ਯੂਨੀਵਰਸਿਟੀਆਂ ਵਿਚ ਅਰਾਜਕਤਾ ਦਾ ਮਾਹੌਲ ਰੋਕਿਆ ਜਾਵੇ, ਦੋਸ਼ੀਆਂ  ਨੂੰ ਦਿੱਤੀਆਂ ਜਾਣ ਸਖ਼ਤ ਸਜਾਵਾਂ

ਫੋਟੋ ਕੈਪਸ਼ਨ: ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਸੋਸਾਇਟੀ ਦੀ ਪ੍ਰਧਾਨ ਮੈਡਮ ਸੁਦੇਸ਼ ਕਲਿਆਣ, ਲਾਹੌਰੀ ਰਾਮ ਬਾਲੀ ਅਤੇ ਹੋਰ ਆਗੂ

 

ਜਲੰਧਰ (ਸਮਾਜ ਵੀਕਲੀ) :  ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ  ਸੋਸਾਇਟੀ  ਦੀ  ਪ੍ਰਧਾਨ ਮੈਡਮ ਸੁਦੇਸ਼ ਕਲਿਆਣ ਦੀ ਪ੍ਰਧਾਨਗੀ ਹੇਠ ਅੰਬੇਡਕਰ  ਭਵਨ ਜਲੰਧਰ ਵਿਖੇ ਹੋਈ. ਮੀਟਿੰਗ ਵਿਚ ਸੋਸਾਇਟੀ ਦੇ  ਮੈਂਬਰਾਂ  ਦਾ  ਮੰਨਣਾ  ਹੈ  ਕਿ  ਜਿਨ੍ਹਾਂ ਵੀ  ਯੂਨੀਵਰਸਿਟੀਆਂ  ਵਿਚ  ਗਰੀਬ  ਅਤੇ  ਘੱਟ  ਗਿਣਤੀਆਂ  ਦੇ  ਵਿਦਿਆਰਥੀ  ਆਪਣੇ  ਹੱਕਾਂ  ਵਾਸਤੇ  ਆਪਣੀ  ਆਵਾਜ਼  ਉਠਾਉਣ  ਦੀ  ਕੋਸ਼ਿਸ਼  ਕਰਦੇ  ਹਨ  ਫਿਰਕੂ  ਜਥੇਬੰਦੀਆਂ ਦੇ  ਲੋਕ  ਉਨ੍ਹਾਂ  ਦੀ  ਆਵਾਜ਼  ਬੰਦ  ਕਰਨ  ਵਾਸਤੇ  ਉਨ੍ਹਾਂ ਤੇ ਹਿੰਸਕ  ਹਮਲੇ  ਕਰਦੇ  ਹਨ .

ਅਲੀਗੜ੍ਹ  ਮੁਸਲਿਮ  ਯੂਨੀਵਰਸਿਟੀ , ਜਾਮੀਆ  ਮਿਲਿਆ  ਇਸਲਾਮਿਆ  ਅਤੇ  ਜਵਾਹਰਲਾਲ  ਨਹਿਰੂ  ਯੂਨੀਵਰਸਿਟੀ  ਦੇ  ਵਿਦਿਆਰਥੀਆਂ  ਤੇ ਫਿਰਕੂ ਜਥੇਬੰਦੀਆਂ ਦੇ ਨਾਕਾਬਪੋਸ਼ਾਂ  ਦੁਆਰਾ  ਖੂਨੀ  ਹਮਲੇ  ਅਤੇ  ਪੁਲਿਸ ਦਾ ਪੱਖ ਪਾਤ ਇਸ ਦੀਆਂ  ਜਿੰਦਾ  ਉਦਹਾਰਣਾਂ  ਹਨ . ਜੇਐਨਯੂ  ਦੇ ਵਿਦਿਆਰਥੀਆਂ ਦੁਆਰਾ ਆਪਣੀਆਂ ਜਾਇਜ ਮੰਗਾਂ ਮਨਵਾਉਣ ਲਈ  ਸ਼ਾਂਤਮਈ  ਢੰਗ  ਨਾਲ   ਰੋਸ਼  ਪ੍ਰਦਰਸ਼ਨ ਕਰ  ਰਹੇ  ਵਿਦਿਆਰਥੀਆਂ ਤੇ ਫਿਰਕੂ ਜਥੇਬੰਦੀਆਂ ਦੁਆਰਾ ਯੋਜਨਾਬੱਧ ਢੰਗ ਨਾਲ ਹਮਲੇ ਕੀਤੇ ਗਏ.  ਹੈਰਾਨੀ  ਇਸ  ਗੱਲ  ਦੀ  ਹੈ  ਕਿ  ਇਹ  ਸਭ  ਪੁਲਿਸ  ਦੀ  ਹਾਜਰੀ  ਵਿਚ  ਹੋਇਆ  ਅਤੇ ਵਾਈਸ ਚਾਂਸਲਰ ਨੇ ਕੋਈ ਕਾਰਵਾਈ ਨਹੀਂ ਕੀਤੀ.  ਹੋਰ ਵੀ ਸ਼ਰਮ ਦੀ ਗੱਲ ਇਹ ਹੈ ਕਿ ਵਾਈਸ ਚਾਂਸਲਰ ਨੇ ਜਖ਼ਮੀ ਵਿਦਿਆਰਥੀਆਂ ਦੀ ਖ਼ਬਰ ਲੈਣਦਾ ਕਸ਼ਟ  ਵੀ ਨਹੀਂ ਕੀਤਾ. ਅਜਿਹਾ ਵਾਈਸ ਚਾਂਸਲਰ ਜੇਐਨਯੂ ਦੇ ਯੋਗ ਨਹੀਂ ਹੈ.  ਇਹ ਜਾਣਕਾਰੀ ਸੋਸਾਇਟੀ ਦੇ ਜਨਰਲ ਸਕੱਤਰ ਵਰਿੰਦਰ ਕੁਮਾਰ ਨੇ ਇਕ ਪ੍ਰੈਸ ਬਿਆਨ ਰਾਹੀਂ ਦਿੱਤੀ.

ਵਰਿੰਦਰ ਕੁਮਾਰ ਨੇ ਕਿਹਾ ਕਿ ਜੋ  ਕੁਝ ਦੇਸ਼ ਦੀਆਂ ਯੂਨੀਵਰਸਿਟੀਆਂ ਵਿਚ ਪੁਲਿਸ ਅਤੇ ਪ੍ਰਸ਼ਾਸ਼ਨ ਵੱਲੋਂ ਕੀਤਾ ਗਿਆ ਉਸ ਨਾਲ ਭਾਰਤ ਦੀ ਦੁਨੀਆਂ ਭਰ ਵਿਚ ਬਦਨਾਮੀ ਹੋਈ ਹੈ. ਜੇਐਨਯੂ  ਇੱਕੋ ਇੱਕ ਅਜਿਹੀ ਯੂਨੀਵਰਸਿਟੀ ਹੈ ਜਿਸਨੂੰ ਦੁਨੀਆਂ ਭਰ ਵਿਚ ਮਾਨ ਸਨਮਾਨ ਪ੍ਰਾਪਤ ਹੈ. ਉਸਨੂੰ ਬੰਦ ਕਰਨ ਦੀਆਂ ਸਾਜਸ਼ਾਂ ਹਿੰਦੂ ਰਾਸ਼ਟਰਵਾਦੀਆਂ ਵਲੋਂ ਕੀਤੀਆਂ ਜਾ ਰਹੀਆਂ ਹਨ.  ਵਰਿੰਦਰ ਕੁਮਾਰ ਨੇ ਅੱਗੇ ਕਿਹਾ ਕਿ ਅੰਬੇਡਕਰ ਮਿਸ਼ਨ ਸੋਸਾਇਟੀ ਇਸ ਬਾਬਤ ਦੇਸ਼ ਭਗਤ ਬੁਧੀਜੀਵੀਆਂ ਨੂੰ ਅਪੀਲ ਕਰਦੀ ਹੈ ਕਿ ਉਹ ਇਨ੍ਹਾਂ ਸਾਜਸ਼ਾਂ ਨੂੰ ਨਾਕਾਮ ਕਰਨ ਦੇ ਯਤਨ ਕਰਨ. ਸੋਸਾਇਟੀ ਇਹ ਵੀ ਮੰਗ ਕਰਦੀ ਹੈ ਦੋਸ਼ੀ ਹਮਲਾਵਰਾਂ ਦੀ ਜਲਦੀ ਤੋਂ ਜਲਦੀ ਪਛਾਣ ਕਰਕੇ ਉਨ੍ਹਾਂ ਨੂੰ ਸਖ਼ਤ ਸਜਾ ਦਿੱਤੀ ਜਾਵੇ ਅਤੇ ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਨੂੰ  ਪੂਰੀ ਸੁਰੱਖਿਆ ਪ੍ਰਦਾਨ ਕੀਤੀ ਜਾਵੇ. ਇਸ ਮੌਕੇ ਲਾਹੌਰੀ ਰਾਮ ਬਾਲੀ, ਬਲਦੇਵ ਰਾਜ ਭਾਰਦਵਾਜ, ਐਡਵੋਕੇਟ ਕੁਲਦੀਪ ਭੱਟੀ, ਐਡਵੋਕੇਟ ਹਰਭਜਨ ਸਾਂਪਲਾ, ਪਰਮਿੰਦਰ ਸਿੰਘ, ਚਮਨ ਦਾਸ ਸਾਂਪਲਾ ਅਤੇ ਰਣਵੀਰ ਭੱਟੀ ਹਾਜ਼ਰ ਸਨ.