ਮਹਾ ਵਿਕਾਸ ਅਗਾੜੀ ਸਰਕਾਰ ਦੀ ਕਮਾਨ ਮੇਰੇ ਹੱਥਾਂ ’ਚ: ਊਧਵ

ਮੁੰਬਈ (ਸਮਾਜ ਵੀਕਲੀ) :  ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਵਿਰੋਧੀ ਧਿਰ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਉਨ੍ਹਾਂ ਦੀ ਸਰਕਾਰ ਨੂੰ ਡੇਗ ਦੇ ਦਿਖਾਉਣ। ਠਾਕਰੇ ਨੇ ਕਿਹਾ ਕਿ ਇਹ ਭਾਵੇਂ ‘ਥ੍ਰੀ-ਵ੍ਹੀਲਰ’ ਸਰਕਾਰ ਹੈ ਪਰ ਉਸ ਦੇ ਸਟੀਅਰਿੰਗ ਵ੍ਹੀਲ ’ਤੇ ਉਨ੍ਹਾਂ ਦਾ ਪੱਕਾ ਕੰਟਰੋਲ ਹੈ।

ਸ਼ਿਵ ਸੈਨਾ ਦੇ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੇ ਗੱਠਜੋੜ ਭਾਈਵਾਲਾਂ ਐੱਨਸੀਪੀ ਅਤੇ ਕਾਂਗਰਸ ਦੀ ਸੋਚ ਹਾਂ-ਪੱਖੀ ਹੈ ਅਤੇ ਮਹਾ ਵਿਕਾਸ ਅਗਾੜੀ (ਐੱਮਵੀਏ) ਸਰਕਾਰ ਉਨ੍ਹਾਂ ਦੇ ਤਜਰਬੇ ਦਾ ਲਾਹਾ ਲੈ ਰਹੀ ਹੈ। ਉਨ੍ਹਾਂ ਕੇਂਦਰ ਦੇ ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਪ੍ਰਾਜੈਕਟ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ਬੁਲੇਟ ਟਰੇਨ ਦੀ ਬਜਾਏ ਮੁੰਬਈ ਤੋਂ ਨਾਗਪੁਰ ਵਿਚਕਾਰ ਹਾਈ ਸਪੀਡ ਲਿੰਕ ਨੂੰ ਤਰਜੀਹ ਦੇਣਗੇ।

ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ’ਚ ਐਤਵਾਰ ਨੂੰ ਉਨ੍ਹਾਂ ਦੇ 60ਵੇਂ ਜਨਮ ਦਿਨ ਤੋਂ ਪਹਿਲਾਂ ਪ੍ਰਕਾਸ਼ਿਤ ਇੰਟਰਵਿਊ ’ਚ ਕਿਹਾ, ‘‘ਮੇਰੀ ਸਰਕਾਰ ਦਾ ਭਵਿੱਖ ਵਿਰੋਧੀਆਂ ਦੇ ਹੱਥਾਂ ’ਚ ਨਹੀਂ ਹੈ। ਸਟੀਅਰਿੰਗ ਮੇਰੇ ਹੱਥਾਂ ’ਚ ਹੈ। ਥ੍ਰੀ-ਵ੍ਹੀਲਰ ਗਰੀਬ ਲੋਕਾਂ ਦਾ ਵਾਹਨ ਹੈ। ਬਾਕੀ ਦੋ ਪਾਰਟੀਆਂ ਪਿੱਛੇ ਬੈਠੀਆਂ ਹਨ।’’ ਊਧਵ ਨੇ ਕਿਹਾ ਕਿ ਸਤੰਬਰ-ਅਕਤੂਬਰ ਦੀ ਉਡੀਕ ਕਿਉਂ ਕੀਤੀ ਜਾ ਰਹੀ ਹੈ ਹੁਣੇ ਉਨ੍ਹਾਂ ਦੀ ਸਰਕਾਰ ਨੂੰ ਕਿਉਂ ਨਹੀਂ ਡੇਗ ਦਿੱਤਾ ਜਾਂਦਾ। ‘ਕੁਝ ਲੋਕ ਉਸਾਰੂ ਕੰਮਾਂ ’ਚ ਖੁਸ਼ੀ ਮਹਿਸੂਸ ਕਰਦੇ ਹਨ ਜਦਕਿ ਕੁਝ ਤਬਾਹੀ ’ਚ ਯਕੀਨ ਰਖਦੇ ਹਨ।