ਪੰਜਾਬ ਨੂੰ ਮੰਦੀ ’ਚੋਂ ਕੱਢੇਗਾ ਖੇਤੀ ਅਰਥਚਾਰਾ: ਮਨਪ੍ਰੀਤ

ਬਠਿੰਡਾ (ਸਮਾਜਵੀਕਲੀ)- ਪੰਜਾਬ ਦੇ ਵਿੱਤ ਮੰਤਰੀ ਨੇ ਅੱਜ ਬਾਜ਼ਾਰਾਂ ਤੇ ਮੁਹੱਲਿਆਂ ਦਾ ਦੌਰਾ ਕਰ ਕੇ ਲੋਕਾਂ ਦਾ ਹਾਲ-ਚਾਲ ਜਾਣਿਆ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਹ ਪਿਛਲੇ ਹਫਤੇ ਭਰ ਤੋਂ ਲੋਕਾਂ ਦੇ ਰੂਬਰੂ ਹੋ ਰਹੇ ਹਨ। ਉਨ੍ਹਾਂ ਕਾਰੋਬਾਰੀਆਂ ਨੂੰ ਦੱਸਿਆ ਕਿ ਕਣਕ, ਆਲੂ ਅਤੇ ਕਿਨੂੰ ਦੇ ਮੰਡੀਕਰਨ ਤੋਂ ਦਿਹਾਤੀ ਪੰਜਾਬ ਵਿਚ 32 ਹਜ਼ਾਰ ਕਰੋੜ ਰੁਪਏ ਪਹੁੰਚ ਚੁੱਕੇ ਹਨ। ਜਦੋਂ ਇਹ ਆਉਣ ਵਾਲੇ ਚਾਰ-ਪੰਜ ਮਹੀਨਿਆਂ ਵਿਚ ਬਾਜ਼ਾਰਾਂ ’ਚ ਪਹੁੰਚਣਗੇ ਤਾਂ ਸੂਬੇ ਦਾ ਸਮੁੱਚਾ ਅਰਥਚਾਰਾ ਮੰਦੀ ਦੇ ਦੌਰ ਵਿਚੋਂ ਬਾਹਰ ਆ ਜਾਵੇਗਾ।

ਸ੍ਰੀ ਬਾਦਲ ਨੇ ਕਿਹਾ ਕਿ ਕਰੋਨਾ ਦੀ ਮਾਰ ਹੇਠ ਆਇਆ ਸੂਬਾ ਸੁਚੱਜੇ ਆਰਥਿਕ ਪ੍ਰਬੰਧਨ ਸਦਕਾ ਮੰਦਵਾੜੇ ’ਚੋਂ ਬਾਹਰ ਆ ਕੇ ਹੋਰਨਾਂ ਸੂਬਿਆਂ ਲਈ ਚਾਨਣ ਮੁਨਾਰਾ ਬਣੇਗਾ। ਉਨ੍ਹਾਂ ਆਖਿਆ ਕਿ ਦਿੱਲੀ ਜਾਂ ਚੰਡੀਗੜ੍ਹ ਬੈਠ ਕੇ ਲੋਕ ਪੱਖੀ ਨੀਤੀਆਂ ਬਣਾਉਣਾ ਸੰਭਵ ਨਹੀਂ। ਇਸੇ ਲਈ ਉਹ ਲਗਾਤਾਰ ਲੋਕਾਂ ਨੂੰ ਮਿਲ ਰਹੇ ਹਨ ਅਤੇ ਲੋਕਾਂ ਵੱਲੋਂ ਮਿਲੇ ਸੁਝਾਅ ਹੀ ਨੀਤੀਆਂ ਦਾ ਆਧਾਰ ਬਣਨਗੇ। ਉਨ੍ਹਾਂ ਕਿਹਾ ਕਿ ਕਰੋਨਾ ਸੰਕਟ ਨੇ ਰਾਜ ਦੀ ਆਰਥਿਕਤਾ ਨੂੰ ਸੱਟ ਮਾਰੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲੋਕਾਂ ਦੇ ਸਹਿਯੋਗ ਨਾਲ ਸਮੱਸਿਆ ਹੱਲ ਕਰ ਲਵੇਗੀ।

ਵਿੱਤ ਮੰਤਰੀ ਅੱਜ ਆਰੀਆ ਸਮਾਜ ਚੌਕ ਤੋਂ ਕਿਲਾ ਮੁਬਾਰਕ ਮਾਰਕੀਟ ਤੱਕ ਦੇ ਦੁਕਾਨਦਾਰਾਂ ਅਤੇ ਸ਼ਕਤੀ ਨਗਰ, ਟੈਗੋਰ ਨਗਰ, ਪੰਚਵਟੀ ਨਗਰ ਆਦਿ ਖੇਤਰਾਂ ’ਚ ਜਾ ਕੇ ਲੋਕਾਂ ਨੂੰ ਮਿਲੇ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਦੇ ਵੱਡੀ ਗਿਣਤੀ ਆਗੂ ਹਾਜ਼ਰ ਸਨ।