ਭਾਜਪਾ ਵਰਕਰ ਕਰੋਨਾਵਾਇਰਸ ਬਾਰੇ ਜਾਗਰੂਕਤਾ ਫੈਲਾਉਣ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਜਪਾ ਸੰਸਦ ਮੈਂਬਰਾਂ ਨੂੰ ਕਰੋਨਾਵਾਇਰਸ ਬਾਰੇ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਸੰਸਦ ਦੇ ਬਜਟ ਸੈਸ਼ਨ ਦਾ ਸਮਾਂ ਘਟਾਇਆ ਨਹੀਂ ਜਾਵੇਗਾ। ਮੁਲਕ ਸਿਹਤ ਸੰਕਟ ਨਾਲ ਜੂਝ ਰਿਹਾ ਹੈ ਤੇ ਅਜਿਹੇ ਸਮੇਂ ਸੰਸਦ ਮੈਂਬਰਾਂ ਨੂੰ ਆਪਣਾ ਕੰਮ ਕਰਦੇ ਰਹਿਣਾ ਚਾਹੀਦਾ ਹੈ।
ਭਾਜਪਾ ਸੰਸਦੀ ਦਲ ਦੀ ਮੀਟਿੰਗ ਮੌਕੇ ਮੋਦੀ ਨੇ ਕਿਹਾ ਕਿ ਸੰਸਦ ਨੂੰ ਮਿੱਥੇ ਪ੍ਰੋਗਰਾਮ ਮੁਤਾਬਕ ਕੰਮ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਰੋਨਾਵਾਇਰਸ ਕਾਰਨ ਸੈਸ਼ਨ ਦਾ ਸਮਾਂ ਘਟਾਉਣ ਵਾਲਿਆਂ ’ਤੇ ਵਿਅੰਗ ਕੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਸਿਹਤਕਰਮੀ, ਰੇਲ ਕਰਮਚਾਰੀ ਤੇ ਏਅਰਲਾਈਨ ਮੁਲਾਜ਼ਮ ਕੰਮ ਕਰਨਾ ਛੱਡ ਦੇਣ ਤਾਂ ਕੀ ਬਣੇਗਾ? ਬਜਟ ਸੈਸ਼ਨ 3 ਅਪਰੈਲ ਤੱਕ ਹੈ।
ਇਸੇ ਦੌਰਾਨ ਕਾਂਗਰਸ ਮੈਂਬਰ ਕਾਰਤੀ ਚਿਦੰਬਰਮ ਨੇ ਕੇਂਦਰ ਸਰਕਾਰ ਵਲੋਂ ਕਰੋਨਾਵਾਇਰਸ ਨਾਲ ਨਜਿੱਠਣ ਲਈ ਕੀਤੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮੁੱਦੇ ’ਤੇ ਕਿਸੇ ਨੂੰ ਵੀ ‘ਸਿਆਸਤ ਨਹੀਂ ਕਰਨੀ’ ਚਾਹੀਦੀ। ਉਨ੍ਹਾਂ ਨੇ ਇਹ ਟਿੱਪਣੀਆਂ ਲੋਕ ਸਭਾ ਦੇ ਸਿਫ਼ਰ ਕਾਲ ਦੌਰਾਨ ਕੀਤੀਆਂ। ਇਸੇ ਦੌਰਾਨ ਰਾਹੁਲ ਗਾਂਧੀ ਵਲੋਂ ਲਗਾਤਾਰ ਮੋਦੀ ਸਰਕਾਰ ’ਤੇ ਮਹਾਂਮਾਰੀ ਨਾਲ ਨਜਿੱਠਣ ਲਈ ਲੋੜੀਂਦੀਆਂ ਕੋਸ਼ਿਸ਼ਾਂ ਨਾ ਕਰਨ ਦੇ ਦੋਸ਼ ਲਾਏ ਜਾ ਰਹੇ ਹਨ।