ਮੋਹਲੇਧਾਰ ਮੀਂਹ: ਇਕ ਘੰਟੇ ’ਚ ਜਲੰਧਰ ਹੋਇਆ ਜਲ-ਅੰਦਰ

ਮੌਨਸੂਨ ਦੀ ਪਹਿਲੀ ਬਰਸਾਤ ਨੇ ਹੀ ਨਗਰ ਨਿਗਮ ਦੀ ਪੋਲ ਖੋਲ੍ਹ ਦਿੱਤੀ ਹੈ। ਇਕ ਘੰਟੇ ਤੱਕ ਮੋਹਲੇਧਾਰ ਪਏ ਮੀਂਹ ਨਾਲ ਸਾਰਾ ਸ਼ਹਿਰ ਜਲ-ਅੰਦਰ ਹੋ ਗਿਆ। ਮੀਂਹ ਨਾਲ ਚੱਲੀ ਤੇਜ਼ ਹਨ੍ਹੇਰੀ ਨੇ ਸ਼ਹਿਰ ਵਿਚਲੇ ਪੁਰਾਣੇ ਘਰ ਦੀ ਛੱਤ ਨੂੰ ਨੁਕਸਾਨ ਪਹੁੰਚਾਇਆ ਤੇ ਘਾਹ ਮੰਡੀ ਵਿਚ ਇਕ ਪੈਟਰੋਲ ਪੰਪ ਦੀ ਛੱਤ ਦਾ ਕੁਝ ਹਿੱਸਾ ਨੁਕਸਾਨਿਆ ਗਿਆ। ਹੋਰ ਵੀ ਕਈ ਥਾਵਾਂ ’ਤੇ ਮੀਂਹ ਦੇ ਨਾਲ ਆਈ ਹਨ੍ਹੇਰੀ ਕਾਰਨ ਦਰੱਖਤ ਡਿੱਗਣ ਨਾਲ ਵੀ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਲਈ ਜਿਥੇ ਮੀਂਹ ਦਾ ਪਾਣੀ ਨਿਕਾਸੀ ਨਾ ਹੋਣ ਕਾਰਨ ਆਫਤ ਬਣਿਆ ਰਿਹਾ ਉਥੇ ਪੇਂਡੂ ਇਲਾਕਿਆਂ ਵਿਚ ਕਿਸਾਨਾਂ ਦੇ ਚਿਹਰੇ ਖਿੜ ਗਏ। ਪਾਵਰਕੌਮ ਦੇ ਅਧਿਕਾਰੀਆਂ ਨੂੰ ਵੀ ਮੌਨਸੂਨ ਦੇ ਪਹਿਲੇ ਮੋਹਲੇਧਾਰ ਮੀਂਹ ਨਾਲ ਸੁੱਖ ਦਾ ਸਾਹ ਆਇਆ ਕਿ ਪਾਵਰਕਾਮ ਤੋਂ ਲੋਡ ਘਟ ਗਿਆ ਹੈ। ਉਂਜ, ਮੀਂਹ ਨਾਲ ਸ਼ਹਿਰੀ ਇਲਾਕਿਆਂ ਵਿਚ ਬਿਜਲੀ ਦੇ ਲੱਗੇ ਲੰਬੇ ਕੱਟ ਨੇ ਵੀ ਜਨਜੀਵਨ ਨੂੰ ਲੀਹੋਂ ਲਾਹੀ ਰੱਖਿਆ। ਸਵੇਰੇ ਕਰੀਬ 8 ਵਜੇ ਪਏ ਤੇਜ਼ ਮੀਂਹ ਨਾਲ ਸ਼ਹਿਰ ਦੇ ਨੀਵੇਂ ਇਲਾਕੇ ਸਭ ਤੋਂ ਪਹਿਲਾਂ ਪਾਣੀ ਨਾਲ ਭਰ ਗਏ। ਗਾਂਧੀ ਕੈਂਪ, ਰਾਮ ਨਗਰ, ਨਵੀਂ ਦਾਣਾ ਮੰਡੀ, ਅਜੀਤ ਨਗਰ, ਕਿਸ਼ਨਪੁਰਾ, ਸੰਤੋਖ ਨਗਰ, ਡੀਸੀ ਦਫਤਰ ਕੰਪਲੈਕਸ ਦੇ ਬਾਹਰ, ਲਾਡੋਵਾਲੀ ਰੋਡ ਅਤੇ ਬਸਤੀਆਂ ਦੇ ਇਲਾਕਿਆਂ ਵਿਚ ਮੀਂਹ ਦੇ ਪਾਣੀ ਨਾਲ ਸੜਕਾਂ ਨਹਿਰਾਂ ਵਾਂਗ ਵਗ ਰਹੀਆਂ ਸਨ। ਇਹੋ ਹੀ ਹਾਲ ਭੀੜ ਭੜੱਕੇ ਵਾਲੇ ਬਾਜ਼ਾਰਾਂ ਦਾ ਬਣਿਆ ਹੋਇਆ ਸੀ। ਪੀਰ ਬੋਦਲਾਂ ਬਾਜ਼ਾਰ ਵਿਚ ਤਾਂ ਸੜਕ ’ਤੇ ਡੇਢ ਤੋਂ ਦੋ ਫੁੱਟ ਤੱਕ ਪਾਣੀ ਵਗ ਰਿਹਾ ਸੀ। ਤੇਜ਼ ਮੀਂਹ ਨਾਲ ਪੁਰਾਣੇ ਘਰ ਦੀ ਛੱਤ ਡਿੱਗ ਪਈ। ਮਾਈ ਹੀਰਾਂ ਗੇਟ ਦੇ ਪੁਰੀਆਂ ਮੁਹੱਲੇ ਦੀ ਇਕ ਪੁਰਾਣੀ ਇਮਾਰਤ ਦੀ ਛੱਤ ਨੂੰ ਨੁਕਸਾਨ ਪਹੁੰਚਾ। ਪੀਏਪੀ ਫਲਾਈਓਵਰ ’ਤੇ ਸ਼ਹਿਰ ਵੱਲੋਂ ਅੰਮ੍ਰਿਤਸਰ-ਪਠਾਨਕੋਟ ਜਾਣ ਵਾਲੀ ਸੜਕ ’ਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਰ ਕੇ ਉਥੇ ਲੰਬੇ ਜਾਮ ਲੱਗੇ ਰਹੇ ਅਤੇ ਲੋਕ ਚਿੱਕੜ ਵਿਚ ਫਸੇ ਰਹੇ।