ਮੰਜੂ ਵਿਸ਼ਵ ਮਹਿਲਾ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ‘ਚ ਪੁੱਜੀ

ਉਲਾਨ ਉਦੇ  : ਭਾਰਤ ਦੀ ਮੰਜੂ ਰਾਣੀ ਨੇ ਸੋਮਵਾਰ ਨੂੰ ਇੱਥੇ ਆਖ਼ਰੀ-16 ਦੇ ਮੁਕਾਬਲੇ ਵਿਚ ਆਸਾਨ ਜਿੱਤ ਨਾਲ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕੀਤਾ। ਛੇਵਾਂ ਦਰਜਾ ਭਾਰਤੀ ਮੰਜੂ ਨੇ ਵੈਨਜ਼ੂਏਲਾ ਦੀ ਰੋਜਾਸ ਟੇਓਨਿਸ ਸੇਡੇਨੋ ਨੂੰ 5-0 ਨਾਲ ਹਰਾਇਆ। ਵਿਸ਼ਵ ਚੈਂਪੀਅਨਸ਼ਿਪ ਵਿਚ ਸ਼ੁਰੂਆਤ ਕਰ ਰਹੀ ਮੰਜੂ ਇਸ ਚੈਂਪੀਅਨਸ਼ਿਪ ਵਿਚ ਮੈਡਲ ਜਿੱਤਣ ਤੋਂ ਹੁਣ ਸਿਰਫ਼ ਇਕ ਜਿੱਤ ਦੂਰ ਹੈ। ਕੁਆਰਟਰ ਫਾਈਨਲ ਵਿਚ ਹਾਲਾਂਕਿ ਮੰਜੂ ਦਾ ਰਾਹ ਸੌਖਾ ਨਹੀਂ ਹੋਵੇਗਾ ਜਿੱਥੇ ਉਨ੍ਹਾਂ ਨੂੰ ਪਿਛਲੀ ਵਾਰ ਦੀ ਕਾਂਸੇ ਦਾ ਮੈਡਲ ਜੇਤੂ ਤੇ ਚੋਟੀ ਦਾ ਦਰਜਾ ਹਾਸਲ ਕੋਰੀਆ ਦੀ ਕਿਮ ਹਯਾਂਗ ਮੀ ਨਾਲ 10 ਅਕਤੂਬਰ ਨੂੰ ਭਿੜਨਾ ਹੈ। ਦੋਵਾਂ ਮੁੱਕੇਬਾਜ਼ਾਂ ਨੇ ਰੱਖਿਆਤਮਕ ਵਤੀਰਾ ਅਪਣਾਇਆ ਪਰ ਮੰਜੂ ਦੇ ਮੁੱਕੇ ਜ਼ਿਆਦਾ ਸਟੀਕ ਸਨ। ਮੰਗਲਵਾਰ ਨੂੰ ਛੇ ਵਾਰ ਦੀ ਚੈਂਪੀਅਨ ਐੱਮਸੀ ਮੈਰੀ ਕਾਮ (51 ਕਿਲੋਗ੍ਰਾਮ) ਪ੍ਰਰੀ ਕੁਆਰਟਰ ਫਾਈਨਲ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਤੀਜਾ ਦਰਜਾ ਭਾਰਤੀ ਨੂੰ ਪਹਿਲੇ ਗੇੜ ਵਿਚ ਬਾਈ ਮਿਲੀ ਹੈ।