ਪੰਜਾਬੀ ਦੇ ਨਾਮਵਰ ਪੱਤਰਕਾਰ, ਉਘੇ ਕਲਮ ਨਵੀਸ ਅਤੇ ਕਈ ਪ੍ਰਸਿੱਧ ਅਖ਼ਬਾਰਾਂ ‘ਚ ਬਤੌਰ ਸੰਪਾਦਕ ਸੇਵਾ ਨਿਭਾਉਣ ਵਾਲੇ ਪੱਤਰਕਾਰੀ ਦੇ ਸ਼ਿੰਗਾਰ .

ਚੰਡੀਗੜ੍ਹ – (ਹਰਜਿੰਦਰ ਛਾਬੜਾ): ਪੰਜਾਬੀ ਦੇ ਨਾਮਵਰ ਪੱਤਰਕਾਰ, ਉਘੇ ਕਲਮ ਨਵੀਸ ਅਤੇ ਕਈ ਪ੍ਰਸਿੱਧ ਅਖ਼ਬਾਰਾਂ ‘ਚ ਬਤੌਰ ਸੰਪਾਦਕ ਸੇਵਾ ਨਿਭਾਉਣ ਵਾਲੇ ਪੱਤਰਕਾਰੀ ਦੇ ਸ਼ਿੰਗਾਰ ਸ. ਸ਼ੰਗਾਰਾ ਸਿੰਘ ਭੁੱਲਰ ਦਾ ਕੱਲ੍ਹ ਸ਼ਾਮ ਦਿਹਾਂਤ ਹੋ ਗਿਆ। ਉਹ 74 ਸਾਲ ਦੇ ਸਨ।  ਸ. ਭੁੱਲਰ ਪਿਛਲੇ ਕੁੱਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਹ ਅਪਣੇ ਪਿਛੇ ਪਤਨੀ, ਦੋ ਬੇਟੇ ਤੇ ਇਕ ਬੇਟੀ ਛੱਡ ਗਏ ਹਨ।
ਸ. ਭੁੱਲਰ ਬੀਮਾਰੀ ਕਾਰਨ ਪਿਛਲੇ ਕੁੱਝ ਸਮੇਂ ਤੋਂ ਛੁੱਟੀ ‘ਤੇ ਚੱਲ ਰਹੇ ਸਨ। ਜਿਵੇਂ ਹੀ ਇਹ ਮਨਹੂਸ ਖ਼ਬਰ ਮਿਲੀ ਤਾਂ ਸਮੁੱਚਾ ਅਦਾਰਾ ਸੁੰਨ ਹੋ ਗਿਆ ਕਿਉਂਕਿ ਉਹ ਸਮੁੱਚੇ ਸਟਾਫ਼ ਨਾਲ ਦੋਸਤਾਂ ਵਾਂਗ ਰਹਿੰਦੇ ਸਨ।
ਸ਼ੰਗਾਰਾ ਸਿੰਘ ਭੁੱਲਰ ਨੇ ਅਪਣੇ ਜੀਵਨ ‘ਚ ਪੱਤਰਕਾਰੀ ਦੇ ਖੇਤਰ ‘ਚ ਕਾਫ਼ੀ ਅਹਿਮ ਯੋਗਦਾਨ ਪਾਇਆ। ਉਨ੍ਹਾਂ ਬਤੌਰ ਸੰਪਾਦਕ ਪੰਜਾਬੀ ਟ੍ਰਿਬਿਊਨ, ਦੇਸ਼ ਵਿਦੇਸ਼ ਟਾਈਮਜ਼, ਪੰਜਾਬੀ ਜਾਗਰਣ ਅਤੇ ਰੋਜ਼ਾਨਾ ਸਪੋਕਸਮੈਨ ‘ਚ ਲੰਮਾ ਸਮਾਂ ਸੇਵਾ ਨਿਭਾਈ। ਸ. ਭੁੱਲਰ ਹਰ ਵਿਸ਼ੇ ‘ਤੇ ਬੇਬਾਕੀ ਨਾਲ ਲਿਖਦੇ ਰਹੇ ਜਿਸ ਕਾਰਨ ਦੇਸ਼-ਵਿਦੇਸ਼ ‘ਚ ਉਨ੍ਹਾਂ ਨੂੰ ਚਾਹੁਣ ਵਾਲੇ ਹਜ਼ਾਰਾਂ ਪਾਠਕ ਹਨ।
ਪੱਤਰਕਾਰੀ ਖੇਤਰ ਵਿਚ ਪਾਏ ਯੋਗਦਾਨ ਸਦਕਾ ਸ਼ੰਗਾਰਾ ਸਿੰਘ ਭੁੱਲਰ ਨੂੰ ਭਾਸ਼ਾ ਵਿਭਾਗ, ਪੰਜਾਬ ਵਲੋਂ ‘ਸ਼੍ਰੋਮਣੀ ਪੱਤਰਕਾਰ’ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ। ਸ. ਭੁੱਲਰ ਦੇ ਦਿਹਾਂਤ ਨਾਲ ਪੱਤਰਕਾਰੀ ਜਗਤ ਨੂੰ ਭਾਰੀ ਘਾਟਾ ਪਿਆ ਹੈ। ਉਨ੍ਹਾਂ ਦੇ ਦਿਹਾਂਤ ‘ਤੇ ਸਪੋਕਸਮੈਨ ਅਦਾਰੇ ਵਲੋਂ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ, ਮੈਨੇਜਿੰਗ ਡਾਇਰੈਕਟਰ ਬੀਬੀ ਜਗਜੀਤ ਕੌਰ, ਅਸਿਸਟੈਂਟ ਐਡੀਟਰ ਬੀਬੀ ਨਿਮਰਤ ਕੌਰ ਤੋਂ ਇਲਾਵਾ ਸਮੁੱਚੇ ਸਟਾਫ਼ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ ਤੇ ਪ੍ਰਭੂ ਅੱਗੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ।
 ਮੁੱਖ ਮੰਤਰੀ ਤੇ ਉਨ੍ਹਾਂ ਦੇ ਮੀਡੀਆ ਸਲਾਹਕਾਰ ਵਲੋਂ ਦੁੱਖ ਦਾ ਪ੍ਰਗਟਾਵਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਪੱਤਰਕਾਰ ਸ਼ੰਗਾਰਾ ਸਿੰਘ ਭੁੱਲਰ ਦੇ ਦਿਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਅਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਸ਼ੰਗਾਰਾ ਸਿੰਘ ਭੁੱਲਰ ਨੂੰ ਚੰਗਾ ਪੱਤਰਕਾਰ ਤੇ ਇਕ ਵਧੀਆ ਇਨਸਾਨ ਦਸਿਆ ਜੋ ਗੁਣਵਾਨ ਤੇ ਚੰਗੇ ਦਿਲ ਵਾਲੇ ਸਨ। ਉਨ੍ਹਾਂ ਕਿਹਾ ਕਿ ਸ. ਭੁੱਲਰ ਬਹੁਪੱਖੀ ਕਾਲਮ ਨਵੀਸ ਹੋਣ ਦੇ ਨਾਲ-ਨਾਲ ਪੰਜਾਬੀ ਸਭਿਆਚਾਰ, ਸੂਬੇ ਦੇ ਸਮਾਜਿਕ, ਆਰਥਕ ਤੇ ਧਾਰਮਕ ਦ੍ਰਿਸ਼ਟੀਕੋਣਾਂ ਤੋਂ ਚੰਗੀ ਤਰ੍ਹਾਂ ਜਾਣੂੰ ਸਨ। ਉਨ੍ਹਾਂ ਹਮੇਸ਼ਾ ਪ੍ਰੈੱਸ ਦੀ ਆਜ਼ਾਦੀ ਲਈ ਕੰਮ ਕੀਤਾ ਅਤੇ ਪੰਜਾਬੀ ਭਾਸ਼ਾ, ਸਾਹਿਤ ਤੇ ਪੱਤਰਕਾਰੀ ਦੇ ਪ੍ਰਚਾਰ ਤੇ ਪਸਾਰ ਲਈ ਮੋਹਰੀ ਹੋ ਕੇ ਕੰਮ ਕੀਤਾ।
ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸ਼ੰਗਾਰਾ ਸਿੰਘ ਭੁੱਲਰ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ
ਪੰਜਾਬ ਦੇ ਸਾਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੀਨੀਅਰ ਪੱਤਰਕਾਰ ਸ਼ੰਗਾਰਾ ਸਿੰਘ ਭੁੱਲਰ ਦੇ ਦਿਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈੱਸ ਬਿਆਨ ਵਿਚ ਕਿਹਾ ਕਿ ਸ. ਭੁੱਲਰ ਦੇ ਤੁਰ ਜਾਣ ਉਤੇ ਜਿਥੇ ਪੱਤਰਕਾਰੀ ਖੇਤਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ, ਉਥੇ ਉਨ੍ਹਾਂ ਨੇ ਵੀ ਅਪਣਾ ਨਿੱਜੀ ਦੋਸਤ ਗੁਆ ਲਿਆ।
ਉਨ੍ਹਾਂ ਕਿਹਾ ਕਿ ਸ. ਭੁੱਲਰ ਨੇ ਉਨ੍ਹਾਂ ਦੇ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਭੁੱਲਰ ਤੋਂ ਉਠ ਕੇ ਪੱਤਰਕਾਰੀ ਖੇਤਰ ਵਿਚ ਨਵੀਆਂ ਸਿਖਰਾਂ ਛੂਹੀਆਂ। ਸ. ਰੰਧਾਵਾ ਨੇ ਕਿਹਾ ਕਿ ਸ਼ਿੰਗਾਰਾ ਸਿੰਘ ਭੁੱਲਰ ਦੀ ਪੰਜਾਬੀ ਪੱਤਰਕਾਰੀ ਨੂੰ ਬਹੁਤ ਵੱਡੀ ਦੇਣ ਸੀ ਜਿਨ੍ਹਾਂ ਦੇ ਤੁਰ ਜਾਣ ਨਾਲ ਸਮੁੱਚੇ ਖੇਤਰ ਨੂੰ ਵੱਡਾ ਘਾਟਾ ਪਿਆ। ਉਨ੍ਹਾਂ ਕਿਹਾ ਕਿ ਸ. ਭੁੱਲਰ ਜਿੰਨੇ ਵੱਡੇ ਪੱਤਰਕਾਰ ਸਨ, ਉਨੇ ਹੀ ਵਧੀਆ ਇਨਸਾਨ ਸੀ। ਸ. ਰੰਧਾਵਾ ਨੇ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਪਿਛੇ ਪਰਵਾਰ ਨੂੰ ਭਾਣਾ ਮੰਨਣ ਦੀ ਅਰਦਾਸ ਵੀ ਕੀਤੀ।