ਮਈ-ਦਿਵਸ/ਮਜ਼ਦੂਰ-ਦਿਵਸ ਤੇ ਵਿਸ਼ੇਸ਼

ਮਲਕੀਤ ਸਿੰਘ

 

ਅੱਜ ਮਜ਼ਦੂਰਾਂ ਦਾ ਦਿਨ ਏ,
ਸਾਰੇ ਪਾਸੇ ਇਹੀ ਚਰਚਾ ਏ,
ਥਾਂ-ਥਾਂ ਟੀ.ਵੀ. ਅਖ਼ਬਾਰਾਂ ‘ਚ
ਪੋਸਟਰਾਂ ਨਾਅਰਿਆਂ ‘ਚ ਚਰਚਾ ਏ,
ਹੁਣ ਤੇ ਵਟਸਐਪ ਤੇ ਵੀ ਭਰਮਾਰ ਏ,
ਮਜ਼ਦੂਰ ਦਿਵਸ ਦੀਆਂ ਪੋਸਟਾਂ ਦੀ,
ਤੇ ਸਾਰੇ ਲੋਕ ਆਪਣੇ ਆਪ ਨੂੰ,
ਜਤਾ ਰਹੇ ਨੇ ਕਿ ਸਾਨੂੰ ਪਤਾ ਏ,
ਕਿ ਅੱਜ ਮਜ਼ਦੂਰ ਦਿਵਸ ਏ।
ਅੱਜ ਮਜ਼ਦੂਰਾਂ ਦਾ ਦਿਨ ਏ,
ਨਹੀਂ ਪਤਾ ਤਾਂ ਸਿਰਫ਼,
ਮਜ਼ਦੂਰਾਂ ਨੂੰ ਹੀ ਨਹੀਂ ਪਤਾ ਏ ,
ਕਿਉਂਕਿ ਉਹ ਥਾਂ- ਥਾਂ ਖਲੋ ਕੇ,
ਗੱਲਾਂ ਨਹੀਂ ਕਰਦੇ,
ਉਹਨਾਂ ਕੋਲ ਟੀ.ਵੀ. ਵੇਖਣ ਦਾ ਵਿਹਲ ਨਹੀਂ ,
ਤੇ ਸ਼ਾਇਦ ਅਖ਼ਬਾਰ ਵੀ ਉਹਨਾਂ ਘਰ ਨਾ ਆਉਂਦੀ ਹੋਵੇ,
ਉਹ ਹੋਰ ਲੋਕਾਂ ਵਾਂਗ ਨਹੀਂ ਬਣਦੇ ,
ਧਰਨਿਆਂ ਦਾ ਸ਼ਿੰਗਾਰ,
ਤੇ ਨਾ ਹੀ ਲਾਉਂਦੇ ਨੇ ਭ੍ਰਿਸ਼ਟ ਲੀਡਰਾਂ ਖ਼ਿਲਾਫ਼ ਨਾਅਰੇ,
ਕਿਉਂਕਿ ਉਨ੍ਹਾਂ ਲਈ ਹਰ ਚੜ੍ਹਦੀ ਸਵੇਰ,
ਮਜ਼ਦੂਰ ਦਿਵਸ ਹੁੰਦਾ ਹੈ।
ਉਹਨਾਂ ਨੂੰ ਨਹੀਂ ਹੁੰਦਾ,
ਲੋਹੜੀ, ਦਿਵਾਲੀ, ਵਿਸਾਖੀ ਦਾ ਚਾਅ,
ਕਿਉਂਕਿ ਤਿਉਹਾਰ ਉਨ੍ਹਾਂ ਲਈ ਤਿਉਹਾਰ ਨਹੀਂ ਹੁੰਦੇ,
ਤਿਉਹਾਰ ਵੇਲੇ ਵੀ ਉਹਨਾਂ ਦਾ,
ਮਜ਼ਦੂਰ ਦਿਵਸ ਹੁੰਦਾ ਏ।
ਮਜ਼ਦੂਰ ਤਾਂ ਹਰ ਰੋਜ਼ ਨਿਕਲਦਾ ਹੈ,
ਮਜ਼ਦੂਰੀ ਕਰਨ, ਦਿਹਾੜੀ ਕਰਨ,
ਤਾਂ ਕਿ ਆਪਣੇ ਬੱਚਿਆਂ ਦੇ ਵਰਤਮਾਨ ਨੂੰ,
ਜਿੰਦਾਂ ਰੱਖ ਸਕੇ,
ਉਹਨਾਂ ਨੂੰ ਨਹੀਂ ਹੁੰਦਾ ਫ਼ਿਕਰ,
ਭਵਿੱਖ ਦਾ,
ਕਿਉਂਕਿ ਉਹ ਹਮੇਸ਼ਾ ,
ਵਰਤਮਾਨ ਦੇ ਚੱਕਰਵਿਊ ਵਿਚੋਂ ਹੀ ਨਹੀਂ ਨਿਕਲ ਪਾਉਂਦਾ,
ਉਸ ਲਈ ਤਾਂ 365 ਦਿਨ ਹੀ,
ਮਜ਼ਦੂਰ ਦਿਵਸ ਏ।
ਉਸ ਨੂੰ ਹਰੇਕ ਦਿਨ ਲੜਨਾ ਪੈਂਦਾ ਏ,
ਮਰਨਾ ਪੈਂਦਾ ਏ,
ਤਾਂ ਕਿ ਜੀਅ ਸਕੇ,
ਆਪਣੇ ਤੇ ਆਪਣੇ ਪਰਿਵਾਰ ਲਈ,
ਮੈਂ ਵੇਖਿਆ ਏ,
ਜਲੋਅ ਖਾਨੇ ਵਿੱਚ,
ਮਜ਼ਦੂਰਾਂ ਦਾ ਭੇਡਾਂ, ਬੱਕਰੀਆਂ ਵਾਂਗ ,
ਜਦੋਂ ਲਾਉਂਦੇ ਨੇ ਮੁੱਲ,
ਤੇ ਲੈਣ ਜਾਂਦੇ ਨੇ,
ਆਪਣਾ ਭਵਿੱਖ ਉਸਾਰਨ ਲਈ,
ਕੲੀਆਂ ਨੂੰ ਤਾਂ ਅੱਧੀ ਦਿਹਾੜੀ ਵੀ ਨਹੀਂ,
ਨਸੀਬ ਹੁੰਦੀ ਤੇ,
ਮੁੜ ਜਾਂਦੇ ਨੇ ਖਾਲੀ ਹੱਥ,
ਘਰੋਂ ਲਿਆਂਦੀਆਂ ਦੋ ਸੁੱਕੀਆਂ ਰੋਟੀਆਂ,
ਅਚਾਰ ਨਾਲ ਖਾ ਕੇ,
ਉਹਨਾਂ ਲਈ ਨਹੀਂ ਕੋਈ,
ਮਈ ਦਿਵਸ,
ਮਜ਼ਦੂਰ ਦਿਵਸ,
ਉਹਨਾਂ ਲਈ ਤਾਂ,
ਜਨਵਰੀ ਤੋਂ ਲੈ ਕੇ ਦਸੰਬਰ ਤੱਕ,
ਹਰੇਕ ਦਿਵਸ,
ਮਈ ਦਿਵਸ ਏ ਮਜ਼ਦੂਰ ਦਿਵਸ ਏ।

ਮਲਕੀਤ ਸਿੰਘ
+919501279900