ਭਾਰਤ ਲਾਂਭੇ ਹੋਣ ਦੀ ਥਾਂ ਫ਼ੈਸਲੇ ਲੈਣ ਦਾ ਹਾਮੀ: ਜੈਸ਼ੰਕਰ

ਨਵੀਂ ਦਿੱਲੀ– ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਕਦੇ ਵੀ ਫੁੱਟ ਪਾਉਣ ਦੇ ਰਾਹ ਨਹੀਂ ਪਿਆ ਤੇ ਭਾਰਤ ਨੇ ਕਿਸੇ ਵੀ ਮਸਲੇ ਤੋਂ ਪਾਸਾ ਵੱਟਣ ਜਾਂ ਲਾਂਭੇ ਹੋਣ ਦੀ ਥਾਂ ਹਮੇਸ਼ਾ ਫੈਸਲੇ ਲੈਣ ਨੂੰ ਤਰਜੀਹ ਦਿੱੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਕਦੇ ਵੀ ਤਜਾਰਤੀ ਰਾਹ ਨਹੀਂ ਪਿਆ ਤੇ ਦਹਿਸ਼ਤਗਰਦੀ ਨਾਲ ਸਖ਼ਤੀ ਨਾਲ ਸਿੱਝ ਰਿਹਾ ਹੈ। ਸ੍ਰੀ ਜੈਸ਼ੰਕਰ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀ ਹੈ, ਜਦੋਂ ਕਈ ਮੁਲਕਾਂ ਨੇ ਭਾਰਤ ਨੂੰ ਭਾਰਤ-ਪ੍ਰਸ਼ਾਂਤ ਖਿੱਤੇ ਵਿੱਚ ਵਡੇਰੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਹੈ।
ਵਿਦੇਸ਼ ਮੰਤਰਾਲੇ ਵੱਲੋਂ ਕਰਵਾਏ ਜਾਂਦੇ ਸਾਲਾਨਾ ‘ਰਾਇਸੀਨਾ ਸੰਵਾਦ’ ਵਿੱਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਅਮਰੀਕਾ ਤੇ ਇਰਾਨ ਦੇ ਰਿਸ਼ਤਿਆਂ ਵਿੱਚ ਬਣੀ ਤਲਖੀ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਦੋ ਵੱਖੋ ਵੱਖਰੇ ਮੁਲਕ ਹਨ, ਜਿਨ੍ਹਾਂ ਦਾ ਆਪੋ ਆਪਣਾ ਖਾਸਾ ਹੈ, ਪਰ ਆਖਿਰ ਨੂੰ ਕੀ ਹੋਵੇਗਾ, ਇਹ ਪੂਰੇ ਮਸਲੇ ਵਿੱਚ ਸ਼ਾਮਲ ਭਾਈਵਾਲਾਂ ’ਤੇ ਮੁਨੱਸਰ ਕਰੇਗਾ। ਚੀਨ ਨਾਲ ਰਿਸ਼ਤਿਆਂ ’ਤੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਗੁਆਂਢੀਆਂ ਲਈ ਅਹਿਮ ਹੈ ਕਿ ਉਹ ਨਾਜ਼ੁਕ ਮੁੱਦਿਆਂ ’ਤੇ ਆਪਸੀ ਸਮਝ ਵਿਕਸਤ ਕਰਨ। ਉਨ੍ਹਾਂ ਕਿਹਾ, ‘ਨਾ ਭਾਰਤ ਤੇ ਨਾ ਹੀ ਚੀਨ, ਭਾਰਤ-ਚੀਨ ਸਬੰਧਾਂ ਨੂੰ ਵਿਗੜਨ ਦੇ ਸਕਦੇ ਹਨ। ਸਾਡਾ ਸਬੰਧ ਨਿਵੇਕਲਾ ਹੈ। ਹਰੇਕ ਮੁਲਕ ਇਸ ਵਿਸ਼ਵ ਵਿੱਚ ਇਕੋ ਵੇਲੇ ਵੱਧ ਫੁਲ ਰਿਹਾ ਹੈ, ਪਰ ਜ਼ਰੂਰੀ ਹੈ ਕਿ ਦੋਵੇਂ ਮੁਲਕ ਸਮਤੋਲ ਬਣਾ ਕੇ ਰੱਖਣ।’
ਉਨ੍ਹਾਂ ਕਿਹਾ ਕਿ ਭਾਰਤ ਆਪਣੇ ‘ਪੁਰਾਣੇ ਬਿੰਬ ’ਚ ਕੈਦ’ ਹੋ ਕੇ ਰਹਿ ਗਿਆ ਹੈ ਤੇ ਉਸ ਨੂੰ ਹਰ ਹਾਲ ਇਸ ਵਿੱਚੋਂ ਉਭਰਨਾ ਹੋਵੇਗਾ। ਉਨ੍ਹਾਂ ਕਿਹਾ, ‘ਇਕ ਸਮਾਂ ਸੀ, ਜਦੋਂ ਅਸੀਂ ਕੰਮ ਕਰਨ ਨਾਲੋਂ ਵਧ ਬੋਲਦੇ ਸੀ, ਪਰ ਹੁਣ ਸਭ ਕੁਝ ਬਦਲਣ ਲੱਗਾ ਹੈ।’ ਖੇਤਰੀ ਵਿਸਥਾਰਤ ਆਰਥਿਕ ਭਾਈਵਾਲੀ (ਆਰਸੀਈਪੀ) ਤੋਂ ਭਾਰਤ ਦੇ ਲਾਂਭੇ ਹੋਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਅਸਲ ਜ਼ਿੰਮੇਵਾਰੀ ਉਨ੍ਹਾਂ ਮੁਲਕਾਂ ਦੀ ਹੈ, ਜੋ ਇਸ ਭਾਈਵਾਲੀ ਦਾ ਹਿੱਸਾ ਹਨ। ਵਿਦੇਸ਼ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਨੇ ਅਮਰੀਕਾ ਨਾਲ ਆਪਣੇ ਸਬੰਧਾਂ ਨੂੰ ਕਦੇ ਵੀ ਘਟਾ ਕੇ ਨਹੀਂ ਵੇਖਿਆ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਖੇਤਰ ਨਹੀਂ ਹੈ, ਜਿੱਥੇ ਭਾਰਤ ਤੇ ਅਮਰੀਕਾ ਨੇ ਮਿਲ ਕੇ ਕੰਮ ਨਾ ਕੀਤਾ ਹੋਵੇ।