ਮਹਾਮਾਰੀ ਨੂੰ ਲੌਕਡਾਊਨ ਨਹੀਂ ਟੈਸਟਿੰਗ ਠੱਲ੍ਹ ਪਾਏਗੀ: ਰਾਹੁਲ

ਨਵੀਂ ਦਿੱਲੀ  (ਸਮਾਜਵੀਕਲੀ)ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕੋਵਿਡ-19 ਖ਼ਿਲਾਫ਼ ਸਾਂਝੀ ਲੜਾਈ ਦਾ ਸੱਦਾ ਦਿੰਦਿਆਂ ਕਿਹਾ ਕਿ ਮਹਾਂਮਾਰੀ ਨੂੰ ਠੱਲ੍ਹਣ ਲਈ ਦੇਸ਼ਵਿਆਪੀ ਲੌਕਡਾਊਨ ਕੋਈ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਭਿਆਨਕ ਬਿਮਾਰੀ ਨਾਲ ਸਿੱਝਣ ਲਈ ਟੈਸਟਿੰਗ ਦੇ ਅਮਲ ਵਿੱਚ ਤੇਜ਼ੀ ਲਿਆਉਣਾ ਹੀ ਕਾਰਗਰ ਤੇ ਮੁੱਖ ਹਥਿਆਰ ਹੈ, ਜਿਸ ਨੂੰ ਯੁੱਧਨੀਤਕ ਨੁਕਤੇ-ਨਿਗ੍ਹਾ ਤੋਂ ਵਰਤਿਆ ਜਾਣਾ ਚਾਹੀਦਾ ਹੈ।

ਇਥੇ ਪਾਰਟੀ ਦਫ਼ਤਰ ਵਿੱਚ ਪਹਿਲੀ ਵਾਰ ਵੀਡੀਓ ਕਾਨਫਰੰਸਿੰਗ ਜ਼ਰੀਏ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਨੇ ਲੌਕਡਾਊਨ ਲਾਗੂ ਕਰਕੇ ਹਾਲ ਦੀ ਘੜੀ ਕਰੋਨਾਵਾਇਰਸ ਨੂੰ ਰੋਕਣ ਲਈ ‘ਪਾਜ਼ ਬਟਨ’ ਦੱਬਿਆ ਹੈ, ਪਰ ਜਦੋਂ ਲੌਕਡਾਊਨ ਖੋਲ੍ਹਿਆ ਜਾਵੇਗਾ ਤਾਂ ਵਾਇਰਸ ਮੁੜ ਕੰਮ ਕਰਨਾ ਸ਼ੁਰੂ ਕਰ ਦੇਵੇਗਾ।

ਉਨ੍ਹਾਂ ਕਿਹਾ ਕਿ ਲੌਕਡਾਊਨ ਨਾਲ ਕਰੋਨਾਵਾਇਰਸ ਨੂੰ ਕੁਝ ਸਮੇਂ ਲਈ ਤਾਂ ਰੋੋਕਿਆ ਜਾ ਸਕਦਾ ਹੈ, ਪਰ ਇਹ ਮਾਰੂ ਵਾਇਰਸ ਕਿੱਥੇ ਕਿੱਥੇ ਸਰਗਰਮ ਹੈ ਇਸ ਦਾ ਪਤਾ ਵੱਡੀ ਪੱਧਰ ’ਤੇ ਟੈਸਟ ਕਰਕੇ ਹੀ ਲਾਇਆ ਜਾ ਸਕਦਾ ਹੈ, ਨਹੀਂ ਤਾਂ ਵਾਇਰਸ ਸਾਡੇ ਤੋਂ ਅੱਗੇ ਚੱਲੇਗਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਹਾਲ ਦੀ ਘੜੀ ਦਸ ਲੱਖ ਲੋਕਾਂ ਪਿੱਛੇ 199 ਟੈਸਟ ਹੋ ਰਹੇ ਹਨ, ਜਿਨ੍ਹਾਂ ਦੀ ਪ੍ਰਤੀ ਜ਼ਿਲ੍ਹਾ ਗਿਣਤੀ 350 ਦੇ ਕਰੀਬ ਬਣਦੀ ਹੈ। ਜਿਸ ਰਫ਼ਤਾਰ ਨਾਲ ਵਾਇਰਸ ਅੱਗੇ ਵੱਧ ਰਿਹਾ, ਉਸ ਲਿਹਾਜ਼ ਨਾਲ ਟੈਸਟਿੰਗ ਦੇ ਕੰਮ ’ਚ ਅਸੀਂ ਕਿਤੇ ਪਿੱਛੇ ਹਾਂ।

ਕਾਂਗਰਸੀ ਆਗੂ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕੇਂਦਰ ਸਰਕਾਰ, ਰਾਜਾਂ ਲਈ ਤੁਰੰਤ ਹੋਰ ਫੰਡ ਜਾਰੀ ਕਰੇ। ਪ੍ਰਧਾਨ ਮੰਤਰੀ ਰਾਜਾਂ ਨਾਲ ਗੱਲਬਾਤ ਕਰਕੇ ਲੌਕਡਾਊਨ ਦੌਰਾਨ ਤੁਰੰਤ ਵਿੱਤੀ ਮਦਦ ਦੇਣ। ਉਨ੍ਹਾਂ ਕਿਹਾ ਕਿ ਗ਼ਰੀਬਾਂ ਤੇ ਪਰਵਾਸੀ ਮਜ਼ਦੂਰਾਂ ਲਈ ਜੇਕਰ ਰੁਜ਼ਗਾਰ, ਖੁਰਾਕ ਤੇ ਰਹਿਣ ਆਦਿ ਦੇ ਪ੍ਰਬੰਧ ਨਾ ਕੀਤੇ ਗਏ ਤਾਂ ਸਮਾਜਿਕ ਅਸ਼ਾਂਤੀ ਵੀ ਫੈਲ ਸਕਦੀ ਹੈ।

ਉਨ੍ਹਾਂ ਛੋਟੀਆਂ ਤੇ ਦਰਮਿਆਨੀਆਂ ਸਨਅਤਾਂ ਲਈ ਢੁੱਕਵਾਂ ਪੈਕੇਜ ਦੇਣ ਦੀ ਮੰਗ ਕਰਦੇ ਹੋਏ ਕਿਹਾ ਕਿ ਇਹ ਖੇਤਰ 40 ਫ਼ੀਸਦੀ ਰੁਜ਼ਗਾਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਖੁਰਾਕ ਭੰਡਾਰ ਭਰੇ ਪਏ ਹਨ ਤੇ ਇਨ੍ਹਾਂ ਭੰਡਾਰਾਂ ਵਿੱਚੋਂ ਗ਼ਰੀਬਾਂ ਤੇ ਅਜਿਹੇ ਲੋਕ ਜਿਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਹਨ, ਨੂੰ ਵੀ 10 ਕਿਲੋ ਕਣਕ ਤੇ ਚਾਵਲ, ਇਕ ਕਿਲੋ ਖੰਡ ਤੇ ਦਾਲਾਂ ਦਿੱਤੀਆਂ ਜਾਣ।

ਉਨ੍ਹਾਂ ਪਾਰਟੀ ਦੀ ਤਜਵੀਜ਼ਤ ‘ਨਿਆਂਏ’ ਸਕੀਤ ਤਹਿਤ ਦੇਸ਼ ਦੇ 20 ਫੀਸਦ ਗਰੀਬਾਂ ਦੇ ਖਾਤਿਆਂ ਵਿੱਚ ਸਿੱਧਾ ਪੈਸਾ ਪਾਉਣ ਦਾ ਵੀ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਨਾਲ ਸਾਡੇ ਫਾਇਨਾਂਸ ਪ੍ਰਬੰਧ ’ਤੇ ਵੱਡਾ ਦਬਾਅ ਪਏਗਾ, ਜਿਸ ਬਾਰੇ ਸੋਚਣ ਦੀ ਲੋੜ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 14 ਅਪਰੈਲ ਨੂੰ ਦੇਸ਼ ਦੇ ਨਾਂ ਸੰਬੋਧਨ ਵਿੱਚ ਕੀਤੇ ਐਲਾਨਾਂ ਦਾ ਜ਼ਿਕਰ ਕਰਦਿਆਂ ਰਾਹੁਲ ਨੇ ਕਿਹਾ ਕਿ ਜਿੱਤ ਦਾ ਸਮੇਂ ਤੋਂ ਪਹਿਲਾਂ ਐਲਾਨ ‘ਘਾਤਕ’ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਦੋ-ਰਾਇ ਨਹੀਂ ਕਿ ਕਰੋਨਾ ਖ਼ਿਲਾਫ਼ ਜੰਗ ਦੌਰਾਨ ਭਾਰਤ ਨੇ ਹੋਰਨਾਂ ਵਿਕਸਤ ਮੁਲਕਾਂ ਦੇ ਮੁਕਾਬਲੇ ਵਧੀਆ ਸੁਰੱਖਿਆ ਕਾਰਜ ਕੀਤੇ ਹਨ, ਪਰ ਜੰਗ ਅਜੇ ਸ਼ੁਰੂ ਹੋਈ ਹੈ ਤੇ ਅੱਜ ਹੀ ਜਿੱਤ ਦਾ ਐਲਾਨ ਕਰਨਾ ਬਹੁਤ ਗ਼ਲਤ ਹੋਵੇਗਾ।

ਸ੍ਰੀ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਕਈ ਮੁੱਦਿਆਂ ’ਤੇ ਉਨ੍ਹਾਂ ਦੇ ਵੱਖਰੇਵੇਂ ਹੋ ਸਕਦੇ ਹਨ, ਪਰ ਕਰੋਨਾ ਦੀ ਲੜਾਈ ਵਿੱਚ ਉਹ ਪ੍ਰਧਾਨ ਮੰਤਰੀ ਨਾਲ ਦ੍ਰਿੜਤਾ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਪਹਿਲਾਂ ਵੀ ਭਾਰਤ ਨੇ ਵੱਡੀਆਂ ਚੁਣੌਤੀਆਂ ਨੂੰ ਪਛਾੜਿਆ ਹੈ ਤੇ ਭਾਰਤ ਮੁੜ ਜਿੱਤੇਗਾ।

ਜਦੋਂ ਇਹ ਜੰਗ ਮੁੱਕੇਗੀ ਤਾਂ ਭਾਰਤ ਬਿਹਤਰ ਜਗ੍ਹਾ ਹੋਵੇਗਾ। ਸ੍ਰੀ ਗਾਂਧੀ ਨੇ ਕਿਹਾ ਕਿ ਭਾਰਤ ਇਕਜੁੱਟ ਹੋ ਕੇ ਹੀ ਇਸ ਬਿਮਾਰੀ ਨਾਲ ਲੜ ਸਕਦਾ ਹੈ ਤੇ ਇਸ ਦੀ ਜਾਂਚ ਨਾਲ ਕਿਸੇ ਦਾ ਨੁਕਸਾਨ ਨਹੀਂ ਹੁੰਦਾ। ਇਹ ਟੈਸਟ ਸਿਰਫ਼ ਵਾਇਰਸ ਤੇ ਇਸ ਦੇ ਰਾਹ ਦਾ ਪਤਾ ਲਾਉਣ ਵਿੱਚ ਮਦਦਗਾਰ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਲੜਾਈ ਨਾਲ ਸਾਰੇ ਭਾਰਤ ਵਾਸੀਆਂ ਨੇ ਮਿਲ ਕੇ ਲੜਨਾ ਹੈ ਤੇ ਜੇਕਰ ਦੇਸ਼ ਦੇ ਲੋਕ ਵੰਡੇ ਗਏ ਤਾਂ ਇਹ ਲੜਾਈ ਹਾਰ ਜਾਵਾਂਗੇ।