ਪੱਛਮੀ ਬੰਗਾਲ ਦੀਆਂ ਘਟਨਾਵਾਂ ਖ਼ਿਲਾਫ਼ ਮੌਨ ਰੋਸ ਪ੍ਰਦਰਸ਼ਨ

ਦਿੱਲੀ ਪ੍ਰਦੇਸ਼ ਭਾਜਪਾ ਤੇ ਕੇਂਦਰੀ ਆਗੂਆਂ ਵੱਲੋਂ ਅੱਜ ਪੱਛਮੀ ਬੰਗਾਲ ਦੀਆਂ ਘਟਨਾਵਾਂ ਸਬੰਧੀ ਜੰਤਰ-ਮੰਤਰ ’ਤੇ ਮੌਨ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਅਮਿਤ ਸ਼ਾਹ ਦੀ ਰੈਲੀ ਦੌਰਾਨ ਹਮਲਾ ਕੀਤਾ ਗਿਆ। ਕੇਂਦਰੀ ਮੰਤਰੀ ਨਿਰਮਲਾ ਸੀਤਾਰਾਮਨ, ਜਤਿੰਦਰ ਸਿੰਘ, ਵਿਜੈ ਗੋਇਲ ਤੇ ਡਾ. ਹਰਸ਼ਵਰਧਨ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਤੇ ਬੁੱਲ੍ਹਾਂ ’ਤੇ ਉਂਗਲੀਆਂ ਧਰ ਮੰਚ ਉੱਪਰ ਰੋਸ ਜ਼ਾਹਿਰ ਕੀਤਾ। ਇਸ ਦੌਰਾਨ ਆਗੂਆਂ ਤੇ ਕਾਰਕੁਨਾਂ ਨੇ ‘ਸੇਵ ਬੰਗਾਲ, ਸੇਵ ਡੈਮੋਕ੍ਰੇਸੀ’ ਦੇ ਨਾਅਰੇ ਲਿਖੀਆਂ ਤਖ਼ਤੀਆਂ ਵੀ ਫੜੀਆਂ ਹੋਈਆਂ ਸਨ ਤੇ ਉਹ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਖ਼ਿਲਾਫ਼ਤ ਕਰ ਰਹੇ ਸਨ। ਆਗੂਆਂ ਨੇ ਕਿਹਾ ਕਿ ਬੈਨਰਜੀ ਵੱਲੋਂ ਲੋਕਤੰਤਰ ਦਾ ਗਲ ਘੁੱਟਿਆ ਜਾ ਰਿਹਾ ਹੈ। ਰੱਖਿਆ ਮੰਤਰੀ ਸੀਤਾਰਾਮਨ ਨੇ ਕਿਹਾ ਕਿ ਅਮਿਤ ਸ਼ਾਹ ਦੀ ਰੈਲੀ ਦੌਰਾਨ ਹਿੰਸਾ ਕੀਤੀ ਗਈ ਤੇ ਜੇ ਸੀਆਰਪੀਐੱਫ ਨਾ ਹੁੰਦੀ ਤਾਂ ਪਾਰਟੀ ਪ੍ਰਧਾਨ ਦਾ ਪਰਤਣਾ ਮੁਸ਼ਕਲ ਸੀ। ਉਨ੍ਹਾਂ ਦੋਸ਼ ਲਾਇਆ ਕਿ ਬੈਨਰਜੀ ਹਾਰ ਤੋਂ ਬੌਖ਼ਲਾ ਕੇ ਆਪਣੇ ਕਾਰਕੁਨਾਂ ਨੂੰ ਹਿੰਸਾ ਲਈ ਭੜਕਾ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਸਮਾਜ ਸੁਧਾਰਕ ਈਸ਼ਵਰ ਚੰਦਰ ਵਿਦਿਆਸਾਗਰ ਦਾ ਕਾਲਜ ਅੰਦਰ ਲੱਗਾ ਬੁੱਤ ਕਿਵੇਂ ਤੋੜਿਆ ਗਿਆ ਜਦਕਿ ਉਹ ਕਮਰੇ ਅੰਦਰ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਸ ਪਿੱਛੇ ਟੀਐਮਸੀ ਦੇ ਕਾਰਕੁਨ ਹੋ ਸਕਦੇ ਹਨ। ਉਨ੍ਹਾਂ ਮਮਤਾ ’ਤੇ ਝੂਠ ਬੋਲਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਭਾਜਪਾ ਦੇ ਕਾਰਕੁਨਾਂ ਉੱਤੇ ਦੋਸ਼ ਮੜ੍ਹਨ ਦੀ ਕੋਸ਼ਿਸ਼ ਵਿਚ ਹਨ। ਉਨ੍ਹਾਂ ਭਾਜਪਾ ਯੂਥ ਵਿੰਗ ਦੀ ਆਗੂ ਪ੍ਰਿਯੰਕਾ ਸ਼ਰਮਾ ਦੀ ਗ੍ਰਿਫ਼ਤਾਰੀ ਦਾ ਵੀ ਜ਼ਿਕਰ ਵੀ ਕੀਤਾ। ਭਾਜਪਾ ਆਗੂਆਂ ਨੇ ਲੋਕਾਂ ਨੂੰ ਆਪਣੇ ਵੋਟ ਹੱਕ ਦੀ ਵਰਤੋਂ ਕਰ ਕੇ ਰਾਜ ’ਚ ਸ਼ਾਂਤੀ ਯਕੀਨੀ ਬਨਾਉਣ ਦਾ ਸੱਦਾ ਦਿੱਤਾ ਹੈ। ਹਰਸ਼ਵਰਧਨ ਨੇ ਸੁਪਰੀਮ ਕੋਰਟ, ਚੋਣ ਕਮਿਸ਼ਨ ਤੇ ਰਾਸ਼ਟਰਪਤੀ ਨੂੰ ਮਮਤਾ ਸਰਕਾਰ ਖਾਰਜ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਦੇ ਹੈਲੀਕਾਪਟਰ ਨਹੀਂ ਉੱਤਰਨ ਦਿੱਤਾ ਜਾਂਦਾ ਤੇ ਕਦੇ ਭਾਜਪਾ ਕਾਰਕੁਨਾਂ ਦਾ ਕਤਲ ਤੇ ਕਦੇ ਪੋਸਟਰ ਲਾਹੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਸਾਇੰਸਦਾਨਾਂ ਤੇ ਬੁੱਧੀਜੀਵੀਆਂ ਦਾ ਰਾਜ ਮੰਨਿਆ ਜਾਂਦਾ ਹੈ ਪਰ ਹੁਣ ਵਿਸ਼ਵ ’ਚ ਇਸ ਦੀ ਸਾਖ਼ ਖ਼ਰਾਬ ਹੋ ਰਹੀ ਹੈ।