ਪ੍ਰਿੰਸ ਹੈਰੀ ਤੇ ਮੇਗਨ ਮਾਰਕਲ ਨੇ ਸ਼ਾਹੀ ਪਰਿਵਾਰ ਛੱਡਣ ਦਾ ਲਿਆ ਫੈਸਲਾ, ਜਿਉਣਾ ਚਾਹੁੰਦੇ ਨੇ ਆਮ ਜ਼ਿੰਦਗੀ

ਲੰਡਨ : ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਦੇ ਪੋਤਰੇ ਪ੍ਰਿੰਸ ਹੈਰੀ ਨੇ ਅਪਣੀ ਪਤਨੀ ਮੇਗਨ ਮਾਰਕਲ ਨਾਲ ਮਿਲਕੇ ਬ੍ਰਿਟੇਨ ਦੀ ਸ਼ਾਹੀ ਵਿਰਾਸਤ ਨੂੰ ਛੱਡਣ ਦਾ ਫੈਸਲਾ ਲਿਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਪ੍ਰਿੰਸ ਹੈਰੀ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੀ ਪਤਨੀ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਦੇ ਪਦ ਤੋਂ ਵੱਖ ਹੋ ਰਹੇ ਹਨ। ਉਹ ਹੁਣ ਆਪਣੇ ਆਪ ਨੂੰ ਵਿੱਤੀ ਤੌਰ ‘ਤੇ ਸੁਤੰਤਰ ਬਣਾਉਣ ਲਈ ਖੁਦ ਕੰਮ ਕਰਨਗੇ। ਉਨ੍ਹਾਂ ਦੇ ਇਸ ਫੈਸਲੇ ਤੋਂ ਬਾਅਦ ਸ਼ਾਹੀ ਰਾਜ ਪਰਿਵਾਰ ਕਾਫੀ ਨਿਰਾਸ਼ ਹੈ।

ਦੱਸ ਦਈਏ ਕਿ ਬ੍ਰਿਟੇਨ ਦੇ ਸ਼ਾਹੀ ਮੈਂਬਰ ਪ੍ਰਿੰਸ ਹੈਰੀ ਦਾ ਵਿਆਹ ਮਈ, 2018 ‘ਚ ਅਮਰੀਕਾ ਦੀ ਮੇਗਨ ਮਾਰਕਲ ਨਾਲ ਹੋਇਆ ਸੀ। ਮਈ, 2019 ‘ਚ ਸ਼ਾਹੀ ਜੋੜੇ ਨੇ ਆਪਣੇ ਪਹਿਲੇ ਬੱਚੇ ਆਰਚੀ ਹੈਰੀਸਨ ਮਾਊਂਟਬੈਟਨ ਵਿੰਡਸਰ ਨੂੰ ਜਨਮ ਦਿੱਤਾ ਸੀ। ਸ਼ਾਹੀ ਜੋੜੇ ਦੇ ਵਿਆਹ ਤੋਂ ਬਾਅਦ ਦੋਵਾਂ ਨੂੰ ਡਿਊਕ ਐਂਡ ਡਚੇਜ਼ ਆਫ ਸਸੈਕਸ (The Duke and Duchess of Sussex) ਦੇ ਖਿਤਾਬ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

ਪ੍ਰਿੰਸ ਹੈਰੀ ਤੇ ਮੈਗਨ ਨੇ ਆਪਣੇ ਇੰਸਟਾਗ੍ਰਾਮ ਪੇਜ਼ ‘ਤੇ ਪੋਸਟ ਸ਼ੇਅਰ ਕੀਤੀ ਹੈ, ” ਮਹਾਰਾਣੀ ਐਲਿਜ਼ਾਬੈਥ, ਰਾਸ਼ਟਰਮੰਡਲ ਤੇ ਸਹਾਇਕਾਂ ਦੇ ਪ੍ਰਤੀ ਆਪਣੇ ਫਰਜ਼ ਨੂੰ ਜਾਰੀ ਰੱਖਦੇ ਹੋਏ ਹੁਣ ਅਸੀਂ ਯੂਨਾਈਟਡ ਕਿੰਗਡਮ ਤੇ ਉੱਤਰੀ ਅਮਰੀਕਾ ‘ਚ ਆਪਣਾ ਸਮਾਂ ਬਿਤਾਉਣ ਦੀ ਯੋਜਨਾ ਬਣਾ ਰਹੇ ਹਾਂ। ਅਸੀਂ ਸ਼ਾਹੀ ਪਰਿਵਾਰ ਦੇ ਅਹੁਦੇ ਤੋਂ ਅਲੱਗ ਹੋ ਰਹੇ ਹਾਂ, ਪਰ ਮਹਾਰਾਣੀ ਨੂੰ ਹਮੇਸ਼ਾ ਸਾਡਾ ਸਮਰਥਨ ਰਹੇਗਾ।
ਇਸ ਸਮੇਂ ਪ੍ਰਿੰਸ ਹੈਰੀ (35) ਬ੍ਰਿਟਿਸ਼ ਰਾਜ ਗੱਦੀ ਲਈ ਛੇਵੇਂ ਨੰਬਰ ‘ਤੇ ਹਨ। ਪਿਛਲੇ ਕੁਝ ਸਮੇਂ ਤੋਂ ਹੈਰੀ ਤੇ ਮੇਗਨ ਦੋਵਾਂ ਦੇ ਬ੍ਰਿਟਿਸ਼ ਅਖਰਬਾਰਾਂ ਨਾਲ ਤਣਾਅਪੂਰਨ ਸਬੰਧ ਰਹੇ ਹਨ। ਪ੍ਰਿੰਸ ਹੈਰੀ ਤੇ ਮੇਗਨ ਨੇ ਦੱਸਿਆ ਕਿ ਉਹ ਮਿਲਕੇ ਇੱਕ ਚੈਰਿਟੀ (ਸੰਸਥਾ) ਬਣਾਉਣਗੇ ਤੇ ਭਵਿੱਖ ‘ਚ ਵਿੱਤੀ ਤੌਰ ‘ਤੇ ਸੁਤੰਤਰ ਹੋਣ ਲਈ ਕੰਮ ਕਰਨਗੇ।

 ਹਰਜਿੰਦਰ ਛਾਬੜਾ – ਪਤਰਕਾਰ 9592282333