ਭਾਖੜਾ ਡੈਮ ਦੇ ਪਾਣੀ ਨਾਲ ਹਜ਼ਾਰਾਂ ਏਕੜ ਫ਼ਸਲ ਤਬਾਹ

ਸਤਲੁਜ ਦਰਿਆ ਕਿਨਾਰੇ ਵਸਦੇ ਖੇਤਰਾਂ ਵਿੱਚ ਪੈ ਰਹੀ ਭਾਰੀ ਬਰਸਾਤ ਕਰਕੇ ਜਿੱਥੇ ਡੈਮਾਂ ਵਿੱਚ ਪਾਣੀ ਦਾ ਪੱਧਰ ਤੇਜ਼ੀ ਦੇ ਨਾਲ ਵੱਧ ਰਿਹਾ ਹੈ ਉੱਥੇ ਹੀ ਸਤਲੁਜ ਦਰਿਆ ਵਿਚਲਾ ਪਾਣੀ ਓਵਰਫਲੋਅ ਹੋ ਕੇ ਪਿੰਡਾਂ ਵਿੱਚ ਦਾਖਲ ਹੋ ਜਾਣ ਕਾਰਨ ਹਜ਼ਾਰਾਂ ਏਕੜ ਫ਼ਸਲ ਪਾਣੀ ਦੀ ਮਾਰ ਹੇਠ ਆ ਗਈ ਹੈ। ਨੇੜਲੇ ਪਿੰਡ ਦਸਗਰਾਂਈ ਦੀ ਦੌਲਾ ਬਸਤੀ ਦੇ ਦਰਜਨ ਦੇ ਕਰੀਬ ਘਰਾਂ ਵਿੱਚ ਪਾਣੀ ਦਾਖਲ ਹੋ ਚੁੱਕਿਆ ਹੈ ਜਦਕਿ ਲੋਧੀਪੁਰ ਦੇ ਵੀ ਦਰਿਆ ਕਿਨਾਰੇ ਵਸਦੇ ਕੁਝ ਘਰਾਂ ਵਿੱਚ ਇੱਕ ਤੋਂ ਦੋ ਫੁੱਟ ਤੱਕ ਪਾਣੀ ਦਾਖਲ ਹੋ ਗਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਰਮੇਸ਼ ਚੰਦ ਦਸਗਰਾਂਈ ਨੇ ਦੱਸਿਆ ਕਿ ਘਰਾਂ ਵਿੱਚ 6-6 ਫੁੱਟ ਪਾਣੀ ਵੜਨ ਕਾਰਨ ਖਾਣ-ਪੀਣ ਦਾ ਸਾਮਾਨ ਵੀ ਪਾਣੀ ਵਿੱਚ ਹੜ੍ਹ ਗਿਆ, ਜਦਕਿ ਖੇਤਾਂ ਵਿੱਚ 3-5 ਫੁੱਟ ਪਾਣੀ ਹੋਣ ਕਾਰਨ ਫ਼ਸਲ ਵੀ ਬਰਬਾਦ ਹੋ ਗਈ। ਦਰਿਆ ਕਿਨਾਰੇ ਵਸਦੇ ਪਿੰਡ ਦਸਗਰਾਂਈ, ਹਰਸਾ ਬੇਲਾ, ਖਾਨਪੁਰ, ਲੋਧੀਪੁਰ, ਮਟੌਰ, ਬੁਰਜ, ਨਿੱਕੂਵਾਲ, ਮੈਹੰਦਲੀ ਕਲਾਂ, ਬੇਲਾ ਧਿਆਨੀ, ਗੱਜਪੁਰ, ਅਮਰਪੁਰ ਬੇਲਾ, ਬੱਲੋਵਾਲ, ਹਰੀਵਾਲ, ਚੰਦਪੁਰ ਆਦਿ ਵਿੱਚ ਪਾਣੀ ਦਾਖਲ ਹੋ ਚੁੱਕਿਆ ਹੈ। ਐੱਸਡੀਐੱਮ ਕੰਨੂੰ ਗਰਗ ਨੇ ਦਸਗਰਾਂਈ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਦਸਗਰਾਂਈ ਤੋਂ ਇਲਾਵਾ ਹਰਸਾ ਬੇਲਾ ਵਿੱਚ ਪਾੜ ਪੈਣ ਕਾਰਨ ਕਰੀਬ 10 ਘਰਾਂ ਦੇ ਲੋਕ ਪਾਣੀ ਵਿੱਚ ਫਸ ਗਏ ਸਨ, ਜਿਨ੍ਹਾਂ ਨੂੰ ਕਿਸ਼ਤੀਆਂ ਦੀ ਮਦਦ ਨਾਲ ਬਾਹਰ ਕੱਢ ਲਿਆ ਗਿਆ ਹੈ। ਓਧਰ ਦੇਰ ਸ਼ਾਮ ਡੀਸੀ ਰੂਪਨਗਰ ਡਾ. ਸੁਮਿਤ ਜਾਰੰਗਲ ਨੇ ਵੀ ਸਤਲੁਜ ਕਿਨਾਰੇ ਵਸਦੇ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦੀਆਂ ਤਕਲੀਫਾਂ ਸੁਣੀਆਂ। ਨੰਗਲ (ਰਾਕੇਸ਼ ਸੈਣੀ): ਬੀਬੀਐੱਮਬੀ ਦੇ ਨਿਰਦੇਸ਼ਕ ਵਾਟਰ ਰੈਗੂਲੇਸ਼ਨ ਅਨੁਸਾਰ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1674.75 ਫੁੱਟ ਨੂੰ ਪਾਰ ਕਰ ਗਿਆ ਹੈ ਤੇ ਇੱਥੇ ਔਸਤਨ 60 ਹਜ਼ਾਰ ਕਿਊਸਿਕ ਪਾਣੀ ਦੀ ਆਮਦ ਬਰਕਰਾਰ ਹੈ। ਭਾਖੜਾ ਡੈਮ ਅੰਦਰ ਪਾਣੀ ਦਾ ਪੱਧਰ ਖਤਰੇ ਦਾ ਨਿਸ਼ਾਨ ਮਹਿਜ਼ 5 ਫੁੱਟ ਹੇਠਾਂ ਹੈ। ਇਸ ਤੋਂ ਪਹਿਲਾਂ 1988 ਵਿੱਚ ਪਾਣੀ ਦਾ ਪੱਧਰ ਅਜਿਹੇ ਹਾਲਾਤ ਵਿੱਚ ਸੀ।