ਭਾਰਤ ਨੂੰ ਪਾਕਿ ਕਮੇਟੀ ’ਚ ਚਾਵਲਾ ਦੀ ਸ਼ਮੂਲੀਅਤ ’ਤੇ ਉਜਰ

ਭਾਰਤ ਨੇ ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨੀ ਕਮੇਟੀ ਵਿੱਚ ਸਿਖਰਲੇ ਖਾਲਿਸਤਾਨੀ ਵੱਖਵਾਦੀ ਗੋਪਾਲ ਸਿੰਘ ਚਾਵਲਾ ਦੀ ਮੌਜੂਦਗੀ ਉੱਤੇ ਇਤਰਾਜ਼ ਜਤਾਇਆ ਹੈ। ਭਾਰਤ ਨੇ ਅੱਜ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਤੇ ਆਪਣੀ ਫਿਕਰਮੰਦੀ ਜ਼ਾਹਰ ਕੀਤੀ। ਭਾਰਤ ਨੇ ਅਟਾਰੀ ਵਿੱਚ ਹੋਈ ਪਿਛਲੀ ਮੀਟਿੰਗ ਮੌਕੇ ਵੀ ਇਸ ਸਬੰਧੀ ਰੋਸ ਜਤਾਇਆ ਸੀ। ਸੂਤਰਾਂ ਮੁਤਾਬਕ ਭਾਰਤ ਨੇ ਪਾਕਿਸਤਾਨੀ ਸਫੀਰ ਨੂੰ ਸਾਫ਼ ਕਰ ਦਿੱਤਾ ਕਿ ਕਰਤਾਰਪੁਰ ਲਾਂਘੇ ਬਾਰੇ 2 ਅਪਰੈਲ ਨੂੰ ਹੋਣ ਵਾਲੀ ਮੀਟਿੰਗ ਦੀ ਹੋਣੀ ਪਾਕਿਸਤਾਨ ਦੇ ਜਵਾਬ ਉਪਰ ਨਿਰਭਰ ਕਰੇਗੀ। ਭਾਰਤ ਨੂੰ ਪਾਕਿਸਤਾਨੀ ਕਮੇਟੀ ਵਿੱਚ ਖਾਲਿਸਤਾਨ ਪੱਖੀ ਗੋਪਾਲ ਸਿੰਘ ਚਾਵਲਾ, ਤਾਰਾ ਸਿੰਘ, ਬੇਅੰਤ ਸਿੰਘ, ਮਨਿੰਦਰ ਸਿੰਘ ਤੇ ਕੁਲਜੀਤ ਸਿੰਘ ਦੀ ਮੌਜੂਦਗੀ ’ਤੇ ਉਜਰ ਹੈ।
ਸੂਤਰਾਂ ਮੁਤਾਬਕ ਭਾਰਤ ਨੇ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਸੱਯਦ ਹੈਦਰ ਸ਼ਾਹ ਨੂੰ ਤਲਬ ਕਰਕੇ ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨੀ ਕਮੇਟੀ ਵਿੱਚ ਖਾਲਿਸਤਾਨੀ ਵੱਖਵਾਦੀ ਆਗੂ ਚਾਵਲਾ ਦੀ ਮੌਜੂਦਗੀ ’ਤੇ ਉਜਰ ਜਤਾਇਆ। ਉਨ੍ਹਾਂ ਕਿਹਾ ਕਿ ਭਾਰਤ ਨੇ ਹੋਰਨਾਂ ਸਿੱਖ ਵੱਖਵਾਦੀਆਂ ਬਿਸ਼ਨ ਸਿੰਘ, ਕੁਲਜੀਤ ਸਿੰਘ ਤੇ ਮਨਿੰਦਰ ਸਿੰਘ ਦੀ ਇਸ ਪ੍ਰਾਜੈਕਟ ਨਾਲ ਸਾਂਝ ਬਾਰੇ ਪਾਕਿਸਤਾਨ ਤੋਂ ਸਪਸ਼ਟੀਕਰਨ ਮੰਗਿਆ ਹੈ। ਉਨ੍ਹਾਂ ਕਿਹਾ ਕਿ ਚਾਵਲਾ, ਜੋ ਜਮਾਤ ਉਦ ਦਾਵਾ ਸਰਗਨਾ ਹਾਫਿਜ਼ ਸਈਦ ਦੇ ਕਾਫ਼ੀ ਕਰੀਬ ਹੈ, ਦੀ ਕਮੇਟੀ ’ਚ ਸ਼ਮੂਲੀਅਤ ਭਾਰਤ ਨੂੰ ਕਿਸੇ ਵੀ ਕੀਮਤ ’ਤੇ ਸਵੀਕਾਰ ਨਹੀਂ ਹੈ। ਪਾਕਿਸਤਾਨੀ ਕੈਬਨਿਟ ਨੇ ਦਸ ਮੈਂਬਰੀ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਗਠਿਤ ਕੀਤੀ ਸੀ, ਜੋ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਮਗਰੋਂ ਸਿੱਖ ਸ਼ਰਧਾਲੂਆਂ ਦੀ ਆਮਦੋ-ਰਫਦ ਦੇ ਪ੍ਰਬੰਧਾਂ ਨੂੰ ਵੇਖੇਗੀ। ਭਾਰਤ ਨੇ ਪਾਕਿਸਤਾਨੀ ਸਫ਼ੀਰ ਨੂੰ ਅਟਾਰੀ ਵਿਖੇ ਹੋਈ ਪਿਛਲੀ ਮੀਟਿੰਗ ਦੌਰਾਨ ਭਾਰਤ ਵੱਲੋਂ ਲਾਂਘੇ ਬਾਰੇ ਪੇਸ਼ ਅਹਿਮ ਤਜਵੀਜ਼ਾਂ ਸਬੰਧੀ ਪਾਕਿ ਦਾ ਰੁਖ਼ ਸਾਫ਼ ਕਰਨ ਲਈ ਵੀ ਕਿਹਾ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਕਰਤਾਰਪੁਰ ਲਾਂਘੇ ਨੂੰ ਲੈ ਕੇ ਹੋਣ ਵਾਲੀ ਮੀਟਿੰਗ ਪਾਕਿਸਤਾਨ ਦੇ ਉਪਰੋਕਤ ਮਾਮਲਿਆਂ ’ਚ ਜਵਾਬ ਮਗਰੋਂ ਢੁੱਕਵੇਂ ਸਮੇਂ ’ਤੇ ਵਿਉਂਤੀ ਜਾਵੇਗੀ। ਅਟਾਰੀ ਵਿਖੇ ਹੋਈ ਪਿਛਲੀ ਮੀਟਿੰਗ ਦੌਰਾਨ ਭਾਰਤ ਨੇ ਲਾਂਘੇ ਦੀ ਸਿਫ਼ਰ ਲਾਈਨ ਬਾਰੇ ਬਕਾਇਆ ਮਸਲਿਆਂ ਨੂੰ ਲੈ ਕੇ ਦੋਵਾਂ ਮੁਲਕਾਂ ਦੇ ਤਕਨੀਕੀ ਮਾਹਿਰਾਂ ਦੀ ਇਕ ਮੀਟਿੰਗ ਮੱਧ ਅਪਰੈਲ ਵਿੱਚ ਵਿਉਂਤਣ ਦੀ ਤਜਵੀਜ਼ ਰੱਖੀ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਭਾਰਤੀ ਸ਼ਰਧਾਲੂਆਂ ਦੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਲੰਮੇ ਸਮੇਂ ਤੋਂ ਬਕਾਇਆ ਮੰਗ ਨੂੰ ਪੂਰਾ ਕਰਨ ਤੇ ਇਸ ਯਾਤਰਾ ਨੂੰ ਸੁਰੱਖਿਅਤ ਤੇ ਸੁਖਾਲੀ ਬਣਾਉਣ ਲਈ ਵਚਨਬੱਧ ਹੈ। ਭਾਰਤ ਨੇ ਪਿਛਲੇ ਸਾਲ ਨਵੰਬਰ ਵਿੱਚ ਕਰਤਾਰਪੁਰ ਵਿਚਲੇ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜਨ ਲਈ ਲਾਂਘਾ ਬਣਾਉਣ ਬਾਰੇ ਸਹਿਮਤੀ ਦਿੱਤੀ ਸੀ। ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਨੇ ਆਪਣਾ ਅਖੀਰਲਾ ਸਮਾਂ ਇਥੇ ਹੀ ਬਿਤਾਇਆ ਸੀ।