ਭਾਰਤ ਦੀ ਵਿਕਾਸ ਦਰ 1.5 ਤੋਂ 2.8 ਫ਼ੀਸਦ ਰਹਿਣ ਦਾ ਅਨੁਮਾਨ

ਵਾਸ਼ਿੰਗਟਨ  (ਸਮਾਜਵੀਕਲੀ)  – ਵਿਸ਼ਵ ਬੈਂਕ ਨੇ ਅਨੁਮਾਨ ਲਗਾਇਆ ਹੈ ਕਿ ਭਾਰਤ ਦੀ ਵਿਕਾਸ ਦਰ ਵਿੱਤੀ ਵਰ੍ਹੇ 2020-21 ’ਚ 1.5 ਤੋਂ 2.8 ਫ਼ੀਸਦ ਰਹਿ ਸਕਦੀ ਹੈ। ਕਰੋਨਾਵਾਇਰਸ ਮਹਾਮਾਰੀ ਫੈਲਣ ਕਾਰਨ ਅਰਥਚਾਰੇ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। 1991 ’ਚ ਉਦਾਰੀਕਰਨ ਮਗਰੋਂ ਭਾਰਤ ਦੀ ਵਿਕਾਸ ਦਰ ਮੌਜੂਦਾ ਵਿੱਤੀ ਵਰ੍ਹੇ ’ਚ ਸਭ ਤੋਂ ਖ਼ਰਾਬ ਰਹਿਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

ਵਿਸ਼ਵ ਬੈਂਕ ਨੇ ਆਪਣੀ ਦੱਖਣੀ ਏਸ਼ੀਆ ਆਰਥਿਕ ਫੋਕਸ ਰਿਪੋਰਟ ’ਚ ਕਿਹਾ ਹੈ ਕਿ ਕੋਵਿਡ-19 ਉਸ ਸਮੇਂ ਫੈਲਿਆ ਜਦੋਂ ਭਾਰਤ ਦਾ ਅਰਥਚਾਰਾ ਪਹਿਲਾਂ ਹੀ ਵਿੱਤੀ ਸੈਕਟਰ ’ਚ ਕਮਜ਼ੋਰੀ ਕਾਰਨ ਸੁਸਤ ਸੀ। ਉਨ੍ਹਾਂ ਅੰਦਾਜ਼ਾ ਲਾਇਆ ਸੀ ਕਿ ਵਿੱਤੀ ਵਰ੍ਹੇ 2019-20 ’ਚ ਭਾਰਤ ਦੀ ਵਿਕਾਸ ਦਰ 4.8 ਤੋਂ 5 ਫ਼ੀਸਦ ਵਿਚਕਾਰ ਰਹੇਗੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਲੌਕਡਾਊਨ ਕਰਕੇ ਫੈਕਟਰੀਆਂ ਅਤੇ ਕਾਰੋਬਾਰ ਠੱਪ ਹੋ ਗਏ ਹਨ, ਉਡਾਣਾਂ, ਰੇਲਾਂ ਅਤੇ ਹੋਰ ਸਾਧਨ ਬੰਦ ਹਨ। ‘ਇਸ ਦੇ ਨਤੀਜੇ ਵਜੋਂ ਘਰੇਲੂ ਸਪਲਾਈ ਅਤੇ ਮੰਗ ’ਚ ਤੇਜ਼ ਗਿਰਾਵਟ ਆਵੇਗੀ।

ਸਰਵਿਸਿਜ਼ ਸੈਕਟਰ ਨੂੰ ਉਚੇਚੇ ਤੌਰ ’ਤੇ ਮਾਰ ਪਵੇਗੀ।’ ਘਰੇਲੂ ਨਿਵੇਸ਼ ’ਚ ਛੇਤੀ ਸੁਧਾਰ ਆਉਣ ਦੀ ਸੰਭਾਵਨਾ ਘੱਟ ਹੈ। ਵਿਸ਼ਵ ਬੈਂਕ ਦਾ ਇਹ ਅਨੁਮਾਨ ਕੌਮਾਂਤਰੀ ਏਜੰਸੀਆਂ ਨਾਲ ਮੇਲ ਖਾਂਦਾ ਹੈ ਜਿਨ੍ਹਾਂ ਪਿਛਲੇ ਦਿਨਾਂ ’ਚ ਵਿਕਾਸ ਦੇ ਅੰਦਾਜ਼ਿਆਂ ’ਚ ਅਜਿਹੇ ਨਿਘਾਰ ਦੇ ਖ਼ਦਸ਼ੇ ਜਤਾਏ ਹਨ।

ਵਿਸ਼ਵ ਬੈਂਕ ਵੱਲੋਂ ਐਤਵਾਰ ਨੂੰ ਜਾਰੀ ਰਿਪੋਰਟ ਮੁਤਾਬਕ ਦੱਖਣੀ ਏਸ਼ਿਆਈ ਖ਼ਿੱਤੇ (ਅੱਠ ਮੁਲਕ) ’ਚ ਇਸ ਸਾਲ ਵਿਕਾਸ ਦਰ 1.8 ਤੋਂ 2.8 ਫ਼ੀਸਦ ਰਹਿ ਸਕਦੀ ਹੈ ਜੋ ਛੇ ਮਹੀਨੇ ਪਹਿਲਾਂ ਅਨੁਮਾਨਿਤ 6.3 ਫ਼ੀਸਦ ਤੋਂ ਕਿਤੇ ਹੇਠਾਂ ਹੈ। ਵਿਸ਼ਵ ਬੈਂਕ ਦੇ ਦੱਖਣੀ ਏਸ਼ੀਆ ਮਾਮਲਿਆਂ ਦੇ ਮੁਖੀ ਹੈਂਸ ਟਿਮਰ ਨੇ ਕਿਹਾ ਕਿ ਭਾਰਤ ਦਾ ਆਰਥਿਕ ਨਜ਼ਰੀਆ ਠੀਕ ਨਹੀਂ ਹੈ।

ਉਨ੍ਹਾਂ ਕਿਹਾ ਕਿ ਜੇਕਰ ਲੌਕਡਾਊਨ ਲੰਬੇ ਸਮੇਂ ਤਕ ਚਲਿਆ ਤਾਂ ਆਰਥਿਕ ਸਿੱਟੇ ਹੋਰ ਮਾੜੇ ਹੋਣਗੇ। ਟਿਮਰ ਨੇ ਕਿਹਾ ਕਿ ਭਾਰਤ ਨੂੰ ਪਹਿਲਾਂ ਰੋਗ ਫੈਲਣ ਤੋਂ ਰੋਕਣ ’ਤੇ ਧਿਆਨ ਕੇਂਦਰਤ ਕਰਨਾ ਪਵੇਗਾ ਅਤੇ ਫਿਰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਹਰ ਕਿਸੇ ਨੂੰ ਭੋਜਨ ਮਿਲੇ।