ਫੈੱਡਐਕਸ ਹਮਲੇ ਵਿਚ ਚਾਰ ਸਿੱਖਾਂ ਦੀ ਮੌਤ

ਇੰਡੀਆਨਾਪੋਲਿਸ (ਸਮਾਜ ਵੀਕਲੀ) : ਅਮਰੀਕਾ ਦੇ ਇੰਡੀਆਨਾ ਸੂਬੇ ਦੀ ਰਾਜਧਾਨੀ ਇੰਡੀਆਨਾਪੋਲਿਸ ’ਚ ਵੀਰਵਾਰ ਰਾਤ ਇਕ ‘ਫੈੱਡਐਕਸ’ ਕੇਂਦਰ ’ਤੇ ਬੰਦੂਕਧਾਰੀ ਵੱਲੋਂ ਕੀਤੀ ਗਈ ਗੋਲੀਬਾਰੀ ’ਚ ਮਾਰੇ ਗਏ ਅੱਠ ਜਣਿਆਂ ’ਚੋਂ ਕਰੀਬ ਚਾਰ ਵਿਅਕਤੀ ਸਿੱਖ ਭਾਈਚਾਰੇ ਨਾਲ ਸਬੰਧਤ ਹਨ। ਜ਼ਿਕਰਯੋਗ ਹੈ ਕਿ 19 ਸਾਲਾ ਬੰਦੂਕਧਾਰੀ ਬਰੈਂਡਨ ਸਕੌਟ ਹੋਲ ਜੋ ਕਿ ਇੰਡੀਆਨਾ ਦਾ ਹੀ ਰਹਿਣ ਵਾਲਾ ਸੀ, ਨੇ ਹਮਲੇ ਮਗਰੋਂ ਖ਼ੁਦ ਨੂੰ ਵੀ ਗੋਲੀ ਮਾਰ ਲਈ ਸੀ। ‘ਫੈੱਡਐਕਸ’ ਦੇ ਇਸ ਡਿਲੀਵਰੀ ਕੇਂਦਰ ਵਿਚ ਕਰੀਬ 90 ਪ੍ਰਤੀਸ਼ਤ ਵਰਕਰ ਭਾਰਤੀ-ਅਮਰੀਕੀ ਹਨ ਤੇ ਜ਼ਿਆਦਾਤਰ ਸਿੱਖ ਭਾਈਚਾਰੇ ਨਾਲ ਸਬੰਧਤ ਹਨ। ਸਿੱਖ ਭਾਈਚਾਰੇ ਦੇ ਆਗੂ ਗੁਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ‘ਇਹ ਦਿਲ ਤੋੜਨ ਵਾਲੀ ਘਟਨਾ ਹੈ।

ਸਿੱਖ ਭਾਈਚਾਰਾ ਇਸ ਘਟਨਾ ਨਾਲ ਟੁੱਟ ਗਿਆ ਹੈ।’ ਸ਼ੁੱਕਰਵਾਰ ਰਾਤ ਮੈਰੀਅਨ ਕਾਊਂਟੀ ਦੀ ਪੁਲੀਸ ਵੱਲੋਂ ਮ੍ਰਿਤਕਾਂ ਦੇ ਨਾਂ ਜਾਰੀ ਕੀਤੇ ਗਏ ਹਨ। ਮਰਨ ਵਾਲੇ ਭਾਰਤੀਆਂ ਦੀ ਸ਼ਨਾਖ਼ਤ ਅਮਰਜੀਤ ਜੌਹਲ (66), ਜਸਵਿੰਦਰ ਕੌਰ (64), ਅਮਰਜੀਤ ਸੇਖੋਂ (48) ਤੇ ਜਸਵਿੰਦਰ ਸਿੰਘ (68) ਵਜੋਂ ਹੋਈ ਹੈ। ਮ੍ਰਿਤਕ ਭਾਰਤੀ-ਅਮਰੀਕੀਆਂ ਵਿਚ ਤਿੰਨ ਔਰਤਾਂ ਹਨ। ਪੋਸਟਮਾਰਟਮ ਤੋਂ ਬਾਅਦ ਪੁਲੀਸ ਮੌਤ ਦੇ ਅਸਲੀ ਕਾਰਨਾਂ ਬਾਰੇ ਜਾਣਕਾਰੀ ਰਿਲੀਜ਼ ਕਰੇਗੀ। ਇਕ ਹੋਰ ਸਿੱਖ ਹਰਪ੍ਰੀਤ ਸਿੰਘ ਗਿੱਲ (45) ਦੇ ਅੱਖ ਕੋਲ ਗੋਲੀ ਵੱਜੀ ਹੈ ਤੇ ਉਹ ਹਸਪਤਾਲ ਦਾਖਲ ਹੈ। ਗੁਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਭਾਈਚਾਰਾ ਅਧਿਕਾਰੀਆਂ ਦੇ ਸੰਪਰਕ ’ਚ ਹੈ।

ਇਸ ਤੋਂ ਪਹਿਲਾਂ 9/11 ਮਗਰੋਂ ਵੀ ਸਿੱਖ ਭਾਈਚਾਰੇ ਨੂੰ ਬਹੁਤ ਔਕੜਾਂ ਝੱਲਣੀਆਂ ਪਈਆਂ ਸਨ। ਉਨ੍ਹਾਂ ਕਿਹਾ ਕਿ ‘ਸਮਾਂ ਆ ਗਿਆ ਹੈ ਕਿ ਇਸ ਤਰ੍ਹਾਂ ਦੀਆਂ ਹਿੰਸਕ ਗਤੀਵਿਧੀਆਂ ਦਾ ਅੰਤ ਕੀਤਾ ਜਾਵੇ, ਹੁਣ ਬਹੁਤ ਹੋ ਗਿਆ।’ ਇੰਡੀਆਨਾ ਵਿਚ ਸਿੱਖ ਭਾਈਚਾਰੇ ਦੇ ਕਰੀਬ ਦਸ ਹਜ਼ਾਰ ਮੈਂਬਰ ਰਹਿੰਦੇ ਹਨ। ਇੱਥੇ ਰਹਿੰਦੇ ਸਿੱਖ ਦਾਨ ਤੇ ਭਲਾਈ ਦੀਆਂ ਹੋਰ ਕਈ ਗਤੀਵਿਧੀਆਂ ਵਿਚ ਸ਼ਮੂਲੀਅਤ ਕਰਦੇ ਰਹਿੰਦੇ ਹਨ। ਇਸੇ ਦੌਰਾਨ ‘ਫੈੱਡਐਕਸ’ ਨੇ ਪੁਸ਼ਟੀ ਕੀਤੀ ਹੈ ਕਿ ਮ੍ਰਿਤਕ ਬੰਦੂਕਧਾਰੀ ਪਹਿਲਾਂ ਇੰਡੀਆਨਾਪੋਲਿਸ ਕੇਂਦਰ ਵਿਚ ਹੀ ਕੰਮ ਕਰਦਾ ਰਿਹਾ ਹੈ। ਸਿੱਖ ਆਗੂ ਗੁਰਿੰਦਰ ਨੇ ਇਸ ਹਮਲੇ ਦੇ ਨਫ਼ਰਤੀ ਅਪਰਾਧ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ।

ਉਨ੍ਹਾਂ ਕਿਹਾ ਕਿ ਸਿੱਖਾਂ ਤੇ ਏਸ਼ਿਆਈ ਅਮਰੀਕੀਆਂ ’ਤੇ ਹਮਲੇ ਵਧੇ ਹਨ। ਸਿੱਖ ਭਾਈਚਾਰਾ ਇਸ ਘਟਨਾ ਬਾਰੇ ਬੈਠਕ ਵੀ ਕਰ ਰਿਹਾ ਹੈ ਤੇ ਉਨ੍ਹਾਂ ਰਾਸ਼ਟਰਪਤੀ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਨਫ਼ਰਤੀ ਅਪਰਾਧਾਂ ਬਾਰੇ ਗੰਭੀਰ ਹੋ ਕੇ ਕਾਰਵਾਈ ਕਰਨ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਆਪਣੀ ਦਿੱਖ ਕਰ ਕੇ ਜ਼ਿਆਦਾ ਖ਼ਤਰੇ ਨਾਲ ਜੂਝ ਰਿਹਾ ਹੈ। ਭਾਈਚਾਰੇ ਦੇ ਆਗੂਆਂ ਨੇ ਆਟੋਮੈਟਿਕ ਤੇ ਸੈਮੀ-ਆਟੋਮੈਟਿਕ ਬੰਦੂਕਾਂ ਸਬੰਧੀ ਰਾਸ਼ਟਰਪਤੀ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਅਮਰੀਕੀ ਜਾਂਚ ਏਜੰਸੀ ‘ਐਫਬੀਆਈ’ ਨੇ ਕਿਹਾ ਹੈ ਕਿ ਗੋਲੀਆਂ ਚਲਾਉਣ ਵਾਲੇ ਨੌਜਵਾਨ ਨੂੰ ਉਨ੍ਹਾਂ ਪਿਛਲੇ ਸਾਲ ਇੰਟਰਵਿਊ ਕੀਤਾ ਸੀ। ਉਸ ਦੀ ਮਾਂ ਨੇ ਪੁਲੀਸ ਨੂੰ ਫੋਨ ਕੀਤਾ ਸੀ ਕਿ ਉਹ ਖ਼ੁਦਕੁਸ਼ੀ ਕਰ ਸਕਦਾ ਹੈ।