ਪ੍ਰਿੰਸ ਹੈਰੀ ਅਤੇ ਮੇਘਨ ਕੈਨੇਡਾ ਤੋਂ ਅਮਰੀਕਾ ਰਵਾਨਾ

ਲੰਡਨ– ਬ੍ਰਿਟੇਨ ਦੇ ਪ੍ਰਿੰਸ ਹੈਰੀ (35) ਅਤੇ ਉਸ ਦੀ ਪਤਨੀ ਮੇਘਨ ਮਰਕਲ (38) ਆਪਣੇ 10 ਮਹੀਨਿਆਂ ਦੇ ਬੇਟੇ ਆਰਚੀ ਨਾਲ ਅਮਰੀਕਾ ’ਚ ਵਸਣ ਲਈ ਕੈਨੇਡਾ ਤੋਂ ਰਵਾਨਾ ਹੋ ਗਏ ਹਨ। ‘ਦਿ ਸਨ’ ਅਖ਼ਬਾਰ ਦੇ ਸੂਤਰਾਂ ਮੁਤਾਬਕ ਕੈਨੇਡਾ ’ਚ ਲੌਕਡਾਊਨ ਤੋਂ ਪਹਿਲਾਂ ਦੋਵੇਂ ਜਣੇ ਪ੍ਰਾਈਵੇਟ ਜੈੱਟ ਰਾਹੀਂ ਕੈਨੇਡਾ ਤੋਂ ਨਿਕਲ ਗਏ। ਸੂਤਰਾਂ ਮੁਤਾਬਕ ਉਹ ਲਾਸ ਏਂਜਲਸ ਇਲਾਕੇ ’ਚ ਆਪਣਾ ਟਿਕਾਣਾ ਬਣਾਉਣਗੇ। ਉਂਜ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ਰਾਹੀਂ ਲੋਕਾਂ ਨੂੰ ਸੁਨੇਹੇ ਭੇਜ ਕੇ ਕਰੋਨਾਵਾਇਰਸ ਦੌਰਾਨ ਆਪਣੀ ਹਮਾਇਤ ਦਿੱਤੀ ਸੀ। ਇਕ ਸੁਨੇਹੇ ’ਚ ਉਨ੍ਹਾਂ ਬਹਾਦਰ ਅਤੇ ਸਮਰਪਿਤ ਸਿਹਤ ਸੰਭਾਲ ਮਾਹਿਰਾਂ ਅਤੇ ਕਾਮਿਆਂ ਦੀ ਸ਼ਲਾਘਾ ਕੀਤੀ ਸੀ ਜੋ ਆਪਣੀ ਜਾਨ ਖ਼ਤਰੇ ’ਚ ਪਾ ਕੇ ਕਰੋਨਾਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਦੇਖਭਾਲ ਕਰ ਰਹੇ ਹਨ। ਉਨ੍ਹਾਂ ਦੇ ਕੈਨੇਡਾ ਤੋਂ ਅਮਰੀਕਾ ਜਾਣ ਦੀ ਖ਼ਬਰ ਉਸ ਸਮੇਂ ਆਈ ਹੈ ਜਦੋਂ ਇਕ ਦਿਨ ਪਹਿਲਾਂ ਹੈਰੀ ਦੇ ਪਿਤਾ ਪ੍ਰਿੰਸ ਚਾਰਲਸ ਕਰੋਨਾਵਾਇਰਸ ਤੋਂ ਪੀੜਤ ਐਲਾਨੇ ਗਏ ਸਨ। ਸੂਤਰਾਂ ਮੁਤਾਬਕ ਜੋੜੇ ਨੇ ਮਹਿਸੂਸ ਕੀਤਾ ਸੀ ਕਿ ਕੈਨੇਡਾ ’ਚ ਉਨ੍ਹਾਂ ਦੀ ਗੱਲ ਨਹੀਂ ਬਣਨ ਵਾਲੀ ਹੈ ਅਤੇ ਅਮਰੀਕਾ ’ਚ ਉਹ ਆਪਣੀਆਂ ਖਾਹਿਸ਼ਾਂ ਪੂਰੀਆਂ ਕਰ ਸਕਦੇ ਹਨ। ਉਥੇ ਉਨ੍ਹਾਂ ਦੇ ਹੌਲੀਵੁੱਡ ਏਜੰਟ ਅਤੇ ਪੀਆਰ ਦੀ ਨਵੀਂ ਟੀਮ ਮੌਜੂਦ ਹੈ।