ਬਠਿੰਡਾ ਜੰਕਸ਼ਨ ’ਤੇ ਲੱਗਿਆ ਸਕੈਨਰ ਖਾਨਾਪੂਰਤੀ ਤਕ ਹੀ ਸੀਮਤ

ਉੱਤਰੀ ਭਾਰਤ ਦੇ ਵੱਡੇ ਰੇਲਵੇ ਜੰਕਸ਼ਨ ’ਤੇ ਲੱਗਿਆ ਸਕੈਨਰ ਸਿਰਫ ਖਾਨਾਪੂਰਤੀ ਤਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਜ਼ਿਕਰਯੋਗ ਹੈ ਕਿ ਬਠਿੰਡਾ ਸਟੇਸ਼ਨ ’ਤੇ ਰੇਲਵੇ ਵਿਭਾਗ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਓਵਰ ਬਰਿੱਜ ਦੇ ਐਂਟਰੀ ਮੌਕੇ ਬੈਗ ਅਤੇ ਯਾਤਰੀਆਂ ਤੇ ਹੋਰ ਸਾਜ਼ੋ ਸਾਮਾਨ ਦੀ ਸੈਕਨਿੰਗ ਲਈ ਇਹ ਸਕੈਨਰ ਲਗਾਇਆ ਗਿਆ ਹੈ। ਇਸ ’ਤੇ ਆਰਪੀਐਫ ਵੱਲੋਂ ਇਕ ਮੁਲਾਜ਼ਮ ਨੂੰ ਤਾਇਨਾਤ ਕੀਤਾ ਗਿਆ ਹੈ। ਅੱਜ ਪੰਜਾਬੀ ਟ੍ਰਿਬਿਊਨ ਨੇ ਸਬੰਧਤ ਥਾਂ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਯਾਤਰੀ ਆਪਣੇ ਬੈਗ ਬਿਨਾਂ ਸਕੈਨ ਕਰਵਾਏ ਉਥੋਂ ਲੰਘ ਰਹੇ ਹਨ ਅਤੇ ਉਥੇ ਤਾਇਨਾਤ ਪੁਲੀਸ ਮੁਲਾਜ਼ਮ ਇਕੱਲਾ ਹੋਣ ਕਾਰਨ ਯਾਤਰੀਆਂ ਨੂੰ ਰੋਕਣ ਵਿਚ ਅਸਫਲ ਨਜ਼ਰ ਆਇਆ। ਜ਼ਿਕਰਯੋਗ ਹੈ ਬਠਿੰਡਾ ਜੰਕਸ਼ਨ ਸੁਰੱਖਿਆ ਪੱਖੋਂ ਕਾਫ਼ੀ ਅਹਿਮ ਹੈ, ਕਿਉਂਕਿ ਬਠਿੰਡਾ ਕੈਂਟ ਤੋਂ ਇਲਾਵਾ, ਏਅਰ ਫੋਰਸ ਸਟੇਸ਼ਨ, ਏਅਰ ਪੋਰਟ, ਤੇਲ ਸੋਧਕ ਕਾਰਖ਼ਾਨਾ, ਐਨ.ਐਫ.ਐਲ ਆਦਿ ਅਹਿਮ ਸਥਾਨ ਹਨ। ਬਠਿੰਡਾ ਰੇਲਵੇ ਸਟੇਸ਼ਨ ਤੋਂ ਰੋਜ਼ਾਨਾ ਬੰਬਈ ਤੋਂ ਲੈ ਗੁਜਰਾਤ, ਯੂਪੀ, ਬਿਹਾਰ, ਮੱਧ ਪ੍ਰਦੇਸ਼ , ਰਾਜਸਥਾਨ, ਹਰਿਆਣਾ ਆਦਿ ਦੇ ਵੱਡੀ ਗਿਣਤੀ ਯਾਤਰੀਆਂ ਦਾ ਆਉਣਾ ਜਾਣਾ ਰਹਿੰਦਾ ਹੈ। ਸਕੈਨਰ ਦੇ ਇਥੇ ਲੱਗਣ ਨਾਲ ਰੇਲਵੇ ਨੇ ਇਸ ਨੂੰ ਸੁਰੱਖਿਆ ਲਈ ਅਹਿਮ ਦੱਸਿਆ ਸੀ ਪਰ ਯਾਤਰੀਆਂ ਦੀ ਗਿਣਤੀ ਦੇ ਹਿਸਾਬ ਨਾਲ ਇੱਕ ਹੋਰ ਸਕੈਨਰ ਦੀ ਜ਼ਰੂਰਤ ਹੈ। ਇਸ ਸਬੰਧੀ ਆਰਪੀਐਫ ਦੇ ਇੰਸਪੈਕਟਰ ਵਿਜੇਂਦਰ ਚੌਧਰੀ ਦਾ ਕਹਿਣਾ ਹੈ ਕਿ ਇਸ ਮਸ਼ੀਨ ਨੂੰ ਹਾਲੇ ਟਰਾਇਲ ਵਜੋਂ ਚਲਾਇਆ ਜਾ ਰਿਹਾ ਹੈ। ਜਲਦੀ ਹੀ ਹੋਰ ਕਰਮਚਾਰੀ ਮਿਲਣ ’ਤੇ ਇਥੇ ਸਖ਼ਤੀ ਨਾਲ ਯਾਤਰੀਆਂ ਤੇ ਸਾਮਾਨ ਦੀ ਚੈਕਿੰਗ ਕੀਤੀ ਜਾਵੇਗੀ। ਉੱਧਰ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀ ਸੁਧੀਰ ਸਿੰਘ ਹੈਪੀ ਦਾ ਕਹਿਣਾ ਹੈ ਕਿ ਇਸ ਸਕੈਨਰ ਨੂੰ ਰੇਲਵੇ ਨੇ ਇੱਕ ਮਹੀਨੇ ਪਹਿਲਾਂ ਲਗਾਇਆ ਸੀ। ਇਸ ਲਈ ਇਸ ਨੂੰ ਟ੍ਰਾਇਲ ਆਖਣਾ ਠੀਕ ਨਹੀਂ ਹੈ।