ਮੁਹਾਲੀ ’ਚ ਪੁਲੀਸ ਵਧੀਕੀਆਂ ਖ਼ਿਲਾਫ਼ ਦਲਿਤ ਸੜਕਾਂ ’ਤੇਮੁਹਾਲੀ ’ਚ ਪੁਲੀਸ ਵਧੀਕੀਆਂ ਖ਼ਿਲਾਫ਼ ਦਲਿਤ ਸੜਕਾਂ ’ਤੇ

ਐੱਸਏਐੱਸ ਨਗਰ (ਮੁਹਾਲੀ) (ਸਮਾਜਵੀਕਲੀ):  ਮੁਹਾਲੀ ਵਿੱਚ ਕਥਿਤ ਪੁਲੀਸ ਵਧੀਕੀਆਂ ਖ਼ਿਲਾਫ਼ ਦਲਿਤ ਪਰਿਵਾਰ ਸੜਕਾਂ ’ਤੇ ਉਤਰ ਆਏ ਹਨ। ਬੀਤੇ ਦਿਨੀਂ ਅੰਬ ਸਾਹਿਬ ਕਲੋਨੀ ਦੇ ਮਾਮਲੇ ਵਿੱਚ ਦਲਿਤਾਂ ਨੇ ਫੇਜ਼-11 ਥਾਣੇ ਦਾ ਘਿਰਾਓ ਕੀਤਾ ਸੀ ਅਤੇ ਅੱਜ ਇਲਾਕੇ ਦੇ ਦਲਿਤ ਪਰਿਵਾਰਾਂ ਨੇ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰਪਾਲ ਸਿੰਘ ਸਹੌੜਾ ਦੀ ਅਗਵਾਈ ਹੇਠ ਐੱਸਐੱਸਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ।

ਬਸਪਾ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਨਨਹੇੜੀਆਂ ਵੀ ਧਰਨੇ ਵਾਲੀ ਥਾਂ ’ਤੇ ਪਹੁੰਚੇ ਅਤੇ ਪੀੜਤਾਂ ਨੂੰ ਇਨਸਾਫ਼ ਦਾ ਭਰੋਸਾ ਦਿੰਦਿਆਂ ਕਿਹਾ ਕਿ ਜੇ ਪੁਲੀਸ ਨੇ ਤੁਰੰਤ ਕਾਰਵਾਈ ਨਹੀਂ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਦਲਿਤ ਪਰਿਵਾਰਾਂ ਦੀ ਕੁੱਟਮਾਰ ਕਰਨ ਵਾਲੇ ਵਿਅਕਤੀ ਹੁਕਮਰਾਨ ਪਾਰਟੀ ਦੇ ਸਮਰਥਕ ਹੋਣ ਕਾਰਨ ਪੁਲੀਸ ਕਾਰਵਾਈ ਤੋਂ ਪੱਲਾ ਝਾੜ ਰਹੀ ਹੈ।

ਇਥੋਂ ਦੇ ਸਨਅਤੀ ਏਰੀਆ ਫੇਜ਼-7 ਸਥਿਤ ਗੁਰੂ ਨਾਨਕ ਕਲੋਨੀ ਦੇ ਪੀੜਤ ਵਿਅਕਤੀਆਂ ਨੇ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਡਾ. ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਮਨਾਉਣ ਤੋਂ ਰੋਕਣ ਅਤੇ ਉਨ੍ਹਾਂ ਦੀ ਕੁੱਟਮਾਰ ਕਰਨ ਦਾ ਦੋਸ਼ ਲਾਇਆ। ਇੰਜ ਹੀ ਪਿੰਡ ਕੁੱਬਾਹੇੜੀ ਦੀ ਦਲਿਤ ਲੜਕੀ ਨਾਲ ਛੇੜਛਾੜ ਅਤੇ ਮਾਜਰੀ ਬਲਾਕ ਵਿੱਚ ਸਾਬਕਾ ਮੰਤਰੀ ਵੱਲੋਂ ਦਲਿਤ ਪਰਿਵਾਰਾਂ ਨਾਲ ਵਧੀਕੀਆਂ ਕਰਨ ਦੇ ਮਾਮਲੇ ਚੁੱਕਦਿਆਂ ਕਿਹਾ ਕਿ ਉਹ ਇਨਸਾਫ਼ ਪ੍ਰਾਪਤੀ ਲਈ ਵੱਖ ਵੱਖ ਥਾਣਿਆਂ ਵਿੱਚ ਖੱਜਲ-ਖੁਆਰ ਹੋ ਰਹੇ ਹਨ।

ਬਸਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਖਦੇਵ ਸਿੰਘ ਚੱਪੜਚਿੜੀ ਨੇ ਦੱਸਿਆ ਕਿ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਨੇ ਪੀੜਤ ਪਰਿਵਾਰਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ। ਉਨ੍ਹਾਂ ਸਬੰਧਤ ਥਾਣਿਆਂ ਦੇ ਐੱਸਐੱਚਓਜ਼ ਅਤੇ ਜਾਂਚ ਅਧਿਕਾਰੀਆਂ ਨੂੰ ਕਿਹਾ ਕਿ ਉਕਤ ਸਾਰੇ ਮਾਮਲਿਆਂ ਦੀ ਨਿਰਪੱਖ ਜਾਂਚ ਕਰਕੇ ਪੀੜਤਾਂ ਨੂੰ ਜਲਦੀ ਇਨਸਾਫ਼ ਦਿੱਤਾ ਜਾਵੇ। ਇਸ ਮਗਰੋਂ ਪੀੜਤ ਪਰਿਵਾਰ ਧਰਨਾ ਸਮਾਪਤ ਕਰਕੇ ਆਪਣੇ ਘਰਾਂ ਨੂੰ ਚਲੇ ਗਏ।