ਰਾਜੋਆਣਾ ਦੀ ਸਜ਼ਾ ਮੁਆਫ਼ੀ ਲਈ ਪੈਰਵੀ ਕਰੇਗਾ ਅਕਾਲੀ ਦਲ: ਗਰੇਵਾਲ

ਕੇਂਦਰ ਸਰਕਾਰ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫ਼ੀ ਬਾਰੇ ਅਪਣਾਈ ਜਾ ਰਹੀ ਦੋਗਲੀ ਨੀਤੀ ਨੂੰ ਰੋਕਣ ਲਈ ਅਕਾਲੀ ਦਲ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਸਜ਼ਾ ਮੁਆਫ਼ ਕਰਵਾਉਣ ਅਤੇ ਹਾਕਮ ਧਿਰ ਦੇ ਆਗੂਆਂ ਦੇ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਨਾਲ ਸਬੰਧਾਂ ਦੀ ਜਾਂਚ ਕਰਾਉਣ ਲਈ ਪੈਰਵੀ ਕਰੇਗਾ। ਇਹ ਵਿਚਾਰ ਅੱਜ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਦਿਹਾਤੀ ਦੇ ਇਜਲਾਸ ਦੌਰਾਨ ਜ਼ਿਲ੍ਹਾ ਅਬਜ਼ਰਵਰ ਰਮੇਸ਼ ਇੰਦਰ ਸਿੰਘ ਗਰੇਵਾਲ ਨੇ ਪ੍ਰਗਟਾਏ, ਜਿਸ ’ਤੇ ਜਲੰਧਰ ਦਿਹਾਤੀ ਦੇ ਛੇ ਵਿਧਾਨ ਸਭਾ ਹਲਕਿਆਂ ਤੋਂ ਆਏ ਇੰਚਾਰਜਾਂ ਤੇ ਅਹੁਦੇਦਾਰਾਂ ਨੇ ਸਹਿਮਤੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸਰਕਾਰੀ ਮੁਲਾਜ਼ਮ ਆਪਣੀਆਂ ਤਨਖਾਹਾਂ ਲੈਣ ਲਈ ਸੜਕਾਂ ’ਤੇ ਉੱਤਰੇ ਹੋਏ ਹਨ। ਅਕਾਲੀ ਦਲ ਜਲੰਧਰ ਦਿਹਾਤੀ ਦੇ ਪ੍ਰਧਾਨ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਛੇ ਵਿਧਾਨ ਸਭਾ ਹਲਕਿਆਂ, ਜਿਨ੍ਹਾਂ ਵਿੱਚ ਕਰਤਾਰਪੁਰ, ਆਦਮਪੁਰ, ਫਿਲੌਰ, ਸ਼ਾਹਕੋਟ, ਨਕੋਦਰ ਤੇ ਜਲੰਧਰ ਛਾਉਣੀ ਤੋਂ ਆਏ ਹਲਕਾ ਇੰਚਾਰਜਾਂ ਤੇ ਵਰਕਰਾਂ ਵੱਲੋਂ ਪਾਰਟੀ ਅਤੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਲਈ ਡੈਲੀਗੇਟ ਚੁਣਨ ਦੀ ਕਾਰਵਾਈ ਆਰੰਭ ਕਰਵਾਈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਬੂਥ ਪੱਧਰ ’ਤੇ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਡੈਲੀਗੇਟ ਚੁਣਨ ਲਈ ਮੀਟਿੰਗ ਖ਼ਤਮ ਹੋਣ ਮਗਰੋਂ ਸ੍ਰੀ ਗਰੇਵਾਲ ਨੇ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨਾਲ ਬੰਦ ਕਮਰਾ ਮੀਟਿੰਗ ਕੀਤੀ, ਜਿਸ ਵਿੱਚ ਆਪਸੀ ਸਹਿਮਤੀ ਨਾਲ ਵੱਖ ਵੱਖ ਹਲਕਿਆਂ ਤੋਂ ਆਏ ਵਰਕਰਾਂ ਤੇ ਅਹੁਦੇਦਾਰਾਂ ਵਿੱਚੋਂ ਡੈਲੀਗੇਟ ਚੁਣੇ ਗਏ। ਮੀਟਿੰਗ ਮਗਰੋਂ ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਛੇ ਵਿਧਾਨ ਸਭਾ ਹਲਕਿਆਂ ਵਿਚੋਂ ਪਾਰਟੀ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਲਈ ਡੈਲੀਗੇਟ ਚੁਣਨ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਤੇ ਚੁਣੇ ਗਏ ਡੈਲੀਗੇਟਾਂ ਦੀ ਲਿਸਟ ਪਾਰਟੀ ਹਾਈ ਕਮਾਂਡ ਤੱਕ ਭੇਜ ਦਿੱਤੀ ਜਾਵੇਗੀ।