ਬਰਮਿੰਘਮ ਖੇਡਾਂ ਦਾ ਹਿੱਸਾ ਨਹੀਂ ਹੋਵੇਗੀ ਨਿਸ਼ਾਨੇਬਾਜ਼ੀ: ਸੀਜੀਐੱਫ

ਭਾਰਤ ਵੱਲੋਂ ਬਾਈਕਾਟ ਦੀ ਧਮਕੀ ਦੇਣ ਦੇ ਬਾਵਜੂਦ ਰਾਸ਼ਟਰਮੰਡਲ ਖੇਡ ਫੈਡਰੇਸ਼ਨ (ਸੀਜੀਐੱਫ) ਨੇ ਨਿਸ਼ਾਨੇਬਾਜ਼ੀ ਨੂੰ 2022 ਬਰਮਿੰਘਮ ਖੇਡਾਂ ਵਿੱਚ ਸ਼ਾਮਲ ਨਹੀਂ ਕੀਤਾ, ਜਦੋਂਕਿ ਮਹਿਲਾ ਕ੍ਰਿਕਟ ਦੀ 1998 ਮਗਰੋਂ ਪਹਿਲੀ ਵਾਰ ਇਨ੍ਹਾਂ ਖੇਡਾਂ ਵਿੱਚ ਵਾਪਸੀ ਹੋਵੇਗੀ। ਸੀਜੀਐੱਫ ਅਤੇ ਆਈਸੀਸੀ ਅਨੁਸਾਰ ਮਹਿਲਾ ਟੀ-20 ਕ੍ਰਿਕਟ ਨੂੰ ਇਨ੍ਹਾਂ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਬਰਮਿੰਘਮ ਰਾਸ਼ਟਰਮੰਡਲ ਖੇਡਾਂ 27 ਜੁਲਾਈ ਤੋਂ ਸੱਤ ਅਗਸਤ 2022 ਦੌਰਾਨ ਖੇਡੀਆਂ ਜਾਣਗੀਆਂ। ਸੀਜੀਐੱਫ ਪ੍ਰਮੁੱਖ ਡੀ ਲੂਈ ਮਾਰਟਿਨ ਨੇ ਕਿਹਾ ਕਿ ਨਿਸ਼ਾਨੇਬਾਜ਼ੀ ਰਾਸ਼ਟਰਮੰਡਲ ਖੇਡਾਂ-2022 ਦਾ ਹਿੱਸਾ ਨਹੀਂ ਹੋਵੇਗੀ। ਸਾਲ 1974 ਮਗਰੋਂ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਨਿਸ਼ਾਨੇਬਾਜ਼ੀ ਨੂੰ ਇਨ੍ਹਾਂ ਖੇਡਾਂ ਵਿੱਚ ਥਾਂ ਨਹੀਂ ਮਿਲੇਗੀ। ਸੀਜੀਐੱਫ ਪ੍ਰਧਾਨ ਨੇ ਕਿਹਾ ਕਿ ਨਿਸ਼ਾਨੇਬਾਜ਼ੀ ਕਦੇ ਵੀ ਇਨ੍ਹਾਂ ਖੇਡਾਂ ਦਾ ਜ਼ਰੂਰੀ ਹਿੱਸਾ ਨਹੀਂ ਸੀ। ਮਾਰਟਿਨ ਨੇ ਬਰਤਾਨੀਆ ਦੇ ‘ਡੇਲੀ ਟੈਲੀਗਰਾਫ਼’ ਨੂੰ ਕਿਹਾ, ‘‘ਕਿਸੇ ਵੀ ਖੇਡ ਨੂੰ ਇਨ੍ਹਾਂ ਖੇਡਾਂ ਦਾ ਹਿੱਸਾ ਬਣਨ ਦਾ ਅਧਿਕਾਰ ਹਾਸਲ ਕਰਨਾ ਹੋਵੇਗਾ।’’ ਉਸ ਨੇ ਕਿਹਾ, ‘‘ਨਿਸ਼ਾਨੇਬਾਜ਼ੀ ਕਦੇ ਲਾਜ਼ਮੀ ਖੇਡ ਨਹੀਂ ਰਹੀ। ਸਾਨੂੰ ਇਸ ’ਤੇ ਕੰਮ ਕਰਨਾ ਹੋਵੇਗਾ, ਪਰ ਨਿਸ਼ਾਨੇਬਾਜ਼ੀ ਖੇਡਾਂ ਦਾ ਹਿੱਸਾ ਨਹੀਂ ਹੋਵੇਗੀ। ਸਾਡੇ ਕੋਲ ਹੁਣ ਕੋਈ ਥਾਂ ਨਹੀਂ ਬਚੀ।’’ ਰਾਸ਼ਟਰਮੰਡਲ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਹਮੇਸ਼ਾ ਤੋਂ ਭਾਰਤ ਦਾ ਮਜ਼ਬੂਤ ਪੱਖ ਰਿਹਾ ਹੈ। ਗੋਲਡ ਕੋਸਟ ਵਿੱਚ ਪਿਛਲੀਆਂ ਖੇਡਾਂ ਵਿੱਚ ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ ਸੱਤ ਸੋਨ ਤਗ਼ਮੇ ਸਣੇ ਕੁੱਲ 16 ਤਗ਼ਮੇ ਜਿੱਤੇ ਸਨ। ਇਸ ਫ਼ੈਸਲੇ ਦਾ ਵਿਰੋਧ ਕਰਦਿਆਂ ਭਾਰਤ ਨੇ 2022 ਖੇਡਾਂ ਦੇ ਬਾਈਕਾਟ ਦੀ ਧਮਕੀ ਦਿੱਤੀ ਸੀ। ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਇਸ ਸਬੰਧੀ ਖੇਡ ਮੰਤਰੀ ਕਿਰਨ ਰਿਜਿਜੂ ਤੋਂ ਪ੍ਰਵਾਨਗੀ ਮੰਗੀ ਹੈ। ਖ਼ਬਰ ਅਨੁਸਾਰ ਬਰਮਿੰਘਮ ਵਿੱਚ ਨਿਸ਼ਾਨੇਬਾਜ਼ੀ ਦੇ ਦੋ ਮੁਕਾਬਲੇ ਕਰਵਾਉਣ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਫੈਡਰੇਸ਼ਨ (ਆਈਐੱਸਐੱਸਐੱਫ) ਨੇ ਇਸ ਨੂੰ ਠੁਕਰਾ ਦਿੱਤਾ। ਆਈਐੱਸਐੱਸਐੱਫ ਚਾਹੁੰਦਾ ਹੈ ਕਿ ਨਿਸ਼ਾਨੇਬਾਜ਼ੀ ਨੂੰ ਪੂਰੀ ਤਰ੍ਹਾਂ ਇਨ੍ਹਾਂ ਖੇਡਾਂ ਵਿੱਚ ਸ਼ਾਮਲ ਕੀਤਾ ਜਾਵੇ। ਦੂਜੇ ਪਾਸੇ ਮਹਿਲਾ ਕ੍ਰਿਕਟ ਨੂੰ ਇਨ੍ਹਾਂ ਖੇਡਾਂ ਵਿੱਚ ਥਾਂ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਕ੍ਰਿਕਟ ਸਿਰਫ਼ ਇੱਕ ਵਾਰ 1998 ਵਿੱਚ ਕੁਆਲਾਲੰਪੁਰ ਰਾਸ਼ਟਰਮੰਡਲ ਖੇਡਾਂ ਦਾ ਹਿੱਸਾ ਬਣੀ ਸੀ। ਇਸੇ ਤਰ੍ਹਾਂ ਪੁਰਸ਼ ਟੀਮਾਂ ਨੇ ਇੱਕ ਰੋਜ਼ਾ ਮੈਚਾਂ ਵਿੱਚ ਹਿੱਸਾ ਲਿਆ ਸੀ ਅਤੇ ਦੱਖਣੀ ਅਫਰੀਕਾ ਨੇ ਸੋਨ ਤਗ਼ਮਾ ਜਿੱਤਿਆ ਸੀ। ਬਰਮਿੰਘਮ ਖੇਡਾਂ ਦੇ ਕ੍ਰਿਕਟ ਟੂਰਨਾਮੈਂਟ ਵਿੱਚ ਅੱਠ ਕੌਮਾਂਤਰੀ ਟੀਮਾਂ ਹਿੱਸਾ ਲੈਣਗੀਆਂ। ਮਾਰਟਿਨ ਨੇ ‘‘ਅੱਜ ਇਤਿਹਾਸਕ ਦਿਨ ਹੈ। ਅਸੀਂ ਕ੍ਰਿਕਟ ਦੀ ਰਾਸ਼ਟਰਮੰਡਲ ਖੇਡਾਂ ਵਿੱਚ ਵਾਪਸੀ ਦਾ ਸਵਾਗਤ ਕਰਦੇ ਹਾਂ।’’ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਮੁੱਖ ਕਾਰਜਕਾਰੀ ਮਨੂ ਸਾਹਨੀ ਨੇ ਬਿਆਨ ਵਿੱਚ ਕਿਹਾ, ‘‘ਇਹ ਮਹਿਲਾ ਕ੍ਰਿਕਟ ਅਤੇ ਵਿਸ਼ਵ ਕ੍ਰਿਕਟ ਜਗਤ ਲਈ ਸੱਚਮੁੱਚ ਇਤਿਹਾਸਕ ਪਲ ਹੈ, ਜਿਨ੍ਹਾਂ ਨੇ ਇਸ ਦੇ ਸਮਰਥਨ ਲਈ ਇਕਜੁਟਤਾ ਵਿਖਾਈ।’’ ਟੂਰਨਾਮੈਂਟ ਦੇ ਅੱਠ ਮੈਚ ਐਜਬੇਸਟਨ ਕ੍ਰਿਕਟ ਮੈਦਾਨ ਵਿੱਚ ਖੇਡੇ ਜਾਣਗੇ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਦੇ ਸੀਈਓ ਟੌਮ ਹੈਰੀਸਨ ਨੇ ਕਿਹਾ, ‘‘ਸਾਨੂੰ ਬੇਹੱਦ ਖ਼ੁਸ਼ੀ ਹੈ ਕਿ ਮਹਿਲਾ ਟੀ-20 ਕ੍ਰਿਕਟ ਬਰਮਿੰਘਮ-2022 ਦਾ ਹਿੱਸਾ ਹੋਵੇਗੀ। ਅੱਜ ਦਾ ਇਤਿਹਾਸਕ ਫ਼ੈਸਲਾ ਸੰਕੇਤ ਹੈ ਕਿ ਮਹਿਲਾ ਕ੍ਰਿਕਟ ਦਾ ਭਵਿੱਖ ਉੱਜਲ ਹੈ।’’