ਭਾਰਤ ਵਿੱਚ ਜਹਾਜ਼ 18 ਅਕਤੂਬਰ ਤੋਂ ਪੂਰੀ ਸਮਰੱਥਾ ਨਾਲ ਉਡਣਗੇ

Air India

ਨਵੀਂ ਦਿੱਲੀ। ਭਾਰਤ ਵਿੱਚ ਕੋਰੋਨਾ ਮਹਾਮਾਰੀ ਦੀ ਸਥਿਤੀ ਸੁਧਾਰਨ ਪਿੱਛੋਂ ਸਰਕਾਰ ਨੇ 18 ਅਕਤੂਬਰ ਤੋਂ ਯਾਤਰੀਆਂ ਦੀ ਸੌ ਫੀਸਦੀ ਸਮਰੱਥਾ ਨਾਲ ਘਰੇਲੂ ਉਡਾਣਾਂ ਦੀ ਖੁੱਲ੍ਹ ਦੇ ਦਿੱਤੀ ਹੈ। ਮੌਜੂਦਾ ਸਮੇਂ 85 ਫੀਸਦੀ ਯਾਤਰੀ ਸਮਰੱਥਾ ਨਾਲ ਘਰੇਲੂ ਉਡਾਣਾਂ ਚੱਲ ਰਹੀਆਂ ਹਨ।
ਇਸ ਸੰਬੰਧ ਵਿੱਚ ਭਾਰਤ ਦੇ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਹੈ ਕਿ ਹਵਾਈ ਯਾਤਰਾ ਲਈ ਯਾਤਰੀਆਂ ਦੀ ਮੰਗ ਨੂੰ ਦੇਖ ਕੇ ਇਹ ਫੈਸਲਾ ਲਿਆ ਗਿਆ ਹੈ ਕਿ 18 ਅਕਤੂਬਰ ਤੋਂ ਯਾਤਰੀਆਂ ਦੀ ਗਿਣਤੀ ਬਾਰੇ ਕੋਈ ਪਾਬੰਦੀ ਨਹੀਂ ਹੋਵੇਗੀ।ਮੰਤਰਾਲੇ ਨੇ ਕਿਹਾ ਕਿ ਏਅਰਲਾਈਨ ਪ੍ਰਬੰਧਕਾਂ ਨੂੰ ਕੋਰੋਨਾ ਦਾ ਪਸਾਰ ਰੋਕਣ ਲਈ ਬਣਾਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਕਰਨ ਲਈ ਕਿਹਾ ਗਿਆ ਹੈ। ਘਰੇਲੂ ਏਅਰਲਾਈਨ ਕੰਪਨੀਆਂ ਨੂੰ 12 ਅਗਸਤ ਤੋਂ 18 ਸਤੰਬਰ ਦੌਰਾਨ 72.5 ਫੀਸਦੀ ਯਾਤਰੀਆਂ ਨਾਲ ਉਡਾਣ ਭਰਨ ਦੀ ਖੁੱਲ੍ਹ ਸੀ। ਨੌਂ ਅਕਤੂਬਰ ਨੂੰ ਭਾਰਤੀ ਕੰਪਨੀਆਂ ਨੇ 2350 ਘਰੇਲੂ ਉਡਾਣਾਂ ਦਾ ਚਲਾਈਆਂ ਅਤੇ ਇਹ ਕੋਰੋਨਾ ਤੋਂ ਪਹਿਲਾਂ ਦੀ ਸਮਰੱਥਾ ਦਾ 71.5 ਫੀਸਦੀ ਬਣਦਾ ਸੀ।ਪਿਛਲੇ ਸਾਲ 25 ਮਈ ਨੂੰ ਜਦੋਂ ਸਰਕਾਰ ਨੇ ਦੋ ਮਹੀਨੇ ਦੀ ਰੋਕ ਦੇ ਬਾਅਦ ਸਡਿਊਲਡ ਡੋਮੈਸਟਿਕ ਫਲਾਈਟਸ ਦੀ ਇਜਾਜ਼ਤ ਦਿੱਤੀ ਸੀ, ਉਦੋਂ ਯਾਤਰੀਆਂ ਦੀ ਗਿਣਤੀ 33 ਫੀਸਦੀ ਤੈਅ ਕੀਤੀ ਗਈ ਸੀ। ਦਸੰਬਰ 2020 ਤਕ ਇਹ ਹੱਦ ਹੌਲੀ-ਹੌਲੀ ਵਧਾ ਕੇ ਅੱਸੀ ਫੀਸਦੀ ਕਰ ਦਿੱਤੀ ਗਈ। ਇਸ ਸਾਲ ਇੱਕ ਜੂਨ ਤਕ ਇਹ ਹੱਦ ਰਹੀ, ਪਰ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਇੱਕ ਜੂਨ ਤੋਂ ਯਾਤਰੀਆਂ ਦੀ ਗਿਣਤੀ ਅੱਸੀ ਫੀਸਦੀ ਤੋਂ ਘਟਾ ਕੇ ਪੰਜਾਹ ਫੀਸਦੀ ਕਰ ਦਿੱਤੀ ਗਈ ਸੀ। ਇਹੀ ਨਹੀਂ, ਹਵਾਬਾਜ਼ੀ ਮੰਤਰਾਲੇ ਨੇ ਦੇਸ਼ ਵਿਚਲੀਆਂ ਏਅਰਲਾਈਨ ਕੰਪਨੀਆਂ ਤੇ ਹਵਾਈ ਅੱਡਿਆਂ ਨੂੰ ਇਹ ਵੀ ਕਿਹਾ ਹੈ ਕਿ ਉਹ ਹਵਾਈ ਯਾਤਰਾ ਦੌਰਾਨ ਪਾਰਲੀਮੈਂਟ ਮੈਂਬਰਾਂ ਨਾਲ ਪ੍ਰੋਟੋਕੋਲ ਦੀ ਪਾਲਣਾ ਕਰਨ, ਜਿਸ ਤਹਿਤ ਉਨ੍ਹਾਂ ਨੂੰ ਕੁਝ ਖਾਸ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਪ੍ਰੋਟੋਕੋਲ ਦੀ ਲਾਪਰਵਾਹੀ ਦੇ ਕੁਝ ਕੇਸ ਪਤਾ ਲੱਗ ਤੋਂ ਬਾਅਦ ਮੰਤਰਾਲੇ ਨੇ ਇਹ ਕਦਮ ਚੁੱਕਿਆ ਹੈ। ਸਰਕਾਰ ਨੇ ਕਿਹਾ ਕਿ ਪ੍ਰੋਟੋਕੋਲ ਦੀ ਪਾਲਣਾ ਕਰਨ ਦੇ ਦਿਸ਼ਾ-ਨਿਰਦੇਸ਼ ਇੱਕ ਵਾਰ ਫਿਰ ਜਾਰੀ ਕੀਤੇ ਗਏ ਹਨ ਤੇ ਹਵਾਬਾਜ਼ੀ ਸਬੰਧੀ ਸਾਰੇ ਸਬੰਧਤ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਇਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਪ੍ਰੋਟੋਕੋਲ ਤਹਿਤ ਪਾਰਲੀਮੈਂਟ ਦੇਸ਼ ਭਰ ਦੇ ਸਾਰੇ ਘਰੇਲੂ ਤੇ ਕੌਮਾਂਤਰੀ ਹਵਾਈ ਅੱਡਿਆਂ ਦੇ ਰਿਜ਼ਰਵ ਲਾਊਂਜ ਤਕ ਜਾ ਸਕਦੇ ਹਨ ਤੇ ਉਨ੍ਹਾਂ ਨੂੰ ਮੁਫਤ ਵਿੱਚ ਚਾਹ, ਕੌਫੀ ਜਾਂ ਪਾਣੀ ਦਿੱਤਾ ਜਾਂਦਾ ਹੈ।