ਰਾਜਨੀਤੀ ਨੂੰ ‘ਸੇਵਾ’ ਸਮਝ ਕੇ ਨਿਭਾਉਣਾ ਚਾਹੀਦੈ: ਬਾਦਲ

ਲੰਬੀ- ਅਜੋਕੀ ਭਾਰਤੀ ਸਿਆਸਤ ’ਚ ਸਭ ਤੋਂ ਵਡੇਰੀ ਉਮਰ ਦੇ ਰਾਜਸੀ ਆਗੂ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਜ਼ਿੰਦਗੀ ਦੇ 93ਵੇਂ ਸਾਵਣ ’ਚ ਪ੍ਰਵੇਸ਼ ਕਰ ਗਏ। ਪਿੰਡ ਬਾਦਲ ਵਿਚ ਉਨ੍ਹਾਂ ਦਾ 92ਵਾਂ ਜਨਮ ਦਿਨ ਪਰਿਵਾਰਕ ਪੱਧਰ ’ਤੇ ਮਨਾਇਆ ਗਿਆ। ਇਸ ਮੌਕੇ ਸਕੂਲੀ ਬੱਚਿਆਂ ਤੋਂ ਲੈ ਕੇ ਵੱਖ-ਵੱਖ ਸਿਆਸਤਦਾਨ ਬਾਬਾ ਬੋਹੜ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇਣ ਪੁੱਜੇ।
ਸਾਬਕਾ ਮੁੱਖ ਮੰਤਰੀ ਨੇ ਅੱਜ ਆਪਣੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ, ਪੁੱਤਰ ਸੁਖਬੀਰ ਸਿੰਘ ਬਾਦਲ, ਨੂੰਹ ਹਰਸਿਮਰਤ ਕੌਰ ਬਾਦਲ, ਦੋਵੇਂ ਪੋਤਰੀਆਂ ਹਰਕੀਰਤ ਕੌਰ ਬਾਦਲ ਅਤੇ ਗੁਰਲੀਨ ਕੌਰ ਬਾਦਲ ਦੀ ਮੌਜੂਦਗੀ ’ਚ ਜਨਮ ਦਿਨ ਦਾ ਕੇਕ ਕੱਟਿਆ। ਗੁਰਦਾਸ ਸਿੰਘ ਬਾਦਲ ਨੇ ਕੇਕ ਖੁਆ ਕੇ ਵੱਡੇ ਭਰਾ ਦੀ ਲੰਮੀ ਉਮਰ ਤੇ ਤੰਦਰੁਸਤੀ ਦੀ ਕਾਮਨਾ ਕੀਤੀ। ਫਿਰ ਵੱਡੇ ਬਾਦਲ ਨੇ ਗੁਰਦਾਸ ਹੁਰਾਂ ਨੂੰ ਕੇਕ ਖੁਆ ਕੇ ਵਧਾਈ ਕਬੂਲੀ।
ਜ਼ਿਕਰਯੋਗ ਹੈ ਕਿ ਪਰਿਵਾਰਕ ਤੌਰ ’ਤੇ ਸਿਆਸੀ ਵਖਰੇਵੇਂ ਦੇ ਬਾਵਜੂਦ ਦੋਵੇਂ ਭਰਾ ਕਈ ਵਾਰ ਇਕੱਠੇ ਬੈਠ ਕੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਵੱਡੇ ਬਾਦਲ ਦਾ ਜਨਮ ਦਿਨ ਰੈਲੀਆਂ ਕਰਵਾ ਕੇ ਮਨਾਉਂਦਾ ਰਿਹਾ ਹੈ।
ਪੰਜ ਵਾਰ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸਿਆਸਤਦਾਨਾਂ ਨੂੰ ਰਾਜਨੀਤੀ ਨੂੰ ਸੇਵਾ ਸਮਝ ਕੇ ਨੇਕਨੀਅਤੀ ਅਤੇ ਇਮਾਨਦਾਰੀ ਨਾਲ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸਿਆਸਦਾਨਾਂ ਨੂੰ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਸੂਬੇ ਅਤੇ ਲੋਕ-ਹਿੱਤਾਂ ਲਈ ਕਾਰਜ ਕਰਨਾ ਚਾਹੀਦਾ ਹੈ।