ਮਨੀਮਾਜਰਾ ਵਿਚ ਪਤਨੀ ਤੇ ਦੋ ਬੱਚਿਆਂ ਦਾ ਕਤਲ

ਜ਼ਖ਼ਮੀ ਹਾਲਤ ’ਚ ਰੇਲ ਦੀ ਪਟੜੀ ਤੋਂ ਮਿਲੇ ਪਿਤਾ ਦੀ ਹਸਪਤਾਲ ’ਚ ਮੌਤ

ਚੰਡੀਗੜ੍ਹ ਦੇ ਮਨੀਮਾਜਰਾ ਮਾਡਰਨ ਹਾਊਸਿੰਗ ਕੰਪਲੈਕਸ ਸਥਿੱਤ ਘਰ ਵਿੱਚੋ ਔਰਤ, ਉਸ ਦੇ ਪੁੱਤਰ ਅਤੇ ਧੀ ਦੀਆਂ ਲਾਸ਼ਾਂ ਭੇਤਭਰੀ ਹਾਲਤ ’ਚ ਮਿਲੀਆਂ ਹਨ। ਇਨ੍ਹਾਂ ਤਿੰਨਾਂ ਦੇ ਗਲ਼ੇ ਵੱਢੇ ਹੋਏ ਸਨ। ਇਸ ਦੌਰਾਨ ਘਰ ਦਾ ਮੁਖੀ ਸੰਜੇ ਅਰੋੜਾ ਰੇਲ ਦੀ ਪਟੜੀ ਤੋਂ ਜ਼ਖ਼ਮੀ ਹਾਲਤ ਵਿੱਚ ਮਿਲਿਆ ਪਰ ਬਾਅਦ ਵਿੱਚ ਉਸ ਦੀ ਪੀਜੀਆਈ ਚੰਡੀਗੜ੍ਹ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਸਰਿਤਾ ਅਰੋੜਾ(45), ਉਸ ਦੇ ਪੁੱਤਰ ਅਰਜੁਨ ਅਰੋੜਾ (15) ਤੇ ਪੁੱਤਰੀ ਸਾਂਚੀ ਅਰੋੜਾ (22) ਵਜੋਂ ਹੋਈ ਹੈ। ਅਰੋੜਾ ਪਰਿਵਾਰ ਦੀ ਪੰਚਕੂਲਾ ਦੇ ਸੈਕਟਰ 9 ਵਿੱਚ ‘ਕ੍ਰਿਸ਼ਨਾ ਬੇਕਰੀ’ ਦੇ ਨਾਂਅ ਹੇਠ ਦੁਕਾਨ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲੀਸ ਨੇ ਥਾਣਾ ਮਨੀਮਾਜਰਾ ’ਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਅੱਜ ਵੱਡੇ ਤੜਕੇ 2 ਵਜੇ ਦੇ ਕਰੀਬ ਸੰਜੇ ਅਰੋੜਾ ਦੇ ਭਰਾ ਕਰਮਵੀਰ ਨੂੰ ਫੋਨ ਆਇਆ ਕਿ ਉਸ ਦੇ ਭਰਾ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਉਸ ਨੂੰ ਪੀਜੀਆਈ ਵਿੱਚ ਭਰਤੀ ਕੀਤਾ ਗਿਆ ਹੈ। ਕਰਮਵੀਰ ਨੇ ਫੌਰੀ ਆਪਣੀ ਭਰਜਾਈ ਸਰਿਤਾ ਨੂੰ ਫੋਨ ਕੀਤਾ, ਪਰ ਜਦੋਂ ਕਿਸੇ ਨੇ ਫੋਨ ਨਾ ਚੁੱਕਿਆ ਤਾਂ ਉਹ ਮਨੀਮਾਜਰਾ ਸਥਿੱਤ ਘਰ ਪਹੁੰਚ ਗਿਆ। ਘਰ ਦੇ ਬਾਹਰ ਜਿੰਦਰਾ ਲੱਗਾ ਸੀ। ਉਸ ਨੇ ਫੌਰੀ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਜਿੰਦਰਾ ਤੋੜ ਕੇ ਘਰ ਦੇ ਅੰਦਰ ਗਈ ਤਾਂ ਬੈੱਡਰੂਮ ਵਿੱਚ ਸਰਿਤਾ ਦੀ ਲਾਸ਼ ਪਈ ਸੀ। ਅਰਜੁਨ ਦੀ ਲਾਸ਼ ਦੂਜੇ ਕਮਰੇ ਅਤੇ ਸਾਂਚੀ ਦੀ ਲਾਸ਼ ਕਾਮਨ ਰੂਮ ਵਿੱਚ ਪਈ ਸੀ। ਤਿੰਨਾਂ ਦੀਆਂ ਹੱਤਿਆਵਾਂ ਗਲਾ ਵੱਢ ਕੇ ਕੀਤੀਆਂ ਗਈਆਂ ਸਨ। ਪੁਲੀਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ ’ਚ ਲੈ ਕੇ ਸਰਕਾਰੀ ਹਸਪਤਾਲ ਸੈਕਟਰ-16 ਦੇ ਮ੍ਰਿਤਕ ਘਰ ’ਚ ਰੱਖਵਾ ਦਿੱਤੀਆਂ ਹਨ।
ਫੋਰੈਂਸਿਕ ਤੇ ਅਪਰਾਧ ਸ਼ਾਖਾ ਦੀਆਂ ਟੀਮਾਂ ਅਤੇ ਡੌਗ ਸਕੁਐਡ ਵੱਲੋਂ ਘਰ ਦੀ ਜਾਂਚ ਕਰਨ ’ਤੇ ਦੋ ਡਾਇਰੀਆਂ ਅਤੇ ਖ਼ੁਦਕੁਸ਼ੀ ਨੋਟ ਬਰਾਮਦ ਹੋਏ ਹਨ। ਘਰ ਦੇ ਮੁਖੀ ਸੰਜੈ ਅਰੋੜਾ ਵੱਲੋਂ ਲਿਖੇ ਇਸ ਕਥਿਤ ਨੋਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਕਤਲ ਉਸ ਨੇ ਕੀਤੇ ਹਨ। ਪੁਲੀਸ ਨੇ ਡਾਇਰੀਆਂ ਅਤੇ ਖੁਦਕੁਸ਼ੀ ਨੋਟ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੰਜੇ ਅਰੋੜਾ ਪੰਚਕੂਲਾ ਦੇ ਸੈਕਟਰ-9 ’ਚ ਡੇਅਰੀ/ਬੇਕਰੀ ਚਲਾਉਂਦਾ ਸੀ। ਉਸ ਦਾ ਪੁੱਤਰ ਅਰਜੁਨ 10ਵੀਂ ਜਮਾਤ ਦਾ ਵਿਦਿਆਰਥੀ ਸੀ ਜਦੋਂਕਿ ਪੁੱਤਰੀ ਸਾਂਚੀ ਚੰਡੀਗੜ੍ਹ ਯੂਨੀਵਰਸਿਟੀ ’ਚ ਕਾਨੂੰਨ ਦੀ ਪੜ੍ਹਾਈ ਕਰ ਰਹੀ ਸੀ।
ਪੁਲੀਸ ਵੱਲੋਂ ਇਸ ਤੀਹਰੇ ਕਤਲ ਨੂੰ ਲੈਣ-ਦੇਣ ਦੇ ਨਾਲ ਜੋੜ ਕੇ ਪੜਤਾਲ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਸੰਜੈ ਅਰੋੜਾ ਦੇ ਘਰ ਬੁੱਧਵਾਰ ਦੁਪਹਿਰ ਤੋਂ ਬਾਅਦ ਕੋਈ ਹਲਚਲ ਨਹੀਂ ਵੇਖੀ ਗਈ। ਪੁਲੀਸ ਮਾਡਰਨ ਹਾਊਸਿੰਗ ਕੰਪਲੈਕਸ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਡੀਐੱਸਪੀ ਦਿਲਸ਼ੇਰ ਸਿੰਘ ਚੰਦੇਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਖੁਦਕੁਸ਼ੀ ਨੋਟ ਅਤੇ ਸੰਪਤੀ ਵਿਵਾਦ ਦੋਵਾਂ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਸੰਜੇ ਅਰੋੜਾ ਜ਼ਖ਼ਮੀ ਹਾਲਤ ’ਚ ਰੇਲ ਦੀ ਪਟੜੀ ’ਤੇ ਪਿਆ ਮਿਲਿਆ ਤਾਂ ਉਹ ਨਸ਼ੇ ’ਚ ਸੀ। ਇਸ ਦੌਰਾਨ ਸੰਜੇ ਦੀ ਹਸਪਤਾਲ ਵਿੱਚ ਮੌਤ ਹੋ ਗਈ। ਪੁਲੀਸ ਰਿਸ਼ਤੇਦਾਰ ਅਤੇ ਆਲੇ-ਦੁਆਲੇ ਦੇ ਲੋਕਾਂ ਤੋਂ ਵੀ ਪੁੱਛ-ਪੜਤਾਲ ਕਰ ਰਹੀ ਹੈ।