੀਂਦੀ ਹੁੰਦੀ ਹੈ। ਅਦਾਲਤ ਨੇ ਜ਼ੁਬਾਨੀ ਹੁਕਮਾਂ ’ਚ ਸਾਫ਼ ਕਰ ਦਿੱਤਾ ਕਿ ਮੀਡੀਆ ਬੋਰਵੈੱਲ ਤੇ ਟਿਊਬਵੈੱਲਾਂ ਬਾਬਤ ਨੇਮਾਂ ਨੂੰ ਲਾਗੂ ਕਰਨ ਬਾਰੇ ਲੋਕਾਂ ’ਚ ਜਾਗਰੂਕਤਾ ਪੈਦਾ ਕਰਨ ਲਈ ਕੋਈ ਉਸਾਰੂ ਭੂਮਿਕਾ ਅਦਾ ਨਹੀਂ ਕਰ ਰਿਹਾ।