ਮਾਨਗੜ੍ਹ ਵਿੱਚ ਚਾਰ ਭੈਣ-ਭਰਾਵਾਂ ਸਣੇ 5 ਬੱਚੇ ਛੱਪੜ ਵਿੱਚ ਡੁੱਬੇ

ਲੁਧਿਆਣਾ/ਮਾਛੀਵਾੜਾ (ਸਮਾਜ ਵੀਕਲੀ) : ਲੁਧਿਆਣਾ ਦੇ ਪਿੰਡ ਮਾਨਗੜ੍ਹ ’ਚ ਅੱਜ ਇੱਕ ਦਰਦਨਾਕ ਹਾਦਸੇ ਵਿੱਚ ਚਾਰ ਭੈਣ-ਭਰਾਵਾਂ ਸਣੇ 5 ਬੱਚਿਆਂ ਦੀ ਛੱਪੜ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਇੰਨਾ ਹੀ ਨਹੀਂ ਇਨ੍ਹਾਂ ਬੱਚਿਆਂ ਨੂੰ ਬਚਾਉਣ ਗਏ ਨੌਜਵਾਨ ਦੀ ਵੀ ਡੁੱਬਣ ਕਾਰਨ ਮੌਤ ਹੋ ਗਈ।

ਮ੍ਰਿਤਕ ਬੱਚਿਆਂ ਦੀ ਪਛਾਣ ਲਛਮੀ (11), ਆਰਤੀ (5), ਪ੍ਰਿਆ (8) ਤੇ ਸੋਨੂੰ (4) ਵਜੋਂ ਹਈ ਹੈ। ਇਹ ਚਾਰੋਂ ਸਕੇ ਭੈਣ-ਭਰਾ ਸਨ। ਪੰਜਵੇਂ ਬੱਚੇ ਦੀ ਪਛਾਣ ਮੁਹੰਮਦ ਕਲੀਮ (10) ਜਦਕਿ ਬੱਚਿਆਂ ਨੂੰ ਬਚਾਉਣ ਗਏ ਨੌਜਵਾਨ ਦੀ ਪਛਾਣ ਰਾਹੁਲ (22) ਵਜੋਂ ਹੋਈ ਹੈ। ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪਿੰਡ ਮਾਨਗੜ੍ਹ ਵਾਸੀ ਸੰਜੇ ਕੁਮਾਰ, ਉਥੇ ਇੱਕ ਵਿਹੜੇ ’ਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ ਅਤੇ ਉਸ ਦੇ 4 ਬੱਚੇ ਲਛਮੀ, ਆਰਤੀ, ਛੋਟੀ ਤੇ ਸੋਨੂੰ ਆਪਣੇ ਇੱਕ ਸਾਥੀ ਮੁਹੰਮਦ ਕਲੀਮ ਪੁੱਤਰ ਮੁਹੰਮਦ ਸਹਿਮ ਨੂੰ ਨਾਲ ਲੈ ਕੇ ਪਿੰਡ ਦੇ ਛੱਪੜ ਕੋਲ ਖੇਡਣ ਚਲੇ ਗਏ।

ਇਹ ਬੱਚੇ ਖੇਡਦੇ-ਖੇਡਦੇ ਛੱਪੜ ’ਚ ਨਹਾਉਣ ਲੱਗ ਪਏ ਅਤੇ ਡੂੰਘੇ ਪਾਣੀ ’ਚ ਜਾਣ ਕਾਰਨ ਡੁੱਬ ਗਏ। ਬੱਚਿਆਂ ਦੇ ਡੁੱਬਣ ਦਾ ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ ਅਤੇ ਰਾਹੁਲ ਨਾਂ ਦੇ ਨੌਜਵਾਨ ਨੇ ਬੱਚਿਆਂ ਨੂੰ ਬਚਾਉਣ ਲਈ ਛੱਪੜ ’ਚ ਛਾਲ ਮਾਰ ਦਿੱਤੀ ਪਰ ਉਹ ਵੀ ਡੂੰਘੇ ਪਾਣੀ ਤੇ ਦਲਦਲ ਵਿਚ ਧਸ ਗਿਆ ਅਤੇ ਡੁੱਬਣ ਕਾਰਨ ਉਸ ਦੀ ਵੀ ਮੌਤ ਹੋ ਗਈ। ਗੋਤਾਖੋਰਾਂ ਨੇ ਤਕਰੀਬਨ 2 ਘੰਟੇ ਦੀ ਮੁਸ਼ੱਕਤ ਮਗਰੋਂ ਬੱਚਿਆਂ ਤੇ ਨੌਜਵਾਨ ਦੀਆਂ ਲਾਸ਼ਾਂ ਛੱਪੜ ’ਚੋਂ ਬਾਹਰ ਕੱਢੀਆਂ। ਘਟਨਾ ਦੀ ਸੂਚਨਾ ਮਿਲਣ ’ਤੇ ਜੁਆਇੰਟ ਕਮਿਸ਼ਨਰ ਦਿਹਾਤੀ ਸਚਿਨ ਗੁਪਤਾ, ਏਡੀਸੀਪੀ-2 ਜਸਕਰਨਜੀਤ ਤੇਜਾ, ਏਸੀਪੀ ਸਿਮਰਨਜੀਤ ਸਿੰਘ, ਥਾਣਾ ਕੂੰਮਕਲਾਂ ਮੁਖੀ ਹਰਸ਼ਪਾਲ ਸਿੰਘ ਚਾਹਲ ਮੌਕੇ ’ਤੇ ਪਹੁੰਚ ਗਏ। ਲਾਸ਼ਾਂ ਪੋਸਟਮਾਰਟਮ ਲਈ ਭਿਜਵਾ ਦਿੱਤੀਆਂ ਗਈਆਂ ਹਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly