ਬਾਂਸਲ ਅਤੇ ਕਿਰਨ ਤੋਂ ਕਾਰਗੁਜ਼ਾਰੀ ਦਾ ਹਿਸਾਬ ਮੰਗਾਂਗੇ: ਧਵਨ

ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਤੇ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਨੇ ਕਿਹਾ ਕਿ ਉਹ ਚੋਣਾਂ ਦੌਰਾਨ ਕਾਂਗਰਸ ਦੇ 20 ਸਾਲਾਂ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 5 ਸਾਲਾਂ ਦੇ ਰਾਜ ਦਾ ਹਿਸਾਬ-ਕਿਤਾਬ ਮੰਗਣਗੇ।
ਇਸ ਦੇ ਨਾਲ ਹੀ ਉਹ ਆਪਣੇ 19 ਮਹੀਨਿਆਂ ਦੇ ਰਾਜ ਦੌਰਾਨ ਕੀਤੇ ਕੰਮਾਂ ਦਾ ਲੇਖਾ-ਜੋਖਾ ਵੀ ਲੋਕ ਕਚਹਿਰੀ ’ਚ ਰੱਖ ਕੇ ਵੋਟਰਾਂ ਨੂੰ ਇਸ ਵਾਰ ਯੋਗ ਉਮੀਦਵਾਰ ਨੂੰ ਪਾਰਲੀਮੈਂਟ ’ਚ ਭੇਜਣ ਦੀ ਅਪੀਲ ਕਰਨਗੇ। ਸ੍ਰੀ ਧਵਨ ਨੇ ਕਿਹਾ ਕਿ ਕਾਂਗਰਸ ਦੇ ਪਵਨ ਕੁਮਾਰ ਬਾਂਸਲ 20 ਸਾਲ ਸੰਸਦ ਮੈਂਬਰ ਰਹੇ ਹਨ ਤੇ ਉਹ ਕੇਂਦਰ ’ਚ ਵਜ਼ੀਰ ਵੀ ਰਹਿ ਚੁੱਕੇ ਹਨ ਪਰ ਸ਼ਹਿਰ ਦੇ ਕਈ ਮਸਲੇ ਦਹਾਕਿਆਂ ਤੋਂ ਖੂਹ ਖਾਤੇ ਪਏ ਹਨ।
ਇਸੇ ਤਰ੍ਹਾਂ ਹੁਣ 5 ਸਾਲ ਭਾਜਪਾ ਦੀ ਕਿਰਨ ਖੇਰ ਸੰਸਦ ਮੈਂਬਰ ਹੈ ਪਰ ਇਨ੍ਹਾਂ ਕੋਲ ਵੀ ਪ੍ਰਾਪਤੀਆਂ ਦੱਸਣ ਲਈ ਕੱਖ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਕਿਰਨ ਖੇਰ ਚੋਣਾਂ ’ਚ ਕੀਤੇ 60 ਵਾਅਦਿਆਂ ਵਿੱਚੋਂ ਇਕ ਵੀ ਪੂਰੀ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਕਿਰਨ ਖੇਰ ਨੇ ਨੌਕਰੀਆਂ ਲਈ ਉਮਰ ਦੀ ਹੱਦ ਤਾਂ 37 ਸਾਲ ਕਰਵਾ ਦਿੱਤੀ ਹੈ ਪਰ ਨੌਕਰੀ ਇਕ ਨਹੀਂ ਦਿਵਾਈ ਗਈ।
ਇਸੇ ਤਰ੍ਹਾਂ ਪ੍ਰਾਪਰਟੀ ਲੀਜ ਹੋਲਡ ਤੋਂ ਫਰੀ ਹੋਲਡ ਤਾਂ ਕਰਵਾ ਦਿੱਤੀ ਹੈ ਪਰ ਕਨਵਰਜ਼ਨ ਫੀਸ ’ਚ 55 ਗੁਣਾਂ ਵਾਧਾ ਕਰਵਾ ਕੇ ਇਸ ਨੂੰ ਅਰਥਹੀਣ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਾਊਸਿੰਗ ਬੋਰਡ ਦੇ ਫਲੈਟਾਂ ’ਚ ਲੋੜ ਅਨੁਸਾਰ ਕੀਤੀਆਂ ਉਸਾਰੀਆਂ ਨੂੰ ਰੈਗੂਲਰ ਕਰਵਾਉਣ ਦੇ ਮਾਮਲੇ ’ਚ ਵੀ ਕਿਰਨ ਖੇਰ ਐਲਆਈਜੀ, ਈਡਬਲਿਊਐਸ ਤੇ ਐਮਆਈਜੀ ਫਲੈਟਾਂ ਦੇ ਵਸਨੀਕਾਂ ਨੂੰ ਕੋਈ ਖਾਸ ਰਾਹਤ ਨਹੀਂ ਦਿਵਾ ਸਕੀ। ਸ੍ਰੀ ਧਵਨ ਨੇ ਕਿਹਾ ਕਿ ਸਾਲ 2008 ’ਚ ਹਾਊਸਿੰਗ ਬੋਰਡ ਵੱਲੋਂ ਯੂਟੀ ਦੇ ਮੁਲਾਜ਼ਮਾਂ ਨੂੰ ਸੈਲਫ ਫਾਇਨਾਂਸ ਸਕੀਮ ਤਹਿਤ ਅਲਾਟ ਕੀਤੇ ਫਲੈਟ ਅੱਜ ਤਕ ਉਨ੍ਹਾਂ ਨੂੰ ਨਸੀਬ ਨਹੀਂ ਹੋਏ ਤੇ ਹੁਣ 10 ਸਾਲਾਂ ਬਾਅਦ ਉਨ੍ਹਾਂ ਦੀ ਕੀਮਤ ਕਈ ਗੁਣਾ ਵਧਾ ਕੇ ਮੁਹਈਆ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਹੋ ਜਿਹੀ ਕਾਰਗੁਜਾਰੀ ਹੀ ਕਾਂਗਰਸ ਦੇ 20 ਸਾਲ ਸੰਸਦ ਮੈਂਬਰ ਰਹੇ ਸ੍ਰੀ ਬਾਂਸਲ ਦੀ ਹੈ। ਦੂਸਰੇ ਪਾਸੇ ਉਨ੍ਹਾਂ ਮਹਿਜ਼ 19 ਮਹੀਨਿਆਂ ’ਚ ਸੈਕਟਰ-32 ਦਾ ਹਸਪਤਾਲ ਤੇ ਮੈਡੀਕਲ ਕਾਲਜ ਬਣਾਉਣ ਸਣੇ ਯੂਟੀ ਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਪੰਜਾਬ ਪੈਟਰਨ ’ਤੇ ਤਨਖਾਹ ਸਕੇਲ ਦਿਵਾ ਕੇ ਵਿੱਤੀ ਤੌਰ ’ਤੇ ਵੱਡਾ ਲਾਭ ਦਿਵਾਇਆ ਸੀ, ਜੋ ਅੱਜ ਤਕ ਮਿਲਦਾ ਆ ਰਿਹਾ ਹੈ।
ਇਸੇ ਤਰ੍ਹਾਂ ਚੰਡੀਗੜ੍ਹ ਨੂੰ ਕਲਾਸ ਬੀ ਦਾ ਦਰਜਾ ਦਿਵਾ ਕੇ ਵੱਖ-ਵੱਖ ਸਰਕਾਰ ਦੇ ਇਥੇ ਕੰਮ ਕਰਦੇ ਮੁਲਾਜ਼ਮਾਂ ਨੂੰ ਵੱਡੀ ਵਿੱਤੀ ਰਾਹਤ ਦਿਵਾਈ ਸੀ। ਉਨ੍ਹਾਂ ਨੇ ਆਪਣੇ ਕੁਝ ਮਹੀਨਿਆਂ ਦੇ ਕਾਲ ਦੌਰਾਨ ਪਿੰਡਾਂ ਨੂੰ ਸਿੰਜਾਈ ਲਈ ਸਪਲਾਈ ਹੁੰਦੇ ਪਾਣੀ ਦੀਆਂ ਦਰਾਂ 5 ਗੁਣਾਂ ਘਟਾਈਆਂ ਸਨ ਤੇ ਪਿੰਡਾਂ ਦੀਆਂ ਫਿਰਨੀਆਂ ਪੱਕੀਆਂ ਕਰਵਾ ਕੇ ਲਾਈਟਾਂ ਵੀ ਲਵਾਈਆਂ ਸਨ ਪਰ ਹੁਣ ਪਿੰਡਾਂ ਦੀਆਂ ਪੰਚਾਇਤਾਂ ਦਾ ਹੀ ਭੋਗ ਪਾ ਕੇ ਇਥੋਂ ਦੀ ਦਿਹਾਤੀ ਵਿਰਾਸਤ ਮਲੀਆਮੇਟ ਕਰ ਦਿੱਤੀ ਹੈ। ਇਸੇ ਤਰ੍ਹਾਂ ਪਿੰਡਾਂ ਦੇ ਲਾਲ ਡੋਰੇ ਦੇ ਬਾਹਰ ਹੋਈਆਂ ਉਸਾਰੀਆਂ ’ਤੇ ਅੱਜ ਵੀ ਤਲਵਾਰ ਲਟਕੀ ਪਈ ਹੈ ਤੇ ਇਥੋਂ ਅੱਜ ਤੱਕ ਕਿ ਪੰਜਾਬੀ ਭਾਸ਼ਾ ਨੂੰ ਬਣਦਾ ਰੁਤਬਾ ਨਾ ਦਿਵਾ ਕੇ ਪੰਜਾਬੀਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਸ੍ਰੀ ਧਵਨ ਨੇ ਦੱਸਿਆ ਕਿ ਉਨ੍ਹਾਂ ਸ਼ਹਿਰ ਵਿਚਲੀਆਂ ਸਾਰੀਆਂ ਕਲੋਨੀਆਂ ’ਚ ਪਦਯਾਤਰਾ ਕਰਕੇ ਵੋਟਰਾਂ ਨਾਲ ਸਿੱਧਾ ਸੰਪਰਕ ਬਣਾ ਲਿਆ ਹੈ ਜਦੋਂਕਿ ਦੂਸਰੀਆਂ ਪਾਰਟੀਆਂ ਦੇ ਆਗੂ ਹਾਲੇ ਟਿਕਟ ਲਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਦੀ ਸਰਕਾਰ ਜ਼ੁਮਲਾ ਸਾਬਤ ਹੋਈ ਹੈ ਤੇ ਇਸ ਵਾਰ ਕੇਂਦਰ ’ਚ ਮਹਾਂ-ਗੱਠਜੋੜ ਦੀ ਸਰਕਾਰ ਬਣੇਗੀ।