ਮੀਂਹ ਮਗਰੋਂ ਸਿਟੀ ਬਿਊਟੀਫੁਲ ਹੋਈ ਪਾਣੀ ਨਾਲ ‘ਫੁੱਲ’

ਚੰਡੀਗੜ੍ਹ ਤੇ ਆਸਪਾਸ ਦੇ ਇਲਾਕਿਆਂ ਵਰ੍ਹੇ ਮੀਂਹ ਕਾਰਨ ਅੱਜ ਜਿੱਥੇ ਤਾਪਮਾਨ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਉਥੇ ਪੂਰਾ ਦਿਨ ਪੈਂਦੇ ਰਹੇ ਮੀਂਹ ਕਾਰਨ ਅੱਜ ਛੁੱਟੀ ਵਾਲੇ ਦਿਨ ਲੋਕਾਂ ਨੂੰ ਘਰਾਂ ਵਿੱਚ ਹੀ ਬੈਠੇ ਰਹਿਣ ਲਈ ਮਜਬੂਰ ਹੋਣਾ ਪਿਆ। ਦੂਜੇ ਪਾਸੇ ਵਰਦੇ ਮੀਂਹ ਦੌਰਾਨ ਜ਼ਰੂਰੀ ਕੰਮਾਂ ਲਈ ਘਰਾਂ ਤੋਂ ਨਿਕਲਣ ਵਾਲਿਆਂ ਨੂੰ ਸੜਕਾਂ ’ਤੇ ਬਰਸਾਤੀ ਭਰੇ ਪਾਣੀ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਚੰਡੀਗੜ੍ਹ ਵਿੱਚ ਅੱਜ ਸਵੇਰ ਤੋਂ ਪਏ ਮੋਹਲੇਧਾਰ ਮੀਂਹ ਕਾਰਨ ਨਗਰ ਨਿਗਮ ਦੇ ਸ਼ਹਿਰੀ ਵਿੱਚ ਬਰਸਾਤੀ ਪਾਣੀ ਦੇ ਨਿਕਾਸ ਲਈ ਕੀਤੇ ਗਏ ਦਾਅਵੇ ਇਸ ਬਾਰ ਵੀ ਫੋਕੇ ਹੀ ਸਾਬਤ ਹੋਏ। ਅੱਜ ਪਏ ਮੀਂਹ ਨਾਲ ਸ਼ਹਿਰ ਦੇ ਲਗਪਗ ਸਾਰੇ ਮੁੱਖ ਮਾਰਗਾਂ ਸਮੇਤ ਹੋਰ ਇਲਾਕਿਆਂ ਵਿੱਚ ਪਾਣੀ ਇਕੱਠਾ ਹੋਣ ਦੀ ਸੂਚਨਾ ਹੈ। ਸੜਕਾਂ ’ਤੇ ਇਕੱਠਾ ਹੋਏ ਪਾਣੀ ਕਾਰਨ ਕਈ ਥਾਵਾਂ ’ਤੇ ਵਾਹਨਾਂ ਦੇ ਜਾਮ ਲੱਗੇ ਰਹੇ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਨਗਰ ਨਿਗਮ ਨੇ ਇਸ ਵਾਰ ਵੀ ਮਾਨਸੂਨ ਆਉਣ ਤੋਂ ਪਹਿਲਾ ਸ਼ਹਿਰ ਵਿੱਚ ਬਰਸਾਤੀ ਜਲ ਨਿਕਾਸੀ ਦੇ ਢੁੱਕਵੇਂ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਸੀ ਪਰ ਨਿਗਮ ਦੇ ਦਾਅਵੇ ਅੱਜ ਫੋਕੇ ਸਾਬਤ ਹੋਏ ਹਨ। ਅੱਜ ਜਦੋਂ ‘’ਪੰਜਾਬੀ ਟ੍ਰਿਬਿਊਨ’ ਵੱਲੋਂ ਸ਼ਹਿਰ ਦਾ ਦੌਰਾ ਕੀਤਾ ਗਿਆ ਤਾਂ ਉਸ ਦੌਰਾਨ ਜ਼ਿਆਦਾਤਰ ਰੋਡ ਗਲੀਆਂ ਬੰਦ ਹੀ ਮਿਲੀਆਂ ਅਤੇ ਰੋਡ ਗਲੀਆਂ ਬੰਦ ਹੋਣ ਕਾਰਨ ਸੜਕਾਂ ਪਾਰਕਾਂ ਸਮੇਤ ਮਾਰਕੀਟਾਂ ਤੇ ਹੋਰ ਥਾਵਾਂ ’ਤੇ ਬਰਸਾਤੀ ਪਾਣੀ ਭਰਿਆ ਰਿਹਾ ਜਿਸ ਨਾਲ ਰਾਹਗੀਰਾਂ ਨੂੰ ਮੁਸ਼ਕਲਾਂ ਝੱਲਣੀਆਂ ਪਈਆਂ। ਇੱਥੋਂ ਦੇ ਸੈਕਟਰ 29, 30, 22, 32, 45, 48, ਟ੍ਰਿਬਿਊਨ ਚੌਕ, ਮਨੀਮਾਜਰਾ ਹਾਊਸਿੰਗ ਬੋਰਡ ਚੌਕ, ਸਨਅਤੀ ਖੇਤਰ ਫੇਜ਼-1 ਤੇ 2, ਰਾਮਦਾਰਬਾਰ, ਡੱਡੂ ਮਾਜਰਾ ਕਲੋਨੀ, ਸੈਕਟਰ 37 ਸਮੇਤ ਹੋਰ ਕਈ ਸੈਕਟਰਾਂ ਵਿੱਚ ਕਈ ਰੋਡ-ਗਲੀਆਂ ਬੰਦ ਮਿਲੀਆਂ। ਸਨਅਤੀ ਖੇਤਰ ਫੇਜ਼-1 ਸਥਿਤ ਅਲਾਂਟੇ ਮਾਲ ਦੇ ਚਾਰੇ ਪਾਸੇ ਵਾਹਨਾਂ ਦੇ ਜਾਮ ਲੱਗਣ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇੱਥੇ ਟਰੈਫਿਕ ਪੁਲੀਸ ਵੱਲੋਂ ਵਾਹਨਾਂ ਦੇ ਆਵਾਜਾਈ ਨੂੰ ਕੰਟੋਰਲ ਕੀਤਾ ਜਾ ਰਿਹਾ ਸੀ ਪਰ ਬਰਸਾਤੀ ਪਾਣੀ ਕਾਰਨ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਰਹੀ। ਸੈਕਟਰ-26 ਤੇ ਟ੍ਰਾਂਸਪੋਰਟ ਚੌਕ, ਹਾਊਸਿੰਗ ਬੋਰਡ ਚੌਕ ’ਤੇ ਵੀ ਵਾਹਨਾਂ ਦੇ ਆਵਾਜਾਈ ਵਿੱਚ ਵਿਘਨ ਪੈਣ ਦੀਆਂ ਸ਼ਿਕਾਇਤਾਂ ਮਿਲੀਆਂ। ਸੈਕਟਰ-34 ਦੀਆਂ ਕਈ ਪਾਰਕਿੰਗਾਂ ਰੋਡ ਗਲੀਆਂ ਬੰਦ ਹੋਣ ਕਰਕੇ ਪਾਣੀ ਨਾਲ ਭਰੀਆਂ ਹੋਈਆਂ ਸਨ। ਦੂਜੇ ਪਾਸੇ ਨਿਗਮ ਨੇ ਵੀ ਮਾਨਸੂਨ ਨੂੰ ਧਿਆਨ ਵਿੱਚ ਰਖਦੇ ਹੋਏ ਕਿਸੇ ਵੀ ਤਰ੍ਹਾਂ ਦੇ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਲਈ ਫਲੱਡ ਕੰਟਰੋਲ ਟੀਮਾਂ ਵੀ ਬਣਾਈਆਂ ਹਨ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਮੀਂਹ ਦੌਰਾਨ ਸੜਕਾਂ ਜਾਂ ਹੋਰ ਜਨਤਕ ਥਾਵਾਂ ’ਤੇ ਇਕੱਠੇ ਹੋਏ ਪਾਣੀ ਦੀ ਨਿਕਾਸੀ ਲਈ ਇਨ੍ਹਾਂ ਟੀਮਾਂ ਜਾਂ ਨਿਗਮ ਦੇ ਹੋਰ ਕੋਈ ਕਰਮਚਾਰੀ ਨਜ਼ਰ ਨਹੀਂ ਆਇਆ। ਸੈਕਟਰ-45 ਵਾਸੀ ਜਤਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਸੈਕਟਰ ਦੀਆਂ ਲਗਪਗ ਸਾਰੀਆਂ ਰੋਡ ਗਲੀਆਂ ਬੰਦ ਪਈਆਂ ਹਨ। ਉਨ੍ਹਾਂ ਦੱਸਿਆ ਕਿ ਬੁੜੈਲ ਪੁਲੀਸ ਚੌਕੀ ਨਾਲ ਸੈਕਟਰ ਦੇ ਮੁੱਖ ਮਾਰਗ ’ਤੇ ਰੋਡ ਗਲੀਆਂ ਬੰਦ ਹੋਣ ਕਾਰਨ ਮੀਂਹ ਦੌਰਾਨ ਇੱਥੇ ਜਲਥਲ ਹੋ ਜਾਂਦਾ ਹੈ ਅਤੇ ਸੜਕਾਂ ਦਾ ਪਾਣੀ ਮਾਰਕੀਟ ਦੀ ਫਿਰਨੀ ਵਿੱਚ ਵੜ ਜਾਂਦਾ ਹੈ। ਇਸੇ ਤਰ੍ਹਾਂ ਸੈਕਟਰ 49 ਵਾਸੀ ਵਿਕਰਮ ਨੇ ਵੀ ਦੋਸ਼ ਲਗਾਇਆ ਕਿ ਨਿਗਮ ਵੱਲੋਂ ਰੋਡ-ਗਲੀਆਂ ਸਾਫ ਕਰਵਾਉਣ ਦੇ ਵੱਡੇ ਵੱਡੀ ਦਾਅਵੇ ਤਾਂ ਕਰ ਦਿੱਤੇ ਜਾਂਦੇ ਹਨ ਪਰ ਉਨ੍ਹਾਂ ਦੇ ਸੈਕਟਰ ਦੀਆਂ ਵੀ ਕਈ ਰੋਡ ਗਲੀਆਂ ਬੰਦ ਪਈਆਂ ਹਨ।