ਭਾਂਬਰੀ ਦੀ ਸ਼ਾਮਲਾਟ ਜ਼ਮੀਨ ਦਾ ਮਾਮਲਾ ਗਰਮਾਇਆ

ਅਮਲੋਹ (ਸਮਾਜਵੀਕਲੀ) :  ਬਲਾਕ ਦੇ ਪਿੰਡ ਭਾਂਬਰੀ ਦੀ ਸ਼ਾਮਲਾਟ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਚੱਲ ਰਿਹਾ ਵਿਵਾਦ ਅੱਜ ਹੋਰ ਗਰਮਾ ਗਿਆ।

ਬਲਾਕ ਕਾਂਗਰਸ ਅਮਲੋਹ ਦੇ  ਪ੍ਰਧਾਨ ਜਗਵੀਰ ਸਿੰਘ ਸਲਾਣਾ, ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਸੰਜੀਵ ਦੱਤਾ, ਜ਼ਿਲ੍ਹਾ ਮੀਤ ਪ੍ਰਧਾਨ ਐਡਵੋਕੇਟ ਬਲਜਿੰਦਰ ਸਿੰਘ ਭੱਟੋ, ਹੈਪੀ ਸੂਦ, ਸਮਿਤੀ ਮੈਂਬਰ ਹਰਚੰਦ ਸਿੰਘ, ਬਿੱਕਰ ਸਿੰਘ ਦੀਵਾ, ਰਘਵੀਰ ਸਿੰਘ ਲੱਲੋ, ਗੁਰਪ੍ਰੀਤ ਸਿੰਘ ਗਰੇਵਾਲ ਕਲਾਲ ਮਾਜਰਾ, ਨਛੱਤਰ ਸਿੰਘ ਸਲਾਣਾ, ਕੌਂਸਲਰ ਹਰਵਿੰਦਰ ਵਾਲੀਆ, ਕਮਲ ਮਾਲੋਵਾਲ ਅਤੇ ਸ਼ਰਨ ਭੱਟੀ ਨੇ ਅੱਜ ਇੱਥੇ ਪ੍ਰੈੱਸ ਕਾਨਫੰਰਸ ਕਰਕੇ ਜ਼ਿਲ੍ਹਾ ਪਰਿਸ਼ਦ ਮੈਂਬਰ ਜੋਗਿੰਦਰ ਸਿੰਘ ਨਰੈਣਗੜ੍ਹ ਅਤੇ ਸਾਬਕਾ ਬਲਾਕ ਪ੍ਰਧਾਨ ਸ਼ਿੰਗਾਰਾ ਸਿੰਘ ਸਲਾਣਾ ਵੱਲੋਂ ਵਿਧਾਇਕ ਰਣਦੀਪ ਸਿੰਘ ਖਿਲਾਫ਼ ਲਗਾਏ ਦੋਸ਼ ਕਿ ਪਿੰਡ ਭਾਂਬਰੀ ’ਚ 15 ਏਕੜ ਸ਼ਾਮਲਾਟ ’ਤੇ ਨਾਜਾਇਜ਼ ਕਬਜ਼ਾ ਕਰਵਾਇਆ ਗਿਆ ਨੂੰ ਨਕਾਰਿਆ ਹੈ।

ਉਨ੍ਹਾਂ ਕਿਹਾ ਕਿ ਵਿਧਾਇਕ ਰਣਦੀਪ ਸਿੰਘ ਦੇ ਸਾਫ਼ ਅਕਸ ਖਿਲਾਫ਼ ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ, ਜਿਸ ਇਹ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸਲਾਣਾ ਨੇ ਆਪਣੇ ਕੁੜਮ ਕਰਮ ਸਿੰਘ ਨੂੰ ਪਿੰਡ ਭਾਂਬਰੀ ਦਾ ਸਰਪੰਚ ਬਣਾਉਣ ਲਈ ਅਤੇ ਜੋਗਿੰਦਰ ਸਿੰਘ ਨਰੈਣਗੜ੍ਹ ਨੇ ਆਪਣੇ ਹਿਤੈਸ਼ੀ ਨੂੰ ਸਰਪੰਚ ਬਣਾਉਣ ਲਈ ਆਪਣੇ ਪਿੰਡਾਂ ਦੇ ਵਿਰੋਧੀਆਂ ਦੇ ਕਾਗ਼ਜ਼ ਰੱਦ ਕਰਵਾਏ ਕਿਉਂਕਿ ਇਹ ਪਹਿਲਾਂ ਆਪਣੇ ਪਿੰਡਾਂ ਦੀ ਸਰਪੰਚੀ ਦੀ ਚੋਣ ਵੀ ਨਹੀਂ ਜਿੱਤੇ।

ਉਨ੍ਹਾਂ ਦੱਸਿਆ ਕਿ ਪਿੰਡ ਭਾਂਬਰੀ ਵਿਚ ਗੁਰਜੰਟ ਸਿੰਘ ਨੇ 5 ਏਕੜ ਜ਼ਮੀਨ ਦੀ 2 ਲੱਖ ਰੁਪਏ ’ਚ ਬੋਲੀ ਦੇ ਕੇ ਪੂਰੀ ਰਾਸ਼ੀ ਦਿੱਤੀ ਹੈ ਪਰ ਕਬਜ਼ਾ ਨਾ ਮਿਲਣ ਕਾਰਨ ਉਹ ਇਨਸਾਫ਼ ਲਈ ਘੁੰਮ ਰਿਹਾ ਹੈ। ਇਸ ਸਬੰਧੀ ਕਾਂਗਰਸ ਆਗੂ ਸ਼ਿੰਗਾਰਾ ਸਿੰਘ ਸਲਾਣਾ ਨੇ ਦੋਸ਼ਾਂ ਨੂੰ ਗ਼ਲਤ ਦੱਸਿਆ। ਉਨ੍ਹਾਂ ਕਿਹਾ ਕਿ ਇਨਸਾਫ਼ ਮਿਲਣ ਤੱਕ ਉਹ ਸੰਘਰਸ਼ ਜਾਰੀ ਰੱਖਣਗੇ।