ਭਾਰਤ ਤੇ ਆਸਟਰੇਲੀਆ ਵਿਚਾਲੇ ‘ਕਰੋ ਜਾਂ ਮਰੋ’ ਵਾਲਾ ਮੈਚ ਅੱਜ

ਰਾਜਕੋਟ- ਪਹਿਲੇ ਇਕ ਰੋਜ਼ਾ ਕੌਮਾਂਤਰੀ ਮੈਚ ਵਿੱਚ ਬੱਲੇਬਾਜ਼ੀ ਕ੍ਰਮ ’ਚ ਹੇਠਾਂ ਉਤਰਨ ਦਾ ਫ਼ੈਸਲਾ ਗ਼ਲਤ ਸਾਬਿਤ ਹੋਣ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਆਸਟਰੇਲੀਆ ਖ਼ਿਲਾਫ਼ ਸ਼ੁੱਕਰਵਾਰ ਨੂੰ ਦੂਜੇ ਇਕ ਰੋਜ਼ਾ ਕ੍ਰਿਕਟ ਮੈਚ ਵਿੱਚ ਆਪਣੇ ਨਿਯਮਤ ਕ੍ਰਮ ਤੀਜੇ ਨੰਬਰ ’ਤੇ ਹੀ ਉਤਰੇਗਾ।
ਆਸਟਰੇਲੀਆ ਨੇ ਮੁੰਬਈ ਵਿੱਚ ਪਹਿਲਾ ਮੈਚ 10 ਵਿਕਟਾਂ ਨਾਲ ਜਿੱਤ ਕੇ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਡੇਵਿਡ ਵਾਰਨਰ ਤੇ ਆਰੋਨ ਫਿੰਚ ਨੇ ਉਸ ਮੈਚ ਵਿੱਚ ਸੈਂਕੜੇ ਬਣਾਏ ਸਨ। ਫਾਰਮ ਵਿੱਚ ਚੱਲ ਰਹੇ ਤਿੰਨੋਂ ਸਲਾਮੀ ਬੱਲੇਬਾਜ਼ਾਂ ਰੋਹਿਤ ਸ਼ਰਮਾ, ਸ਼ਿਖਰ ਧਵਨ ਤੇ ਕੇ.ਐੱਲ. ਰਾਹੁਲ ਨੂੰ ਟੀਮ ਵਿੱਚ ਜਗ੍ਹਾ ਦੇਣ ਲਈ ਕੋਹਲੀ ਬੱਲੇਬਾਜ਼ੀ ਕ੍ਰਮ ਵਿੱਚ ਹੇਠਾਂ ਉਤਰਿਆ ਪਰ ਨਾਕਾਮ ਰਿਹਾ। ਸਲਾਮੀ ਬੱਲੇਬਾਜ਼ ਧਵਨ ਨੇ ਬਾਅਦ ਵਿੱਚ ਕਿਹਾ ਕਿ ਟੀਮ ਪ੍ਰਬੰਧਨ ਦੇ ਕਹਿਣ ’ਤੇ ਉਹ ਕਿਸੇ ਵੀ ਕ੍ਰਮ ’ਤੇ ਖੇਡਣ ਲਈ ਤਿਆਰ ਹੈ ਅਤੇ ਕੋਹਲੀ ਨੂੰ ਤੀਜੇ ਨੰਬਰ ’ਤੇ ਹੀ ਉਤਰਨਾ ਚਾਹੀਦਾ ਹੈ। ਰਿਸ਼ਭ ਪੰਤ ਤੇ ਬਾਹਰ ਹੋਣ ਕਰ ਕੇ ਦੂਜੇ ਮੈਚ ਵਿੱਚ ਰਾਹੁਲ ਹੀ ਵਿਕਟਕੀਪਿੰਗ ਕਰੇਗਾ। ਪਿਛਲੇ ਮੈਚ ਵਾਂਗ ਰੋਹਿਤ ਤੇ ਧਵਨ ਪਾਰੀ ਦਾ ਆਗਾਜ਼ ਕਰ ਸਕਦੇ ਹਨ। ਧਵਨ ਨੇ 91 ਗੇਂਦਾਂ ’ਚ 74 ਦੌੜਾਂ ਦੀ ਪਾਰੀ ਖੇਡੀ ਸੀ। ਚੌਥੇ ਨੰਬਰ ਲਈ ਰਾਹੁਲ ਅਤੇ ਸ਼੍ਰੇਅਸ ਅਈਅਰ ਵਿੱਚੋਂ ਇਕ ਦੀ ਚੋਣ ਹੋਵੇਗੀ ਕਿਉਂਕਿ ਅਈਅਰ ਪਿਛਲੇ ਮੈਚ ਵਿੱਚ ਨਹੀਂ ਚੱਲ ਸਕਿਆ। ਪੰਤ ਦੀ ਗੈਰ ਮੌਜੂਦਗੀ ਵਿੱਚ ਕਰਨਾਟਕ ਦੇ ਮਨੀਸ਼ ਪਾਂਡੇ ਨੂੰ ਜਗ੍ਹਾ ਮਿਲ ਸਕਦੀ ਹੈ ਜਿਸ ਨੇ ਪੁਣੇ ਵਿੱਚ ਸ੍ਰੀਲੰਕਾ ਖ਼ਿਲਾਫ਼ ਤੀਜੇ ਇਕ ਰੋਜ਼ਾ ਵਿੱਚ ਚੰਗਾ ਪ੍ਰਦਰਸ਼ਨ ਕੀਤਾ। ਇਹ ਵੀ ਦੇਖਣਾ ਹੋਵੇਗਾ ਕਿ ਤਜ਼ਰਬੇਕਾਰ ਕੇਦਾਰ ਜਾਧਵ ਤੇ ਨੌਜਵਾਨ ਸ਼ਿਵਮ ਦੂਬੇ ਵਿੱਚੋਂ ਕਿਸ ਨੂੰ ਜਗ੍ਹਾ ਮਿਲਦੀ ਹੈ।
ਆਈਸੀਸੀ ਸਾਲ ਦਾ ਸਰਵੋਤਮ ਇਕ ਰੋਜ਼ਾ ਕ੍ਰਿਕਟਰ ਬਣਿਆ ਰੋਹਿਤ ਪਹਿਲੇ ਮੈਚ ਵਿੱਚ ਨਹੀਂ ਚੱਲ ਸਕਿਆ ਪਰ ਉਸ ਨੂੰ ਅਤੇ ਕੋਹਲੀ ਨੂੰ ਜ਼ਿਆਦਾ ਦੇਰ ਰੋਕ ਸਕਣਾ ਸੰਭਨ ਨਹੀਂ ਹੈ। ਕੋਹਲੀ ਭਾਰਤੀ ਧਰਤੀ ’ਤੇ ਸਭ ਤੋਂ ਵੱਧ ਸੈਂਕੜਿਆਂ ਦੇ ਸਚਿਨ ਤੇਂਦੁਲਕਰ ਦੇ ਰਿਕਾਰਡ ਦੀ ਬਰਾਬਰੀ ਤੋਂ ਇਕ ਸੈਂਕੜਾ ਪਿੱਛੇ ਹੈ। ਜਸਪ੍ਰੀਤ ਬੁਮਰਾਹ ਦੀ ਅਗਵਾਈ ਵਿੱਚ ਭਾਰਤੀ ਗੇਂਦਬਾਜ਼ ਵਾਨਖੇੜੇ ਸਟੇਡੀਅਮ ’ਤੇ ਨਹੀਂ ਚੱਲ ਸਕੇ। ਉਨ੍ਹਾਂ ਦਾ ਇਰਾਦਾ ਹੁਣ ਸ਼ਾਨਦਾਰ ਵਾਪਸੀ ਦਾ ਹੋਵੇਗਾ। ਦੇਖਣ ਇਹ ਵੀ ਹੈ ਕਿ ਨਵਦੀਪ ਸੈਣੀ ਤੇ ਸ਼ਾਰਦੁਲ ਠਾਕੁਰ ਵਿੱਚੋਂ ਕਿਸ ਨੂੰ ਮੌਕਾ ਮਿਲਦਾ ਹੈ। ਰਵਿੰਦਰ ਜਡੇਜਾ ਦਾ ਖੇਡਣਾ ਤੈਅ ਹੈ, ਲਿਹਾਜ਼ਾ ਕੁਲਦੀਪ ਯਾਦਵ ਤੇ ਯੁਜ਼ਵੇਂਦਰ ਚਹਿਲ ਵਿੱਚੋਂ ਇਕ ਹੀ ਸਪਿੰਨਰ ਨੂੰ ਜਗ੍ਹਾ ਮਿਲੇਗੀ।
ਦੂਜੇ ਪਾਸੇ ਆਸਟਰੇਲਿਆਈ ਟੀਮ ਦੇ ਹੌਸਲੇ ਪਹਿਲੇ ਮੈਚ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਬੁਲੰਦ ਹਨ। ਫਿੰਚ ਤੇ ਵਾਰਨਰ ਉਸ ਫਾਰਮ ਨੂੰ ਕਾਇਮ ਰੱਖਣਾ ਚਾਹੁਣਗੇ। ਮੱਧਕ੍ਰਮ ਵਿੱਚ ਸਟੀਵ ਸਮਿੱਥ, ਮਾਰਨਸ ਲਾਬੂਸ਼ੇਨ, ਐਸ਼ਟੋਨ ਟਰਨਰ ਅਤੇ ਐਲੇਕਸ ਕਾਰੇ ਵਰਗੇ ਸ਼ਾਨਦਾਰ ਖਿਡਾਰੀ ਹਨ। ਗੇਂਦਬਾਜ਼ਾਂ ਨੇ ਵੀ ਪਹਿਲੇ ਮੈਚ ਵਿੱਚ ਚੰਗਾ ਪ੍ਰਦਰਸ਼ਨ ਕੀਤਾ। ਮਿਸ਼ੇਲ ਸਟਾਰਕ ਦੀ ਅਗਵਾਈ ਵਿਚ ਉਨ੍ਹਾਂ ਨੇ ਭਾਰਤ ਨੂੰ 255 ਦੌੜਾਂ ’ਤੇ ਰੋਕ ਦਿੱਤਾ। ਸਪਿੰਨਰ ਐਡਮ ਜੰਪਾ ਤੇ ਐਸ਼ਟਨ ਟਰਨਰ ਵੀ ਲਾਹੇਵੰਦ ਸਾਬਿਤ ਹੋਏ। ਭਾਰਤੀ ਸਮੇਂ ਅਨੁਸਾਰ ਮੈਚ ਬਾਅਦ ਦੁਪਹਿਰ 1.30 ਵਜੇ ਹੋਵੇਗਾ।