ਰਾਮ ਮੰਦਰ ਟਰੱਸਟ ਪ੍ਰਮੁੱਖ ਨੂੰ ਕਰੋਨਾ; ਮੰਦਰ ਦੇ ਨੀਂਹ ਪੱਥਰ ਸਮਾਗਮ ਦੌਰਾਨ ਮੋਦੀ, ਯੋਗੀ ਤੇ ਮੋਹਨ ਭਾਗਵਤ ਨਾਲ ਸਟੇਜ ਕੀਤੀ ਸੀ ਸਾਂਝੀ

ਚੰਡੀਗੜ੍ਹ (ਸਮਾਜ ਵੀਕਲੀ) : ਰਾਮ ਮੰਦਰ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲ ਦਾਸ ਨੂੰ ਕਰੋਨਾ ਹੋ ਗਿਆ ਹੈ। ਦਾਸ ਨੇ 5 ਅਗਸਤ ਨੂੰ ਅਯੁੱਧਿਆ ਦੇ ਰਾਮ ਮੰਦਰ ਲਈ ਕੀਤੇ ਮੁੱਖ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਨਾਲ ਸਟੇਜ ਸਾਂਝੀ ਕੀਤੀ ਸੀ। ਬਿਆਨ ਵਿੱਚ ਉੱਤਰ ਪ੍ਰਦੇਸ਼ ਸਰਕਾਰ ਨੇ ਕਿਹਾ ਕਿ ਆਦਿਤਿਆਨਾਥ ਨੇ ਮਹੰਤ ਗੋਪਾਲਦਾਸ ਦੀ ਸਿਹਤ ਸਥਿਤੀ ਦੀ ਜਾਣਕਾਰੀ ਲਈ ਹੈ। ਮੁੱਖ ਮੰਤਰੀ ਨੇ ਮਥੁਰਾ ਦੇ ਜ਼ਿਲ੍ਹਾ ਮੈਜਿਸਟਰੇਟ ਅਤੇ ਮੇਦਾਂਤਾ ਦੇ ਡਾ. ਤ੍ਰੇਹਨ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਤੁਰੰਤ ਡਾਕਟਰੀ ਸਹਾਇਤਾ ਦੀ ਮੰਗ ਕੀਤੀ ਹੈ।