ਰਾਜ ਸਭਾ: ਡਿਜੀਟਲ ਪੜ੍ਹਾਈ ਤੋਂ ਬਹੁਤੇ ਬੱਚੇ ਵਾਂਝੇ: ਨਾਇਡੂ ਨੇ ਵਿੱਤ ਮੰਤਰਾਲੇ ਨੂੰ ਇਸ ਮਾਮਲੇ ਵੱਲ ਧਿਆਨ ਦੇਣ ਲਈ ਕਿਹਾ

ਨਵੀਂ ਦਿੱਲੀ (ਸਮਾਜ ਵੀਕਲੀ) : ਕੋਵਿਡ-19 ਮਹਾਮਾਰੀ ਕਾਰਨ ਡਿਜੀਟਲ ਮਾਧਿਅਮ ਰਾਹੀਂ ਬੱਚਿਆਂ ਦੀ ਸਿੱਖਿਆ ਦਾ ਹਵਾਲਾ ਦਿੰਦੇ ਹੋਏ ਅੱਜ ਰਾਜ ਸਭਾ ਵਿੱਚ ਜਦੋਂ ਇਹ ਮੁੱਦਾ ਚੁੱਕਿਆ ਗਿਆ ਕਿ ਸਾਰੇ ਬੱਚਿਆਂ ਖਾਸ ਤੌਰ ’ਤੇ ਪਿੰਡਾਂ ਵਿੱਚ ਰਹਿਣ ਵਾਲੇ ਬੱਚੇ ਇਸ ਸਿੱਖਿਆਂ ਦੇ ਲਾਭ ਤੋਂ ਵਾਂਝ ਹਨ ਤਾਂ ਸਦਨ ਦੇ ਚੇਅਰਮੈਨ ਐੱਮ. ਵੈਂਕਈਆ ਨਾਇਡੂ ਨੇ ਕਿਹਾ ਇਹ ਬਹੁਤ ਮਹੱਤਵਪੂਰਨ ਮੁੱਦਾ ਹੈ ਅਤੇ ਵਿੱਤ ਮੰਤਰਾਲੇ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।

ਅੱਜ ਡੀਐੱਮਕੇ ਦੇ ਤਿਰੂਚੀ ਸਿਵਾ ਨੇ ਕੋਵਿਡ -19 ਮਹਾਮਾਰੀ ਦੇ ਇਸ ਯੁੱਗ ਵਿੱਚ ਬੱਚਿਆਂ ਨੂੰ ਡਿਜੀਟਲ ਮਾਧਿਅਮ ਰਾਹੀਂ ਸਿੱਖਿਆ ਦੇਣ ਦਾ ਮੁੱਦਾ ਉਠਾਇਆ। ਸਿਵਾ ਨੇ ਕਿਹਾ ਕਿ ਕੋਵਿਡ-19 ਦੇ ਮਾਮਲੇ ਵੱਧ ਰਹੇ ਹਨ ਅਤੇ ਸਕੂਲ ਬੰਦ ਹਨ। ਬੱਚਿਆਂ ਨੂੰ ਡਿਜੀਟਲ ਮਾਧਿਅਮ ਰਾਹੀਂ ਪੜ੍ਹਾਇਆ ਜਾ ਰਿਹਾ ਹੈ। ਇਹ ਠੀਕ ਹੈ ਪਰ ਸਾਰੇ ਬੱਚੇ ਇਸ ਸਿੱਖਿਆ ਦਾ ਲਾਹਾ ਨਹੀਂ ਲੈ ਸਕਦੇ ਕਿਉਂ ਕਿ ਉਨ੍ਹਾਂ ਕੋਲ ਜਾਂ ਤਾਂ ਇੰਟਰਨੈੱਟ ਦੀ ਸਹੂਲਤ ਨਹੀਂ ਹੈ ਜਾਂ ਸਮਾਰਟ ਫੋਨ ਜਾ ਲੈਪਟਾਪ ਨਹੀਂ। ਕਿਧਰੇ ਬਿਜਲੀ ਨਹੀਂ ਹੈ। ਇਹ ਚਿੰਤਾ ਦਾ ਵਿਸ਼ਾ ਹੈ। ਸਮੱਸਿਆ ਦੀ ਗੰਭੀਰਤਾ ਨੂੰ ਵੇਖਦਿਆਂ ਸਰਕਾਰ ਨੂੰ ਇਸ ਸਬੰਧੀ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ।