ਬੋਲੈਰੋ ਕੰਬਾਈਨ ਨਾਲ ਟਕਰਾਈ; ਲਾੜੀ ਸਣੇ 4 ਹਲਾਕ

ਢੰਡਾਰੀ ਕਲਾਂ ਇਲਾਕੇ ਵਿੱਚ ਅੱਜ ਸਵੇਰੇ ਕਰੀਬ ਸਾਢੇ 7 ਵਜੇ ਡੋਲੀ ਵਾਲੀ ਤੇਜ਼ ਰਫ਼ਤਾਰ ਬੋਲੈਰੋ ਦੀ ਅੱਗੇ ਜਾ ਰਹੀ ਕੰਬਾਈਨ ਨਾਲ ਟੱਕਰ ਹੋਣ ਕਾਰਨ ਲਾੜੀ ਸਣੇ ਚਾਰ ਜਣਿਆਂ ਦੀ ਮੌਤ ਹੋ ਗਈ ਜਦਕਿ ਲਾੜਾ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਹੈ। ਮ੍ਰਿਤਕਾਂ ਦੀ ਪਛਾਣ ਲਾੜੀ ਹਿਨਾ (22 ਸਾਲ), ਲਾੜੇ ਦੀਆਂ ਭਰਜਾਈਆਂ ਹੁਸਨ ਬਾਨੋ ਤੇ ਜ਼ਰੀਨਾ ਜਮਾਲ ਅਤੇ ਭਤੀਜਾ ਜਮਸ਼ੇਦ ਆਲਮ ਵਜੋਂ ਹੋਈ ਹੈ। ਇਸ ਹਾਦਸੇ ’ਚ ਲਾੜੇ ਅੰਜੁਮ (22 ਸਾਲ) ਤੇ ਉਸਦੀ ਸਾਲੀ ਰੁਖਸਾਨਾ ਗੰਭੀਰ ਜ਼ਖ਼ਮੀ ਹੋ ਗਏ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਪ੍ਰਾਪਤ ਵੇਰਵਿਆਂ ਮੁਤਾਬਕ ਟਿੱਬਾ ਰੋਡ ਦੇ ਕ੍ਰਿਸ਼ਨ ਵਿਹਾਰ ਕਲੋਨੀ ਦੀ ਗਲੀ ਨੰਬਰ 5 ਦੇ ਵਸਨੀਕ ਅੰਜੁਮ ਦਾ ਵਿਆਹ ਹਰਿਆਣਾ ਦੇ ਜਗਾਧਰੀ ਦੀ ਵਸਨੀਕ ਹਿਨਾ ਨਾਲ ਤੈਅ ਹੋਇਆ ਸੀ। ਵਿਆਹ ਦੇ ਸਾਰੇ ਸਮਾਗਮਾਂ ਮਗਰੋਂ ਅੱਜ ਸਵੇਰੇ ਪੰਜ ਵਜੇ ਜਗਾਧਰੀ ਤੋਂ ਡੋਲੀ ਤੁਰੀ ਸੀ। ਅੰਜੁਮ ਆਪਣੀ ਬੋਲੇਰੋ ਗੱਡੀ ਖੁਦ ਚਲਾ ਰਿਹਾ ਸੀ ਅਤੇ ਲਾੜੀ ਹਿਨਾ ਅੱਗੇ ਵਾਲੀ ਸੀਟ ’ਤੇ ਬੈਠੀ ਸੀ। ਕਾਰ ਵਿੱਚ ਅੰਜੁਮ ਦੀਆਂ ਦੋ ਭਰਜਾਈਆਂ, ਭਤੀਜਾ ਅਤੇ ਸਾਲੀ ਸਵਾਰ ਸਨ। ਜਦੋਂ ਇਹ ਕਾਰ ਢੰਡਾਰੀ ਕਲਾਂ ਇਲਾਕੇ ਵਿੱਚ ਪੁੱਜੇ ਤਾਂ ਤੇਜ਼ ਰਫ਼ਤਾਰ ਹੋਣ ਕਾਰਨ ਅੱਗੇ ਜਾ ਰਹੀ ਕੰਬਾਈਨ ’ਚ ਜਾ ਟਕਰਾਈ। ਹਾਦਸੇ ਵਿੱਚ ਲਾੜੀ ਸਣੇ ਚਾਰ ਜਣਿਆਂ ਦੀ ਮੌਤ ਹੋ ਗਈ। ਮੌਕੇ ’ਤੇ ਥਾਣਾ ਸਾਹਨੇਵਾਲ ਦੀ ਪੁਲੀਸ ਪੁੱਜੀ। ਥਾਣਾ ਐੱਸਐੱਚਓ ਇਕਬਾਲ ਸਿੰਘ ਨੇ ਦੱਸਿਆ ਕਿ ਲਾਸ਼ਾਂ ਨੂੰ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਰਖਵਾਇਆ ਗਿਆ ਹੈ।