ਬੋਰਡ ਦੇ ਨਵੇਂ ਕਰਾਰ ’ਚ ਰਿਸ਼ਭ ਪੰਤ ਦਾ ਉਭਾਰ

ਰਿਸ਼ਭ ਪੰਤ ਦੇ ਲਗਾਤਾਰ ਚੰਗੇ ਪ੍ਰਦਰਸ਼ਨ ਨੂੰ ਧਿਆਨ ਵਿਚ ਰੱਖਦਿਆਂ ਬੀਸੀਸੀਆਈ ਨੇ ਇਸ ਨੌਜਵਾਨ ਵਿਕਟਕੀਪਰ-ਬੱਲੇਬਾਜ਼ ਨੂੰ ਗ੍ਰੇਡ-ਏ ਰਿਟੇਨਰਸ਼ਿਪ ਦਿੱਤੀ ਹੈ ਜਦਕਿ ਸੀਨੀਅਰ ਬੱਲੇਬਾਜ਼ ਸ਼ਿਖ਼ਰ ਧਵਨ ਕੇਂਦਰੀ ਕਰਾਰ ਦੀ ਨਵੀਂ ਸੂਚੀ ਵਿਚ ਏ ਪਲੱਸ ਸ਼੍ਰੇਣੀ ਤੋਂ ਬਾਹਰ ਹੋ ਗਏ ਹਨ। ਭਾਰਤੀ ਕ੍ਰਿਕਟ ਬੋਰਡ ਨੇ ਨਵੇਂ ਕਰਾਰਾਂ ਦਾ ਐਲਾਨ ਕੀਤਾ ਹੈ। ਇਸ ਵਿਚ ਏ ਪਲੱਸ ਸ਼੍ਰੇਣੀ (ਸੱਤ ਕਰੋੜ), ਏ (5 ਕਰੋੜ), ਬੀ (ਤਿੰਨ ਕਰੋੜ) ਤੇ ਸੀ (ਇਕ ਕਰੋੜ ਰੁਪਏ) ਵਿਚ 25 ਕ੍ਰਿਕਟਰਾਂ ਨੂੰ ਰਿਟੇਨਰਸ਼ਿਪ ਦਿੱਤੀ ਜਾਵੇਗੀ। ਪਿਛਲੇ ਸਾਲ 26 ਕ੍ਰਿਕਟਰਾਂ ਨੂੰ ਕਰਾਰ ਦਿੱਤੇ ਗਏ ਸਨ। ਧਵਨ ਤੋਂ ਇਲਾਵਾ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਵੀ ਏ ਪਲੱਸ ਸ਼੍ਰੇਣੀ ਤੋਂ ਬਾਹਰ ਕਰ ਦਿੱਤਾ ਗਿਆ ਹੈ। ਹੁਣ ਇਸ ਵਿਚ ਸਿਰਫ਼ ਤਿੰਨ ਖਿਡਾਰੀ ਕਪਤਾਨ ਵਿਰਾਟ ਕੋਹਲੀ, ਉਪ ਕਪਤਾਨ ਰੋਹਿਤ ਸ਼ਰਮਾ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾ ਹਨ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਤੇ ਬੱਲੇਬਾਜ਼ ਹਨੁਮਾ ਵਿਹਾਰੀ ਨੂੰ ਪਹਿਲੀ ਵਾਰ ਗਰੁੱਪ ਸੀ ਦੇ ਕਰਾਰ ਦਿੱਤੇ ਗਏ ਹਨ। ਟੈਸਟ ਅਤੇ ਇਕ ਰੋਜ਼ਾ ਮੈਚਾਂ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਮਿਅੰਕ ਅਗਰਵਾਲ, ਪ੍ਰਿਥਵੀ ਸਾਵ ਤੇ ਵਿਜੇ ਸ਼ੰਕਰ ਨੂੰ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ ਕਿਉਂਕਿ ਉਹ ਤਿੰਨ ਟੈਸਟਾਂ ਜਾਂ 8 ਇਕ ਰੋਜ਼ਾ ਮੈਚਾਂ ਦੇ ਬੀਸੀਸੀਆਈ ਦੇ ਨੇਮਾਂ ’ਤੇ ਪੂਰੇ ਨਹੀਂ ਉਤਰਦੇ। ਪਿਛਲੇ ਸਾਲ ਏ ਸ਼੍ਰੇਣੀ ਵਿਚ ਰਹੇ ਮੁਰਲੀ ਵਿਜੇ ਤੇ ਸੀ ਸ਼੍ਰੇਣੀ ਵਿਚ ਰਹੇ ਸੁਰੇਸ਼ ਰੈਨਾ ਨੂੰ ਕਰਾਰ ਨਹੀਂ ਮਿਲੇ ਹਨ। ਪੰਤ ਨੇ ਸਿੱਧੇ ਏ ਸ਼੍ਰੇਣੀ ਵਿਚ ਦਾਖ਼ਲਾ ਹਾਸਲ ਕੀਤਾ ਹੈ। ਭੁਵਨੇਸ਼ਵਰ ਨੂੰ ਵੀ ਇਲੀਟ ਵਰਗ ਵਿਚ ਜਗ੍ਹਾ ਨਹੀਂ ਮਿਲੀ ਹੈ।