ਮਸ਼ਰਫ਼ੀ ਦੀ ਅਗਵਾਈ ’ਚ ਚੁਣੌਤੀ ਬਣੀ ਬੰਗਲਾਦੇਸ਼ ਟੀਮ

ਬੰਗਲਾਦੇਸ਼ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਤੋਂ ਪਹਿਲਾਂ ਉਪ ਮਹਾਂਦੀਪ ਵਿੱਚ ਮਜ਼ਬੂਤ ਟੀਮ ਬਣ ਕੇ ਉਭਰੀ ਹੈ। ਵੱਡੀਆਂ ਟੀਮਾਂ ਇਸ ਗੱਲ ਤੋਂ ਪੂਰੀ ਤਰ੍ਹਾਂ ਵਾਕਿਫ਼ ਹਨ ਕਿ ਬੰਗਲਾਦੇਸ਼ ਦੀ ਟੀਮ ਉਨ੍ਹਾਂ ਲਈ ਚੁਣੌਤੀ ਪੇਸ਼ ਕਰ ਸਕਦੀ ਹੈ। ਇਸ ਦਾ ਸਬੂਤ ਅਪਰੈਲ 2015 ਤੋਂ ਅਕਤੂਬਰ 2016 ਦੌਰਾਨ ਪਾਕਿਸਤਾਨ, ਭਾਰਤ, ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਅਫ਼ਗਾਨਿਸਤਾਨ ਖ਼ਿਲਾਫ਼ ਲਗਾਤਾਰ ਪੰਜ ਇੱਕ ਰੋਜ਼ਾ ਲੜੀਆਂ ਵਿੱਚ ਜਿੱਤ ਹਾਸਲ ਕਰਨਾ ਹੈ। ਬੀਤੇ ਹਫ਼ਤੇ ਵੀ ਉਸ ਨੇ ਮੀਂਹ ਤੋਂ ਪ੍ਰਭਾਵਿਤ ਫਾਈਨਲ ਵਿੱਚ ਵੈਸਟ ਇੰਡੀਜ਼ ਨੂੰ ਹਰਾ ਕੇ ਤਿਕੋਣੀ ਇੱਕ ਰੋਜ਼ਾ ਲੜੀ ਆਪਣੇ ਨਾਮ ਕਰ ਲਈ। ਬੀਤੇ ਦਸ ਸਾਲਾਂ ਵਿੱਚ ਛੇ ਇੱਕ ਰੋਜ਼ਾ ਫਾਈਨਲਜ਼ ਵਿੱਚ ਪਹੁੰਚਣ ਮਗਰੋਂ ਕਈ ਦੇਸ਼ਾਂ ਦੇ ਟੂਰਨਾਮੈਂਟ ਵਿੱਚ ਇਹ ਬੰਗਲਾਦੇਸ਼ ਦੀ ਪਹਿਲੀ ਜਿੱਤ ਸੀ, ਜਿਸ ਕਾਰਨ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਮਸ਼ਰਫ਼ੀ ਮੁਰਤਜ਼ਾ ਦੇ ਖਿਡਾਰੀਆਂ ਦਾ ਆਤਮਵਿਸ਼ਵਾਸ ਵਧਿਆ ਹੋਵੇਗਾ। 35 ਸਾਲ ਦੇ ਮੁਰਤਜ਼ਾ ਲਈ ਇਹ ਪੰਜਵਾਂ ਅਤੇ ਆਖ਼ਰੀ ਆਈਸੀਸੀ ਵਿਸ਼ਵ ਕੱਪ ਹੋਵੇਗਾ, ਜਿਸ ਨੇ 2015 ਵਿਸ਼ਵ ਕੱਪ ਕੁਆਰਟਰ ਫਾਈਨਲ ਅਤੇ 2017 ਚੈਂਪੀਅਨਜ਼ ਟਰਾਫ਼ੀ ਸੈਮੀ-ਫਾਈਨਲ ਵਿੱਚ ਬੰਗਲਾਦੇਸ਼ ਦੀ ਅਗਵਾਈ ਕੀਤੀ ਸੀ। ਬੰਗਲਾਦੇਸ਼ ਨੇ ਆਈਸੀਸੀ ਦੀ ਪੂਰੀ ਮੈਂਬਰਸ਼ਿਪ ਲੈਣ ਤੋਂ ਇੱਕ ਸਾਲ ਮਗਰੋਂ ਟੈਸਟ ਦਰਜਾ ਹਾਸਲ ਕੀਤਾ ਸੀ। ਉਸ ਨੇ 2007 ਵਿੱਚ ਭਾਰਤ ਦੀ ਉਮੀਦ ਤੋੜਦਿਆਂ ਗੁਆਂਢੀ ਮੁਲਕ ਨੂੰ ਗਰੁੱਪ ਗੇੜ ’ਚੋਂ ਬਾਹਰ ਕਰ ਦਿੱਤਾ ਸੀ। ਮੁਰਤਜ਼ਾ ਇਸ ਮੈਚ ਦਾ ਨਾਇਕ ਰਿਹਾ, ਜਿਸ ਨੇ ਚਾਰ ਵਿਕਟਾਂ ਲੈ ਕੇ ਭਾਰਤ ਨੂੰ 191 ਦੌੜਾਂ ’ਤੇ ਆਊਟ ਕਰ ਦਿੱਤਾ ਸੀ। ਬੰਗਲਾਦੇਸ਼ ਨੇ ਇਹ ਮੈਚ ਪੰਜ ਵਿਕਟਾਂ ਨਾਲ ਜਿੱਤਿਆ ਸੀ। ਬੰਗਲਾਦੇਸ਼ ਨੇ ਸੁਪਰ ਅੱਠ ਗੇੜ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਉਲਟਫੇਰ ਕਰਦਿਆਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਮੁਰਤਜ਼ਾ ਦੇ ਖਿਡਾਰੀਆਂ ਨੇ ਪਿਛਲੇ 20 ਮੈਚਾਂ ਵਿੱਚੋਂ 13 ਵਿੱਚ ਜਿੱਤ ਹਾਸਲ ਕੀਤੀ, ਜਿਸ ਵਿੱਚ ਵੈਸਟ ਇੰਡੀਜ਼ ’ਤੇ ਇੱਕ ਲੜੀ ਵਿੱਚ ਜਿੱਤ ਸ਼ਾਮਲ ਹੈ।