ਮਿੰਨੀ ਕਹਾਣੀ – ਇਮਾਨਦਾਰ ਬੰਦਾ

ਅਵਤਾਰ ਸਿੰਘ ਗਿੱਲ

(ਸਮਾਜ ਵੀਕਲੀ)

“ਸਾਬ੍ਹ ਜੀ ਕੋਈ ਇਮਾਨਦਾਰ ਜਿਹਾ ਬੰਦਾ ਹੀ ਭੇਜਿਓ ਏਸ ਪੰਪ ਤੇ”, ਜਲ ਵਿਭਾਗ ਦੇ ਛੋਟੇ ‘ਬਾਬੂ’ ਨੇ ਵੱਡੇ ‘ਅਫਸਰ’ ਨੂੰ ਫੋਨ ‘ਤੇ ਤਾਕੀਦ ਕਰਦਿਆਂ ਕਿਹਾ।

“ਓਏ ਤੂੰ ਕਦੋਂ ‘ਇਮਾਨਦਾਰੀ’ ਵਾਲੇ ਪਾਸੇ ਹੋ ਪਿਆਂ?”, ਵੱਡੇ ਅਫਸਰ ਨੇ ਛੋਟੇ ਤੇ ਟਾਂਚ ਮਾਰਦਿਆਂ ਪੁੱਛਿਆ।

“ਗੱਲ ਤਾਂ ਜੀ ਆਪ ਜੀ ਨੂੰ ਪਤਾ ਹੀ ਆ, ਜੇ ਕੋਈ ਬੇਈਮਾਨ ਪੰਪ ਅਪਰੇਟਰ ਇਸ ਪੰਪ ਤੇ ਆ ਗਿਆ ਤਾਂ ਆਪਣੇ ਪੱਲੇ ਕੀ ਪੈਣਾ। ਸਾਰਾ ਜਨਰੇਟਰ ਦਾ ਤੇਲ ਤਾਂ ਉਹਨੇ ਵੇਚ ਲਿਆ ਕਰਨਾ। ਅਕਸਰ ਅਸੀਂ ਵੀ ਆਪਣੇ ਬੱਚੇ ਪਾਲਣੇ ਆਂ।”

ਤੇ ਫੇਰ ਵੀ ਦੋਵੇਂ ਜਾਣੇ ਇਕ -ਦੂਜੇ ਦੇ ਹਾਸੇ ‘ਚ ਹਾਸਾ ਮਿਲਾ ਕੇ ਖਚਰਾ ਜਿਹਾ ਹੱਸਣ ਲੱਗ ਪਏ।

—- ਅਵਤਾਰ ਸਿੰਘ ਗਿੱਲ