ਫੋਟੋਗ੍ਰਾਫੀ ਪ੍ਰਤਿਯੋਗਿਤਾ : ਇੱਕ ਅਨੁਭਵ

ਗੁਰਮਾਨ ਸੈਣੀ

(ਸਮਾਜ ਵੀਕਲੀ)

ਸ਼ਿਮਲਾ ਰਹਿਣ ਵਾਲਾ ਮਸ਼ਹੂਰ ਫ਼ੋਟੋਗ੍ਰਾਫਰ ਡਾਕਟਰ ਸਰਜੂ ਪ੍ਰਸ਼ਾਦ ਸ਼ਰਮਾ ਜਦੋਂ ਕਦੇ ਵੀ ਚੰਡੀਗੜ੍ਹ ਗੇੜਾ ਮਾਰਦਾ ਤਾਂ ਅਕਸਰ ਆਪਣੇ ਹਾਣੀ, ਮਿੱਤਰ ਤੇ ਪ੍ਰਬੁੱਧ ਚਿੱਤਰਕਾਰ ਜੇ. ਆਰ. ਯਾਦਵ ਕੋਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਠਹਿਰਦਾ। ਜੇ. ਆਰ. ਯਾਦਵ ਉਦੋਂ ਡਾਇਰੈਕਟਰ , ਪਤੱਰਾਚਾਰ ਸਿੱਖਿਆ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਬਤੌਰ ਸੁਪਰਡੈਂਟ ਤੈਨਾਤ ਸੀ।

ਜਿਹੜਾ ਰਿਟਾਇਰ ਹੋਣ ਤੇ ਘਰਵਾਲੀ ਦੇ ਚਲਾਣੇ ਮਗਰੋਂ ਆਪਣੇ ਜਵਾਈ ਕਰਮ ਗਿਰੀ ਨਾਲ ਪਹਿਲਾਂ ਚੰਡੀਗੜ੍ਹ ਤੇ ਬਾਅਦ ਵਿੱਚ ਮੁਹਾਲੀ ਉਸਦੇ ਨਾਲ ਰਹਿੰਦੇ ਸਨ। ਹੁਣ ਜਦ ਵੀ ਸ਼ਿਮਲਾ ਤੋਂ ਸਰਜੂ ਪ੍ਰਸ਼ਾਦ ਨੇ ਆਉਣਾ ਤਾਂ ਉਨ੍ਹਾਂ ਦੀ ਬਣਦੀ ਸਰਦੀ ਆਓ ਭਗਤ ਗਿਰੀ ਦੇ ਜੁੰਮੇ ਲਗਦੀ। ਘਰ ਵਿੱਚ ਉਹੀ ਖਾਣ-ਪੀਣ ਵਾਲਾ ਸੀ। ਉਂਝ ਵੀ ਗਿਰੀ ਦੇ ਬੱਚੇ ਵੀ ਹਾਲੇ ਛੋਟੇ ਹੀ ਸਨ। ਸ਼ਿਸ਼ਟਾਚਾਰ, ਆਓ ਭਗਤ, ਮਿਲਣ – ਗਿਲਣ, ਜਾਂ ਖਾਣ-ਪੀਣ ਦੇ ਚਲਦਿਆਂ ਡਾਕਟਰ ਸਾਹਿਬ ਦਾ ਗਿਰੀ ਨਾਲ ਵਧੀਆ ਤਾਲਮੇਲ ਬੈਠ ਗਿਆ।

ਇਹ ਉਹ ਦਿਨ ਸਨ ਜਿਨ੍ਹਾਂ ਦਿਨਾਂ ਵਿੱਚ ਗਿਰੀ ਆਪਣੇ ਆਪ ਨੂੰ ਜਮਾਂਦਰੂ ਫ਼ੋਟੋਗ੍ਰਾਫਰ ਸਮਝਦਾ ਸੀ ਤੇ ਗਲ਼ ਵਿੱਚ ਕੈਮਰਾ ਲਟਕਾਈ ਆਪਣੇ  ਪੀਲੇ ਰੰਗ ਦੇ ਐਲ .ਐਮ. ਐਲ ਵੈਸਪਾ ਸਕੂਟਰ ਤੇ ਹਰ ਸ਼ਨੀਵਾਰ ਤੇ ਐਤਵਾਰ ਨੂੰ ਮੈਨੂੰ ਨਾਲ ਟੰਗ ਕੇ ਜੰਗਲ ਬੇਲੇ ਛਾਣਦਾ ਫਿਰਦਾ ਸੀ।‌

ਵੀਹ ਸਾਲ ਪਹਿਲਾਂ ਇਹੋ ਅਗਸਤ ਦੇ ਦਿਨ। ਭਾਰਤ ਸਰਕਾਰ ਵੱਲੋਂ ਇੱਕ ਫੋਟੋਗ੍ਰਾਫੀ ਕੰਪੀਟੀਸ਼ਨ ਰੱਖਿਆ ਗਿਆ ਜਿਸਦੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਵੀ ਪ੍ਰਕਾਸ਼ਿਤ ਕੀਤੇ ਗਏ।  ਇਸ ਵਿੱਚ ਪੂਰੇ ਭਾਰਤ ਵਿੱਚੋਂ ਕੋਈ ਵੀ ਹਿੱਸਾ ਲੈ ਸਕਦਾ ਸੀ। ਕਿਤੇ ਵੀ ਤੇ ਕਿਸੇ ਵੀ ਵਿਸੇ, ਥਾਂ ਦੀ ਤਸਵੀਰ ਖਿੱਚ ਕੇ ਕੰਪੀਟੀਸ਼ਨ ਵਿੱਚ ਭੇਜ ਸਕਦਾ ਸੀ। ਸ਼ਰਤ ਬਸ ਇੱਕੋ ਹੀ ਸੀ ਕਿ ਫੋਟੋ 14 ਅਗਸਤ ਦੀ ਅੱਧੀਰਾਤ 12 ਤੋਂ ਲੈ ਕੇ 15 ਅਗਸਤ ਦੀ ਅੱਧੀਰਾਤ  12 ਵਜੇ ਦੇ ਦਰਮਿਆਨ ਖਿੱਚੀ ਹੋਈ ਹੋਵੇ।

ਫੋਟੋਗ੍ਰਾਫੀ ਦੀ ਛਿੜੀ ਇਸ ਛਿੰਝ ਵਿੱਚ ਗਿਰੀ ਨੂੰ ਸ਼ਿਮਲਾ ਵਾਲੇ ਫੋਟੋਗ੍ਰਾਫਰ ਡਾਕਟਰ ਸਰਜੂ ਪ੍ਰਸ਼ਾਦ ਦਾ ਕਦੇ  ਸ਼ਿਮਲਾ ਆਵੀਂ ਵਾਲਾ ਸੱਦਾ ਚੇਤੇ ਆਇਆ। ਕੱਲੇ ਜਾਣ ਦੀ ਤਾਂ ਉਸਦੀ ਹਿੰਮਤ ਨਹੀਂ ਸੀ ਪੈਂਦੀ। ਉਸ ਨੇ ਸੱਦੇ ਵਾਲਾ ਡੱਕਾ ਮੇਰੇ ਵੱਲ ਖਿਸਕਾਇਆ। ਮੈਂ ਆਪਣੇ ਲਾਂਗੜਾਂ ਤੋਂ  ਬਿਨਾਂ ਕਿਥੋਂ ਪੈਰ ਪੁਟਣ ਵਾਲਾ ਸੀ। ਮਰਦਾ ਕੀ ਨਾ ਕਰਦਾ। ਆਖਿਰ ਗਿਰੀ ਨੂੰ ਲੰਡਿਆਂ ਦਾ ਟੱਬਰ ਨਾਲ ਖਿੱਚਣਾ ਪਿਆ।

ਰਾਮਪੁਰ ਸੈਣੀਆਂ ਤੋਂ ਹਰਵਿੰਦਰ , ਮੁਕੰਦ ਪੁਰ ਤੋਂ ਸੁਰਿੰਦਰ ਕੁਮਾਰ ਤੇ ਚੰਡੀਗੜ੍ਹ ਤੋਂ ਗਿਰੀ ਮੇਰੇ ਕੋਲ ਆ ਇੱਕਠੇ ਹੋਏ।ਇਸ ਵਾਰ ਮੈਨੂੰ ਉਨ੍ਹਾਂ ਦੇ ਨਾਲ ਜਾਣਾ ਚੰਗਾ ਚੰਗਾ ਲੱਗ ਰਿਹਾ ਸੀ ਕਿਉਂਕਿ ਅਗਲੇ ਦਿਨ ਅਖ਼ਬਾਰਾਂ ਦੀ ਛੁੱਟੀ ਸੀ ਤੇ ਮੇਰੇ ਤੇ ਕੋਈ ਅਸਮਾਨ ਨਹੀਂ ਸੀ ਡਿੱਗਣ ਲੱਗਾ। ਜ਼ਿਆਦਾਤਰ , ਕਾਫ਼ਲਾ ਜਦੋਂ ਵੀ ਕਿਸੇ ਮੁਹਿੰਮ ਲਈ ਨਿਕਲਦਾ ਪਹਿਲਾਂ ਸਟਿੰਗ ਮੇਰੇ ਘਰ ਜੈ ਸਿੰਘ ਪੁਰਾ ਹੀ ਹੁੰਦੀ। ਇੱਥੋਂ ਹੀ ਅੰਡਾ ਭਿੰਡੀ ਪੈੱਕ ਹੁੰਦੀ ਤੇ ਚਰਨਾਮਤ ਦੀ ਰਜ਼ਰਵੀ ਰੱਖੀ ਜਾਂਦੀ। ਪੰਦਰਾਂ ਅਗਸਤ ਹੋਣ ਕਰਕੇ ਸਭੋ ਸਰਕਾਰੀ ਦੁਕਾਨਾਂ ਦੇ ਸ਼ਟਰ ਡਿੱਗੇ ਹੋਣ ਕਾਰਨ ਅੰਡਾ ਭਿੰਡੀ ਨਾਲ ਹੀ ਕੰਮ ਸਾਰਨਾ ਪਿਆ।

ਦੁਪਹਿਰ ਹੋਣ ਤੋਂ ਪਹਿਲਾਂ ਪਹਿਲਾਂ ਅਸਾਂ ਨਾਸ਼ਤਾ ਪਾਣੀ ਕਰਕੇ ਆਪਣੇ ਸਕੂਟਰਾਂ ਨੂੰ ਕਿੱਕ ਮਾਰੀ।‌ਇੱਕ ਉੱਤੇ ਹਰਵਿੰਦਰ ਤੇ ਸੁਰਿੰਦਰ ਤੇ ਦੂਜੇ ਤੇ ਮੈਂ ਅਤੇ ਗਿਰੀ ਚਾਰੋ ਜਣੇ ਰੁਕਦਿਆਂ ਰੁਕਾਂਦਿਆਂ ਤੇ ਹੱਸੀ ਠੱਠਾ ਕਰਦੇ ਲੁੱਡੀਆਂ ਪਾਉਂਦੇ ਆਖਰ ਸ਼ਮੀ ਸੰਝ ਲਭ ਲਭਾ ਕੇ ਮਾਲ ਰੋਡ ਤੇ ਗੇਅਟੀ ਸਿਨੇਮਾ ਦੇ ਆਸ-ਪਾਸ  ਹੀ ਕਿਤੇ ਅਸੀਂ   ਮਹਾਨ ਤੇ ਉਸਤਾਦ ਫ਼ੋਟੋਗ੍ਰਾਫਰ ਡਾ. ਸਰਜੂ ਪ੍ਰਸ਼ਾਦ ਦਾ ਕੁੰਡਾ  ਜਾ ਖੜਕਾਇਆ।

ਚੱਲਣ ਤੇ  ਪਹੁੰਚਣ ਦੀ ਸੁੱਖ ਸਾਂਦ ਤੋਂ ਬਾਅਦ ਚਾਹ ਪਾਣੀ ਦਾ ਦੌਰ ਚਲਿਆ ਤੇ ਫੇਰ ਇੱਕਲੇ ਇੱਕਲੇ ਦੀ ਜਾਣ-ਪਛਾਣ ਦਾ। ਫਿਰ ਫੋਟੋਗ੍ਰਾਫੀ , ਫੋਟੋਗ੍ਰਾਫੀ ਦੇ ਕੰਪੀਟੀਸ਼ਨ ਅਤੇ ਇਸ ਦੇ ਕੰਮ ਬਾਰੇ ਗੱਲਾਂ ਦਾ ਸਿਲਸਿਲਾ ਚੱਲਿਆ। ਇੰਨੇ ਨੂੰ ਸੰਝ ਘਿਰ ਆਈ। ਸ਼ਿਮਲਾ ਦਾ ਬਹੁਤ ਸੁਹਾਵਣਾ ਮੌਸਮ। ਪੂਰਨਮਾਸ਼ੀ ਦੇ ਆਸ-ਪਾਸ ਦੇ ਦਿਨ।

ਪਿਛਲੀ ਰਾਤ ਤੋਂ ਗਿਰੀ ਨਵੇਂ ਨਵੇਂ ਆਈਡੀਆ ਲੈਣ ਕੇ ਤਸਵੀਰਾਂ ਖਿੱਚ ਰਿਹਾ ਸੀ। ਅੱਜ ਚੱਲਣ ਤੋਂ ਲੈ ਕੇ ਇੱਥੇ ਪਹੁੰਚਣ ਤੀਕ ਵੀ ਰਸਤੇ ਵਿੱਚ ਰੁਕ ਰੁਕ ਕੇ ਉਸਨੇ ਕੈਮਰੇ ਨੁੰ ਚੈਨ ਨਹੀਂ ਸੀ ਲੈਣ ਦਿੱਤਾ। ਕਿੰਨੀਆਂ ਸਾਰੀਆਂ ਰੀਲਾਂ ਉਹ ਨਾਲ ਲੈ ਕੇ ਤੁਰਿਆ ਸੀ। ਕੋਡਕ ਦੀਆਂ ਤੇ ਫੂਜੀ ਕੰਪਨੀ ਦੀਆਂ ਰੀਲਾਂ। ਉਦੋਂ ਅੱਜ ਵਾਂਗ ਡਿਜੀਟਲ ਕੈਮਰੇ ਨਹੀਂ ਸੀ ਹੁੰਦੇ। ਫੋਟੂਆਂ ਖਿੱਚਣੀਆਂ, ਲੈਬ ਵਿੱਚ ਜਾ ਕੇ ਧੁਆਉਣੀਆਂ। ਫੇਰ ਵਧੀਆ ਤੇ ਸਹੀ ਪ੍ਰਿੰਟ ਦੇਖ ਕੇ ਵੱਡੀਆਂ ਕਾਪੀਆਂ ਕਰਵਾਉਣੀਆਂ। ਬੜਾ ਲੰਮਾ ਪ੍ਰਾਸੈਸ ਸੀ ਤੇ ਬੜਾ ਟਾਈਮ ਲਗਦਾ ਸੀ।

ਨੇਰ੍ਹਾ ਘਿਰਦਿਆਂ ਹੀ ਅਸੀਂ ਚਾਰੇ ਤੇ ਸ਼ਰਮਾ ਜੀ ਦਾ ਵੱਡਾ ਮੁੰਡਾ ਸਾਡੇ ਨਾਲ ਨਿਕਲਿਆ। ਉਸ ਨੂੰ ਵੀ ਪਿਓ ਵਾਂਗ ਫੋਟੋਗ੍ਰਾਫੀ ਦਾ ਸ਼ੌਕ ਸੀ। ਕਾਫੀ ਦੇਰ ਰਿੱਜ ਉੱਤੇ ਇੱਧਰ ਉੱਧਰ ਤੇ ਚਰਚ ਕੋਲ ਘੁੰਮਦੇ ਰਹੇ।‌ਬਹੁਤ ਦੇਰ ਰਿੱਜ ਤੇ ਜਿੱਥੇ ਸਵੇਰੇ ਪਰੇਡ ਹੋ ਕੇ ਹਟੀ ਸੀ ਖੜੇ ਰਹੇ। ਕਦੇ ਗੱਲਾਂ ਤੇ ਕਦੇ ਸਵਾਲ ਜਵਾਬ ਕਰਦੇ ਰਹੇ। ਰਿੱਜ ਦੇ ਨਾਲ ਬਣੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਬੁੱਤ ਬਾਰੇ ਚਰਚਾ ਹੁੰਦੀ ਰਹੀ ਕਿ ਇਹ
ਬੁੱਤ ਇੱਥੇ ਬਹਿ ਕੇ ਆਪਣੀ ਪਰਜਾ ਤੇ ਪ੍ਰਸ਼ਾਸਨ ਨੂੰ ਤੇ ਉਸ ਦੀਆਂ ਕਾਰਗੁਜ਼ਾਰੀਆਂ ਨੂੰ ਤੱਕ ਰਿਹਾ ਹੈ। ਇੰਨੇ ਨੂੰ ਹਵਾ ਚੱਲਣ ਲੱਗ ਪਈ ਤੇ ਠੰਡ ਵਧ ਗਈ। ਗਿਰੀ ਦੇ ਪੇਟ ਵਿੱਚ ਦਾਰੂ ਵਾਲਾ ਮਰੋੜਾ ਮਾਰਿਆ।‌ਪੰਦਰਾਂ ਅਗਸਤ ਕਰਕੇ ਠੇਕੇ ਬੰਦ ਸਨ।

ਇੱਕ ਠੇਕਾ ਰਿੱਜ ਦੇ ਨਾਲ ਹੀ ਥੋੜੀ ਹੇਠਾਂ ਉਤਰ ਕੇ ਸੀ। ਗਿਰੀ ਉੱਥੇ ਜਾ ਪਹੁੰਚਿਆ।  ਠੇਕੇ ਦੇ ਕਰਿੰਦੇ ਨੇ ਉਸਨੇ ਪੰਦਰਾਂ ਅਗਸਤ ਦੀ ਦੁਹਾਈ ਦੇਂਦਿਆਂ ਮੋਰੀ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ। ਗਿਰੀ ਫਸਕੜਾ ਮਾਰ ਕੇ ਉੱਥੇ ਹੀ ਬਹਿ ਗਿਆ। ਕਹਿੰਦਾ ਕੱਲ ਤਾਂ ਖੋਲੂ, ਮੈਂ ਇੱਥੇ ਹੀ ਬੈਠਾਂ, ਲੈ ਕੇ ਹੀ ਜਾਊਂਗਾ। ਬਸ ਥੋੜੀ ਦੇਰ ਨੂੰ 12 ਵੱਜ ਜਾਣੇ ਤੇ ਅਗਲਾ ਦਿਨ। ਸ਼ਰਮਾ ਜੀ ਦੇ ਘਰ ਰਹਿ ਗਏ ਛੋਟੇ ਮੁੰਡੇ ਨੂੰ ਪ੍ਰਬੰਧ ਕਰਨ ਲਈ ਆਖ ਕੇ ਬੜੀ ਮੁਸ਼ਕਲ ਨਾਲ ਗਿਰੀ ਨੂੰ ਵਾਪਸ ਲਿਆਉਣ ਵਿੱਚ ਅਸੀਂ ਕਾਮਯਾਬ ਹੋ ਸਕੇ।

ਘਰ ਪਹੁੰਚੇ ਤਾਂ ਸਾਰਾ ਪ੍ਰਬੰਧ ਤਿਆਰ ਸੀ। ਘਰ ਵਿੱਚ ਅਸੀਂ ਸਤ ਜੀਅ ਇੱਕਠੇ ਹੋਏ ਹੋਏ ਸਾਂ। ਚਾਰ ਅਸਾਂ ਤੇ ਦੋ ਸ਼ਰਮਾ ਜੀ ਦੇ ਮੁੰਡੇ ਤੇ ਇੱਕ ਸ਼ਰਮਾ ਜੀ। ਸ਼ਰਮਾ ਜੀ ਨੂੰ ਛੱਡ ਕੇ ਅਸੀਂ ਸਾਰੇ ਹਾਣੋ ਹਾਣੀ ਸਾਂ। ਸ਼ਰਮਾ ਜੀ ਦੀ ਘਰਵਾਲੀ ਗੁਜ਼ਰ ਗਏ ਹੋਏ ਸਨ ਤੇ ਮੁੰਡਾ ਵੀ ਹਾਲੇ ਕੋਈ ਨਹੀਂ ਸੀ ਵਿਆਹਿਆ ਹੋਇਆ। ਆਪੇ ਬਣਾਓ ਤੇ ਆਪੇ ਖਾਓ ਵਾਲੀ ਸਥਿਤੀ।

ਸਭ ਮਿਲ ਮਿਲਾ ਕੇ ਰੋਟੀ ਪਾਣੀ ਬਣਾਉਣ ‌ਲੱਗੇ ਤੇ ਨਾਲ ਨਾਲ ਬੈਠਕ ਵੀ ਸਜਾਈ ਜਾ ਰਹੇ ਸਾਂ। ਸ਼ਰਮਾ ਜੀ ਨੇ ਸਾਨੂੰ ਆਪਣਾ ਕੰਮ, ਆਪਣੀ ਜ਼ਿੰਦਗੀ ਤੇ ਕੰਮ ਤੋਂ ਖੱਟੀ ਕਮਾਈ, ਸੰਤੋਖ ਤੇ ਇਨਾਮਾਂ ਸਨਮਾਨਾਂ ਬਾਰੇ ਬਹੁਤ ਵਿਸਥਾਰ ਨਾਲ ਦੱਸਿਆ। ਉਨ੍ਹਾਂ ਸਾਨੂੰ ਢੇਰ ਦੇ ਢੇਰ ਆਪਣੀਆਂ ਅੱਖ ਦੇ ਫੇਰ ਵਿੱਚ  ਖਿੱਚੀਆਂ ਤਸਵੀਰਾਂ ਦਿਖਾਈਆਂ। ਵੱਡੀਆਂ ਮਸ਼ਹੂਰ ਹਸਤੀਆਂ, ਫ਼ਿਲਮੀ ਦੁਨੀਆਂ ਦੀ ਉਸ ਵੇਲੇ ਦੀ ਮਕਬੂਲ ਅਦਾਕਾਰਾਵਾਂ ਜਦੋਂ ਸ਼ਰਮਾ ਜੀ ਖੁਦ ਜਵਾਨੀ ਵਿੱਚ ਸਨ। ਇਸ ਤੋਂ ਇਲਾਵਾ ਹੋਰ ਰਾਜਨੀਤਕ , ਵਿਦਿਅਕ ਅਤੇ ਧਾਰਮਿਕ ਆਗੁਆਂ ਨਾਲ ਕੀਤਾ ਕੰਮ ਉਨ੍ਹਾਂ ਸਾਨੂੰ  ਬੜੇ ਪਿਆਰ ਨਾਲ , ਇੱਕ ਇੱਕ ਗੱਲ ਸਮਝਾਊਦਿਆਂ ਦਿਖਾਇਆ।

ਉਸਨੇ ਜਦੋਂ ਨਵੀਂ ਤਕਨੀਕ , ਨਵੇਂ ਆਈਡੀਆ ਤੇ ਕੰਮ ਕਰਨ ਅਤੇ ਅਭਿਆਸ ਤੇ ਮੌਕੇ ਦਾ ਲਾਭ ਲੈਣ ਦੀ ਗਿਰੀ ਨੂੰ ਨਸੀਹਤ ਦਿੱਤੀ ਤਾਂ ਉਸਦਾ ਜਮਾਂਦਰੂ ਫ਼ੋਟੋਗ੍ਰਾਫਰ ਹੋਣ ਦਾ ਭਰਮ ਟੁਟਦਾ ਨਜ਼ਰ ਆਇਆ। ਸਾਡੀ ਤਾਂ ਭਲਾ ਇੱਡੇ ਵੱਡੇ ਕਲਾਕਾਰ ਸਾਹਵੇਂ ਹਸਤੀ ਹੀ ਕੀ ਸੀ। ਸਾਨੂੰ ਖਾਣ ,ਪੀਣ , ਤੇ ਜੀਣ ਦੇ ਸਬਕ ਸਿੱਖਣ ਦਾ ਬਹੁਤ ਸਵਾਦ ਆਇਆ।‌ਬਾਹਰ ਵੱਗ ਰਹੇ ਠੰਡੇ ਬੁੱਲਿਆਂ, ਅੰਦਰ ਗਈ ਹੋਈ ਨਾਗਣੀ , ਗਰਮ ਗਰਮ ਖਾਣੇ ਦੇ ਨਾਲ ਨਾਲ ਦਿਮਾਗ ਨੂੰ ਚੜ੍ਹੇ ਕਲਾਕਾਰੀ ਦੇ ਦਰਸ਼ਨ ਦੇ ਸ਼ਰੂਰ ਵਿੱਚ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਆਪਾਂ ਆਪਣੀ ਆਪਣੀ ਕਬਰ ਵਿੱਚ ਉਤਰ ਗਏ।

ਠੰਡੀ ਵਾਦੀਆਂ ਦੇ ਉਸ ਤੇਜ਼ ਤਰਾਰ ਤੇ ਨਰਮ ਸੁਭਾਅ ਦੇ ਪ੍ਰਬੁੱਧ ਕਲਾਕਾਰ ਦੀ ਸੁਣਾਈਆਂ ਦੋ ਤਿੰਨ ਗੱਲਾਂ ਤਾਂ ਹਮੇਸ਼ਾ ਮੇਰੇ ਜ਼ਿਹਨ ਵਿੱਚ ਸੱਜਰੀਆਂ ਪਈਆਂ ਹਨ ਜਿਵੇਂ ਇਹ ਕੱਲ ਦੀ ਹੀ ਗੱਲ ਹੋਵੇ। ਉਹ ਆਖਦੇ ਸਨ ਕਿ ਨਵੀਂ ਤਕਨੀਕ , ਨਵਾਂ ਤੇ ਮੌਲਿਕ ਅੰਦਾਜ਼ ਤੇ ਸੋਚਣੀ ਕਲਾਕਾਰ ਨੂੰ ਕਦੇ ਵੀ ਬੁੱਢਾ ਨਹੀਂ ਹੋਣ ਦਿੰਦੀ। ਮੌਕੇ ਦੀ ਨਜਾਕਤ, ਅਭਿਆਸ ਤੇ ਮਿਲ ਗਏ ਅਵਸਰਾਂ ਦਾ ਲਾਭ ਉਠਾਉਣ ਵਾਲਾ ਕਲਾਕਾਰ ਇੱਕ ਨਾ ਇੱਕ ਦਿਨ ਜ਼ਰੂਰ ਮਾਨ ਸਨਮਾਨ ਹਾਸਲ ਕਰਦਾ ਹੈ ਤੇ ਫੇਰ ਲੱਛਮੀ ਜ਼ਰੂਰ ਉਸਦੇ ਦਰਵਾਜ਼ੇ ਤੇ ਖੁਦ ਦਸਤਕ ਦੇਂਦੀ ਹੈ।

ਪਿਛਲੇ ਸਮੇਂ ਦੌਰਾਨ ਮਿਲੇ ਸਨਮਾਨਾਂ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਪਰੇਡ ਗਰਾਂਊਂਡ ਤੇ ਗਾਂਧੀ ਦਾ ਜਿਹੜਾ ਬੁੱਤ ਤੁਸੀਂ ਵੇਖਕੇ ਆਏ ਹੋ । ਸਭੋ ਫ਼ੋਟੋਗ੍ਰਾਫਰ ਉਸਦੀ ਹੀ ਫੋਟੋ ਖਿੱਚ ਰਹੇ ਸਨ। ਮੈਂ ਕੁਝ ਨਵਾਂ ਕਹਿਣ ਦਾ ਚਾਹਵਾਨ ਸਾਂ। ਮੈਂ ਸੋਚਿਆ ਕਿ ਇਸ ਗਾਂਧੀ ਨੂੰ ਤੇ ਇਸ ਬੁੱਤ ਨੂੰ ਤਾਂ ਦੁਨੀਆਂ ਜਾਣਦੀ ਹੈ। ਮੈਂ ਬੁੱਤ ਦੇ ਪਿਛਿਓਂ ਗਾਂਧੀ ਨੂੰ ਆਪਣੀ ਪਰਜਾ ਵੱਲ ਤੱਕਦਿਆਂ ਦਿਖਾਇਆ ਕਿ ਆਜ਼ਾਦੀ ਦੇ ਪੰਜਾਹ ਸਾਲ ਗੁਜ਼ਰ ਜਾਣ ਤੇ ਮੇਰੀ ਜਨਤਾ ਮੇਰੇ ਆਦਰਸ਼ਾਂ ਤੇ ਚੱਲ ਰਹੀ ਹੈ ਕਿ ਨਹੀਂ। ਇਹ ਸੋਚਣ ਦਾ ਨਵਾਂ ਤੇ ਬਿਲਕੁਲ ਮੌਲਿਕ ਅੰਦਾਜ਼ ਸੀ ਤੇ ਇਹੋ ਗੱਲ ਪ੍ਰਤਿਯੋਗਿਤਾ ਦੇ ਜੱਜਾਂ ਨੂੰ ਜੱਚ ਗਈ ਤੇ ਮੈਂ ਇਨਾਮ ਫੁੰਡ ਲਿਆ। ਇਸ ਵਿੱਚ ਪੈਸਾ ਵੀ ਸੀ, ਰਿਕੋਗਨਾਈਜੇਸ਼ਨ ਵੀ  ਸੀ ਤੇ ਮਸ਼ਹੂਰੀ ਵੀ। ਪਰ ਇਹ ਸਭ ਕੁਝ ਘਰ ਬੈਠ ਕੇ ਸੰਭਵ ਨਹੀਂ।

ਯਾਦਾਂ ਦੀ ਪਟਾਰੀ ਖੋਲਦਿਆਂ ਉਨ੍ਹਾਂ ਦੱਸਿਆ ਕਿ ਇੱਕ ‌ਵਾਰ ਮੈਂ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਰਾਜਾ ਵੀਰਭੱਦਰ ਸਿੰਘ ਨੂੰ ਉਨ੍ਹਾਂ ਦੀ ਜਨਤਾ ਦਰਬਾਰ ਦੌਰਾਨ ਖੁੱਲ ਕੇ ਮੁਸਕਰਾਉਂਦਿਆਂ ਦੀ ਆਪਣੀ ਖਿੱਚੀ ਤਸਵੀਰ ਭੇਂਟ ਕੀਤੀ ਤਾਂ ਉਹ ਮੇਰੇ ਕੰਮ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਉਨ੍ਹਾਂ ਮੈਨੂੰ ਗਲ਼ ਨਾਲ ਲਾ ਲਿਆ। ਉਹ ਇਸ ਗੱਲ ਤੋਂ ਪ੍ਰਭਾਵਿਤ ਸਨ ਕਿ ਅਸੀਂ ਰਾਜਨੀਤਕ ਲੋਕ ਕਦੇ ਹੱਸਦੇ ਵੀ ਹਾਂ, ਉਹ ਵੀ ਇੰਨੀਂ ਭੀੜ ਵਿੱਚ। ਨਾਲੇ  ਉਸ ਵੇਲੇ ਸਕਿਊਰਟੀ ਵਾਲੇ ਕਿੱਥੇ ਕਿਸੇ ਨੂੰ ਸਾਡੇ ਪਾਸ ਫੱਟਕਣ ਦੇਂਦੇ ਹਨ। ਇਹ ਤਾਂ ਤੂੰ ਕਮਾਲ ਹੀ ਕਰ ਛੱਡਿਆ ਹੈ। ਮੈਨੂੰ ਖੁਦ ਨੂੰ ਨਹੀਂ ਪਤਾ ਮੈਂ ਇਸਤਰਾਂ ਕਦੇ ਹੱਸਿਆ ਵੀ ਸਾਂ। ਫੇਰ ਕੀ ਸੀ ਮੇਰੇ ਲਈ ਸਭ ਰਸਤੇ ਖੁਲਦੇ ਚਲੇ ਗਏ। ਪਰ ਯਾਦ ਰੱਖਿਓ ਇਹ ਰਸਤੇ ਇੱਕ ਦਿਨ ਵਿੱਚ ਨਹੀਂ ਖੁਲਦੇ । ਹਾਂ! ਪਰ ਦੇ ਲਗੇ ਰਹੋ ਤਾਂ ਇੱਕ ਦਿਨ ਖੁਲਦੇ ਜ਼ਰੂਰ ਹਨ।

ਫੋਟੋਗ੍ਰਾਫੀ ਪ੍ਰਤਿਯੋਗਿਤਾ ਵਿੱਚ ਤਾਂ  ਪਤਾ ਨਹੀਂ ਕਿਸ ਕਿਸ ਪ੍ਰਦੇਸ਼ ਤੋਂ ਕਿਸ ਕਿਸ ਵਿਸ਼ੇ ਉੱਤੇ‌ ਅਤੇ ਕਿਸ ਕਿਸ ਥਾਂ ਦੀ ਕਿਸ ਕਿਸ ਫ਼ੋਟੋਗ੍ਰਾਫਰ ਨੇ ਫੋਟੋਗ੍ਰਾਫੀ ਦੀ ਕਿੰਨੀਆਂ ਐਂਟਰੀਆਂ ਭੇਜੀਆਂ ਤੇ ਕਦੋਂ ਇਸ ਦਾ ਨਤੀਜਾ ਨਿਕਲਿਆ ਤੇ ਇਹ ਮਾਨ ਸਨਮਾਨ ਕਿਸ ਕਿਸ ਨੂੰ ਹਾਸਲ ਹੋਇਆ, ਪਰ ਹਾਂ ਆਪਣਾ ਜ਼ਰੂਰ ਪਤਾ ਹੈ ਕਿ ਇੰਨੇ ਸਾਦੇ ਤੇ ਪ੍ਰਬੁੱਧ ਪੁਰਸ਼ ਦੇ ਔਰੇ ਦੀ ਪਰਿਕਰਮਾ ਕਰਦਿਆਂ ਆਪਣਾ ਆਪ ਕਿਵੇਂ ਸ਼ੁੱਧ ਤੇ ਸਰਲ ਹੋ ਸਕਦਾ ਹੈ। ਤੁਸੀਂ ਵੀ ਮੌਕ਼ਾ ਮਿਲਦਿਆਂ ਇਸ ਤਰ੍ਹਾਂ ਦੇ ਇਕਬਾਲ ਬੁਲੰਦ ਸਿਤਾਰਿਆਂ ਦੀ ਮਿਲਣੀ ਦਾ ਨਿੱਘ ਮਾਨਣ ਦਾ ਮੌਕਾ ਨਾ ਗਵਾਇਓ। ਰੱਬ ਕਰੇ ਇਹ ਰਾਹ ਦਸੇਰੇ ਤੁਹਾਡੀ ਜ਼ਿੰਦਗੀ ਵਿੱਚ ਵੀ ਚਾਨਣ ਮੁਨਾਰਾ ਬਣਕੇ ਤੁਹਾਨੂੰ ਸਰਸ਼ਾਰ ਕਰਨ । ਇਹੋ  ਮੇਰੀ ਕਾਮਨਾ ਹੈ। ਆਮੀਨ !!

ਗੁਰਮਾਨ ਸੈਣੀ
ਰਾਬਤਾ : 9256346906