ਮਨਪ੍ਰੀਤ ਬਾਦਲ ਦੀ ਧਮਕੀ; ਜੀਐੱਸਟੀ ਮੁਆਵਜ਼ਾ ਰਾਸ਼ੀ ਨਾ ਦਿੱਤੀ ਤਾਂ ਸੁਪਰੀਮ ਕੋਰਟ ਦਾ ਰਾਹ ਖੁੱਲ੍ਹਾ

ਚੰਡੀਗੜ੍ਹ : ਜੀਐੱਸਟੀ ਦੀ ਨੁਕਸਾਨ ਪੂਰਤੀ ਰਾਸ਼ੀ ਪਿਛਲੇ ਤਿੰਨ ਮਹੀਨਿਆਂ ਤੋਂ ਨਾ ਮਿਲਣ ਕਾਰਨ ਨਾਰਾਜ਼ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਵਿਰੁੱਧ ਸੁਪਰੀਮ ਕੋਰਟ ਜਾਣ ਦੀ ਧਮਕੀ ਦਿੱਤੀ ਹੈ। ਉਨ੍ਹਾਂ ਇੱਥੇ ਗ਼ੈਰ-ਰਸਮੀ ਗੱਲਬਾਤ ਵਿਚ ਕਿਹਾ ਕਿ ਮੰਗਲਵਾਰ ਨੂੰ ਦੇਸ਼ ਦੇ ਸਾਰੇ ਗ਼ੈਰ-ਭਾਜਪਾ ਸ਼ਾਸਿਤ ਸੂਬਿਆਂ ਦੇ ਵਿੱਤ ਮੰਤਰੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਸਾਡੀ ਉਨ੍ਹਾਂ ਤੋਂ ਦੋ ਟੁੱਕ ਇਹੀ ਮੰਗ ਹੈ ਕਿ ਸੂਬਿਆਂ ਦੀ ਬਕਾਇਆ ਜੀਐੱਸਟੀ ਨੁਕਸਾਨ ਪੂਰਤੀ ਰਾਸ਼ੀ ਤੁਰੰਤ ਅਦਾ ਕੀਤੀ ਜਾਵੇ ਜਾਂ ਫਿਰ ਵਿਵਾਦ ਦੇ ਹੱਲ ਦਾ ਤੰਤਰ ਬਣਾਇਆ ਜਾਵੇ। ਨਹੀਂ ਤਾਂ ਸੁਪਰੀਮ ਕੋਰਟ ਦੇ ਦਰਵਾਜ਼ੇ ਤਾਂ ਸਾਰੇ ਸੂਬਿਆਂ ਲਈ ਖੁੱਲ੍ਹੇ ਹੋਏ ਹਨ।

ਵਿੱਤ ਮੰਤਰੀ ਸ਼ਨਿਚਰਵਾਰ ਨੂੰ ਚੰਡੀਗੜ੍ਹ ‘ਚ ਤੀਜੇ ਮਿਲਟਰੀ ਲਿਟਰੇਚਰ ਫੈਸਟ ਦਾ ਉਦਘਾਟਨ ਕਰਨ ਆਏ ਹੋਏ ਸਨ। ਉਨ੍ਹਾਂ ਕਿਹਾ ਕਿ ਅਸੀਂ ਭੀਖ ਨਹੀਂ ਮੰਗ ਰਹੇ। ਆਪਣੇ ਹੱਕ ਦੇ ਪੈਸੇ ਮੰਗ ਰਹੇ ਹਾਂ ਤੇ ਸੰਵਿਧਾਨ ‘ਚ ਇਸ ਦੀ ਵਿਵਸਥਾ ਹੈ ਕਿ ਭਾਰਤ ਸਰਕਾਰ ਜੀਐੱਸਟੀ ਦੀ ਨੁਕਸਾਨ ਪੂਰਤੀ ਰਾਸ਼ੀ ਹਰ ਮਹੀਨੇ ਅਦਾ ਕਰੇਗੀ। ਮਨਪ੍ਰੀਤ ਬਾਦਲ ਨੇ ਕਿਹਾ ਕਿ ਪਹਿਲਾਂ ਤਾਂ ਇਹ ਰਾਸ਼ੀ ਹਰ ਮਹੀਨੇ ਦੇ ਅੰਤ ਵਿਚ ਮਿਲ ਜਾਂਦੀ ਸੀ ਪਰ ਕੇਂਦਰ ਸਰਕਾਰ ਨੇ ਕਿਹਾ ਕਿ ਇਸ ਨੂੰ ਦੋ ਮਹੀਨਿਆਂ ਬਾਅਦ ਦਿਆ ਕਰਾਂਗੇ ਕਿਉਂਕਿ ਹਰ ਮਹੀਨੇ ਹਿਸਾਬ ਕਿਤਾਬ ਕਰਨਾ ਸੰਭਵ ਨਹੀਂ ਹੁੰਦਾ। ਅਸੀਂ ਫਿਰ ਵੀ ਤਿਆਰ ਹੋ ਗਏ। ਹੁਣ ਤਿੰਨ ਮਹੀਨੇ ਬੀਤ ਗਏ ਹਨ ਫਿਰ ਵੀ ਇਹ ਰਾਸ਼ੀ ਨਹੀਂ ਦਿੱਤੀ ਜਾ ਰਹੀ।

ਇਕ ਸਵਾਲ ਦੇ ਜਵਾਬ ਵਿਚ ਮਨਪ੍ਰੀਤ ਸਿੰਘ ਬਾਦਲ ਨੇ ਮੰਨਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ ਜਿਸ ਵਿਚ ਕਿਹਾ ਹੈ ਕਿ ਜੇ ਕੇਂਦਰ ਸਰਕਾਰ ਜੀਐੱਸਟੀ ਦੀ ਮੁਆਵਜ਼ਾ ਰਾਸ਼ੀ ਨਹੀਂ ਦਿੰਦੀ ਤਾਂ ਸਾਡੇ ਕੋਲ ‘ਪਲਾਨ ਬੀ’ ਕੀ ਹੈ?

ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜੀਐੱਸਟੀ ਤੋਂ ਪਹਿਲਾਂ 23 ਫ਼ੀਸਦੀ ਟੈਕਸ ਸਾਨੂੰ ‘ਫੂਡਗ੍ਰੇਨਜ਼’ ਤੋਂ ਆਉਂਦਾ ਸੀ, ਜਦੋਂ ਪੰਜਾਬ ਸਰਕਾਰ ਨੇ ਕੇਂਦਰ ਸਾਹਮਣੇ ਇਹ ‘ਸਰੰਡਰ’ ਕੀਤਾ ਤਾਂ ਕੀ ਮੈਂ ਵਿੱਤ ਮੰਤਰੀ ਸੀ? ‘ਫੂਡ ਅਕਾਊਂਟ’ ਦਾ 31 ਹਜ਼ਾਰ ਰੁਪਿਆ ਸੂਬਾ ਸਰਕਾਰ ‘ਤੇ ਕਰਜ਼ੇ ਦੇ ਰੂਪ ਵਿਚ ਚੜ੍ਹਾਉਣ ਵਾਲੀ ਫਾਈਲ ‘ਤੇ ਦਸਤਖ਼ਤ ਕਿਸ ਦੇ ਹਨ? ਇਸ ਫਾਈਲ ‘ਤੇ ਦਸਤਖ਼ਤ ਵੀ ਉਸ ਦਿਨ ਕੀਤੇ ਗਏ ਜਿਸ ਦਿਨ ਵੋਟਾਂ ਦੀ ਗਿਣਤੀ ਹੋ ਰਹੀ ਸੀ। ਕੀ ਢੀਂਡਸਾ ਨੂੰ ਪਤਾ ਹੈ ਕਿ ਇਸ ਕਰਜ਼ੇ ਦੀ 270 ਕਰੋੜ ਰੁਪਏ ਕਿਸ਼ਤ ਹਰ ਮਹੀਨੇ ਦੇਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਢੀਂਡਸਾ ਕਹਿ ਰਹੇ ਹਨ ਕਿ ਦੋ ਸਾਲ ਬਾਅਦ ਜਦੋਂ ਮੁਆਵਜ਼ਾ ਰਾਸ਼ੀ ਮਿਲਣੀ ਬੰਦ ਹੋ ਜਾਵੇਗੀ ਤਾਂ ਪੰਜਾਬ ਦਾ ਕੀ ਹੋਵੇਗਾ? ਕੀ ਉਨ੍ਹਾਂ ਨੂੰ ਹੁਣ ਯਾਦ ਆਇਆ ਹੈ? ਉਹ ਉਦੋਂ ਕਿਉਂ ਨਹੀਂ ਬੋਲੇ ਜਦੋਂ ਆਪਣੇ ਸਾਰੇ ਟੈਕਸ ‘ਸਰੰਡਰ’ ਕਰ ਰਹੇ ਸਨ।

ਸਮੇਂ ਸਿਰ ਮਿਲਣਗੀਆਂ ਤਨਖ਼ਾਹਾਂ ਤੇ ਪੈਨਸ਼ਨਾਂ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਵਿਚ ਕੋਈ ਪਰੇਸ਼ਾਨੀ ਨਹੀਂ ਆਵੇਗੀ। ਕੱਲ੍ਹ ਸਾਰਿਆਂ ਦੇ ਖਾਤਿਆਂ ਵਿਚ ਤਨਖ਼ਾਹ ਤੇ ਪੈਨਸ਼ਨ ਚਲੇ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਜੇ ਜੀਐੱਸਟੀ ਦੀ ਰਾਸ਼ੀ ਨਾ ਮਿਲੀ ਤਾਂ ਸਾਰੇ ਵਿਕਾਸ ਕਾਰਜ ਪ੍ਰਭਾਵਿਤ ਹੋਣਗੇ। ਆਪਣੇ ਹਿੱਸੇ ਦੇ ਟੈਕਸਾਂ ਨੂੰ ਇਕੱਠਿਆਂ ਨਾ ਕਰਨ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਪੂਰੇ ਦੇਸ਼ ‘ਚ ਮੰਦੀ ਦਾ ਦੌਰ ਚੱਲ ਰਿਹਾ ਹੈ ਤੇ ਅਜਿਹੇ ਵਿਚ ਸਾਰਿਆਂ ਦੀ ‘ਕੁਲੈਕਸ਼ਨ ਡਾਊਨ’ ਹੈ। ਕੇਂਦਰ ਸਰਕਾਰ ਕੋਲ ਤਾਂ ਨੋਟ ਛਾਪਣ ਦਾ ਵੀ ਅਧਿਕਾਰ ਹੈ, ਵਾਧੂ ਕਰਜ਼ਾ ਵੀ ਲੈ ਸਕਦੀ ਹੈ ਪਰ ਅਸੀਂ ਤਾਂ ਇਹ ਵੀ ਨਹੀਂ ਕਰ ਸਕਦੇ।