ਰਾਜਮਾਰਗਾਂ ਦੀ ਉਸਾਰੀ ਜੰਗੀ ਪੱਧਰ ’ਤੇ ਸ਼ੁਰੂ ਕਰਨ ਦਾ ਮੌਕਾ: ਗਡਕਰੀ

ਰਾਜਮਾਰਗਾਂ ਦੀ ਉਸਾਰੀ ਜੰਗੀ ਪੱਧਰ ’ਤੇ ਸ਼ੁਰੂ ਕਰਨ ਦਾ ਮੌਕਾ: ਗਡਕਰੀ

ਨਵੀਂ ਦਿੱਲੀ  (ਸਮਾਜਵੀਕਲੀ)  – ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਕਰੋਨਾ ਸੰਕਟ ਨੂੰ ਮੌਕੇ ’ਚ ਤਬਦੀਲ ਕਰਦਿਆਂ ਮੁਲਕ ਨੂੰ ਬੁਨਿਆਦੀ ਢਾਂਚੇ ’ਤੇ ਧਿਆਨ ਕੇਂਦਰਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰਾਜਮਾਰਗਾਂ ਦੀ ਉਸਾਰੀ ਦੇ ਪ੍ਰਾਜੈਕਟਾਂ ਨੂੰ ਮੁੜ ਸ਼ੁਰੂ ਕਰਨ ਲਈ ਸੂਬਾ ਸਰਕਾਰਾਂ ਨਾਲ ਗੱਲਬਾਤ ਜਾਰੀ ਹੈ ਜਿਥੇ ਪਰਵਾਸੀ ਮਜ਼ਦੂਰਾਂ ਨੂੰ ਰੁਜ਼ਗਾਰ ਮਿਲ ਸਕਦਾ ਹੈ।

ਖ਼ਬਰ ਏਜੰਸੀ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕਰਦਿਆਂ ਸੜਕ ਆਵਾਜਾਈ, ਰਾਜਮਾਰਗਾਂ ਅਤੇ ਐੱਮਐੱਸਐੱਮਈ ਮੰਤਰੀ ਨੇ ਕਿਹਾ ਕਿ ਪਰਵਾਸੀ ਮਜ਼ਦੂਰਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਲਈ ਸੂਬਾ ਸਰਕਾਰਾਂ ਨਾਲ ਗੱਲਬਾਤ ਚੱਲ ਰਹੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਰੋਡ ਸੈਕਟਰ ਦੇ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਸੀ।

‘ਪ੍ਰਾਜੈਕਟਾਂ ’ਤੇ ਕੰਮ ਇਸ ਸ਼ਰਤ ਨਾਲ ਮੁੜ ਆਰੰਭ ਹੋ ਸਕਦਾ ਹੈ ਕਿ ਕਰੋਨਾਵਾਇਰਸ ਖ਼ਿਲਾਫ਼ ਢੁਕਵੇਂ ਕਦਮ ਉਠਾਏ ਜਾਣ। ਕੁਝ ਥਾਵਾਂ ’ਤੇ ਕੁਲੈਕਟਰਾਂ ਨੇ ਪ੍ਰਵਾਨਗੀ ਦੇ ਦਿੱਤੀ ਹੈ। ਅਸੀਂ ਸੂਬਿਆਂ ਦੇ ਮੁੱਖ ਸਕੱਤਰਾਂ ਨਾਲ ਇਸ ਬਾਬਤ ਗੱਲਬਾਤ ਕਰ ਰਹੇ ਹਾਂ।’ ਉਨ੍ਹਾਂ ਕਿਹਾ ਕਿ ਅੰਦਾਜ਼ੇ ਮੁਤਾਬਕ ਕਰੀਬ 20 ਲੱਖ ਪਰਵਾਸੀ ਮਜ਼ਦੂਰ ਵੱਖ ਵੱਖ ਥਾਵਾਂ ’ਤੇ ਫਸੇ ਹੋਏ ਹਨ ਜਾਂ ਉਹ ਆਪਣੇ ਪਿੰਡਾਂ ਨੂੰ ਪਰਤ ਗਏ ਹਨ।

ਸ੍ਰੀ ਗਡਕਰੀ ਨੇ ਕਿਹਾ ਕਿ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਬੁਨਿਆਦੀ ਢਾਂਚੇ ਦੀ ਲੋੜ ਪਵੇਗੀ ਅਤੇ ਆਉਂਦੇ ਸਾਲਾਂ ’ਚ ਇਸ ਨੂੰ ਤਰਜੀਹ ਦੇਣੀ ਪਵੇਗੀ। ਉਨ੍ਹਾਂ ਕਿਹਾ ਕਿ ਹਾਈਵੇਅ ਸੈਕਟਰ ਨੂੰ ਉਤਸ਼ਾਹਿਤ ਕਰਨ ਦੀਆਂ ਯੋਜਨਾਵਾਂ ਬਣਾਈਆਂ ਗਈਆਂ ਹਨ ਅਤੇ ਪਹਿਲਾਂ ਹੀ ਕਮੇਟੀ ਬਣਾ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਇਕ ਲੱਖ ਕਰੋੜ ਰੁਪਏ ਦੇ ਦਿੱਲੀ-ਮੁੰਬਈ ਨਿਊ ਐਕਸਪ੍ਰੈੱਸਵੇਅ ਸਮੇਤ ਹੋਰ ਹਾਈਵੇਅ ਪ੍ਰਾਜੈਕਟਾਂ ’ਤੇ ਜੰਗੀ ਪੱਧਰ ’ਤੇ ਕੰਮ ਸ਼ੁਰੂ ਕਰਨ ਦੀ ਲੋੜ ਹੈ। ਐਕਸਪ੍ਰੈੱਸਵੇਅ ਨਾਲ ਰਾਜਸਥਾਨ, ਹਰਿਆਣਾ, ਮਹਾਰਾਸ਼ਟਰ, ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਦੂਰ-ਦੁਰਾਡੇ ਅਤੇ ਪੱਛੜੇ ਇਲਾਕਿਆਂ ਦਾ ਵਿਕਾਸ ਹੋਵੇਗਾ। ਮੰਤਰੀ ਨੇ ਕਿਹਾ ਕਿ ਸਰਕਾਰ ਨੇ ਜ਼ਮੀਨਾਂ ਐਕੁਆਇਰ ਕਰਕੇ 16 ਹਜ਼ਾਰ ਕਰੋੜ ਰੁਪਏ ਬਚਾਏ ਹਨ।

ਉਨ੍ਹਾਂ ਕੰਪਨੀਆਂ ਨੂੰ ਬੇਨਤੀ ਕੀਤੀ ਕਿ ਉਹ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਹਾਈਵੇਅ ਦੇ ਨਾਲ ਮੈਨੂਫੈਕਚਰਿੰਗ ਕੇਂਦਰ ਸਥਾਪਤ ਕਰਨ ਲਈ ਅੱਗੇ ਆਉਣ। ਟਰਾਂਸਪੋਰਟਰਾਂ ਦੇ ਮੁੱਦੇ ’ਤੇ ਸ੍ਰੀ ਗਡਕਰੀ ਨੇ ਕਿਹਾ ਕਿ ਉਨ੍ਹਾਂ ਸਾਰੇ ਮੁੱਖ ਮੰਤਰੀਆਂ ਨੂੰ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਉਹ ਟਰਾਂਸਪੋਰਟ ਨੂੰ ਤਰਕਸੰਗਤ ਬਣਾਉਣ।